ਕਿੰਨਾਂ ਸੌਖਾ ਹੁੰਦੈ, ਲੱਖਾਂ ਲੋਕਾਂ ਦੇ ਉਜਾੜੇ ਦਾ ਕਾਰਨ ਬਣਨ ਵਾਲਿਆਂ ਨੂੰ ਬਰੀ ਕਰ ਦੇਣਾ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Aug 25 2019 15:53
Reading time: 2 mins, 18 secs

ਜਿੰਨੀ ਆਸਾਨੀ ਨਾਲ ਪੰਜਾਬ ਸਰਕਾਰ ਨੇ ਭਾਖੜਾ ਮੈਨੇਜਮੈਂਟ ਬੋਰਡ ਨੂੰ ਕਲੀਨ ਚਿੱਟ ਦੇ ਕੇ ਹੜ੍ਹਾਂ ਦਾ ਸਾਰਾ ਦੋਸ਼ ਕੁਦਰਤ ਦੇ ਮੱਥੇ ਮੜ੍ਹ ਦਿੱਤਾ ਹੈ, ਉਸ ਤੋਂ ਤਾਂ ਨਹੀਂ ਜਾਪਦਾ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਸਰਕਾਰ ਸੂਬੇ ਵਿੱਚ ਆਏ ਹੜ੍ਹਾਂ ਤੋਂ ਕੋਈ ਸਬਕ ਸਿੱਖ ਪਾਏਗੀ। ਦੋਸਤੋਂ ਹੋ ਸਕਦੈ, ਇਸ ਵਿੱਚ ਵੀ ਸਾਡੇ ਮੁੱਖ ਮੰਤਰੀ ਦੀ ਕੋਈ ਮਜਬੂਰੀ ਹੋਵੇ, ਕਿਉਂਕਿ ਉਨ੍ਹਾਂ ਨੇ ਤਾਂ ਰਾਜ ਕਰਨਾ ਹੈ, ਸਿਰਫ਼ ਰਾਜ ਤੇ ਉਹ ਵੀ ਕੇਂਦਰ ਸਰਕਾਰ ਦੇ ਰਹਿਮੋ ਕਰਮ ਤੇ। ਅਲੋਚਕਾਂ ਅਨੁਸਾਰ ਰਾਜਾ ਜੀ ਨੂੰ ਭਾਖੜਾ ਬੋਰਡ ਨੂੰ ਬਰੀ ਕਰਨ ਲੱਗੇ ਜ਼ਮੀਨੀ ਹਕੀਕਤ ਨੂੰ ਵੀ ਨਜ਼ਰ ਅੰਦਾਜ਼ ਨਹੀਂ ਸੀ ਕਰਨਾ ਚਾਹੀਦਾ ਜਿਹੜੀ ਕਿ ਕੁਝ ਵੱਖਰਾ ਹੀ ਬਿਆਨ ਕਰਦੀ ਹੋਈ ਨਜ਼ਰ ਆ ਰਹੀ ਹੈ।

ਦੋਸਤੋਂ, ਜੇਕਰ ਪੰਜਾਬ ਵਿੱਚ ਆਏ ਹੜ੍ਹਾਂ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਤਾਂ, ਹਕੀਕਤ ਕੋਈ ਹੋਰ ਹੀ ਸਾਹਮਣੇ ਆਵੇਗੀ। ਜੇਕਰ ਭਾਖੜਾ ਮੈਨੇਜਮੈਂਟ ਬੋਰਡ ਦੀ ਹੀ, ਮੰਨੀਏ ਤਾਂ ਜਦੋਂ ਤੱਕ ਡੈਮ ਵਿੱਚਲੇ ਪਾਣੀ ਦਾ ਪੱਧਰ 1680 ਫ਼ੁੱਟ ਤੋਂ ਹੇਠਾਂ ਹੈ, ਉਸ ਨੂੰ ਡੈਮ ਲਈ ਖ਼ਤਰਾ ਨਹੀਂ ਮੰਨਿਆ ਜਾ ਸਕਦਾ। 1675 ਫ਼ੁੱਟ ਤੇ ਅਲਰਟ ਮਾਰਕ ਲੱਗਾ ਹੋਇਆ ਹੈ, ਯਾਨੀ ਕਿ ਪਾਣੀ ਦਾ ਪੱਧਰ 1675 ਫ਼ੁੱਟ ਤੇ ਪਹੁੰਚਦਿਆਂ ਹੀ ਚੌਕਸੀ ਜਾਰੀ ਕਰ ਦੇਣੀ ਲਾਜ਼ਮੀ ਹੋ ਜਾਂਦੀ ਹੈ।

ਜੇਕਰ ਸਾਡੇ ਸੂਤਰ ਗਲਤ ਨਹੀਂ ਹਨ ਤਾਂ ਇਸ ਵਾਰ ਪਾਣੀ ਦਾ ਪੱਧਰ 1689.70 ਫ਼ੁੱਟ ਤੱਕ ਜਾਣ ਦਿੱਤਾ ਗਿਆ ਅਤੇ ਬਾਅਦ ਵਿੱਚ ਡੈਮ ਨੂੰ ਖ਼ਤਰਾ ਦੱਸ ਕੇ ਅਚਾਨਕ ਫਲੱਡ ਗੇਟ ਖੋਲ੍ਹਣ ਦਾ ਐਲਾਨ ਕਰ ਦਿੱਤਾ ਗਿਆ। ਲੋਕਾਂ ਨੂੰ ਸੰਭਲਣ ਤੱਕ ਦਾ ਮੌਕਾ ਨਹੀਂ ਦਿੱਤਾ ਬੋਰਡ ਨੇ ਤੇ ਸਰਕਾਰਾਂ ਨੇ। ਦੋਸਤੋਂ, ਜੇਕਰ ਸੂਤਰਾਂ ਵੱਲੋਂ ਦਿੱਤੀ ਜਾਣਕਾਰੀ ਨੂੰ ਗਲਤ ਵੀ ਠਹਿਰਾ ਦਿੱਤਾ ਜਾਵੇ ਤਾਂ ਸਵਾਲ ਫਿਰ ਵੀ ਪੈਦਾ ਹੁੰਦਾ ਹੈ ਕਿ ਆਖ਼ਰ ਪਾਣੀ ਦਾ ਪੱਧਰ ਖ਼ਤਰੇ ਦੇ ਲੈਵਲ ਤੇ ਪਹੁੰਚਣ ਦਾ ਇੰਤਜ਼ਾਰ ਹੀ ਕਿਉਂ ਕੀਤਾ ਗਿਆ? ਕਿਉਂ ਨਹੀਂ ਪਾਣੀ ਨੂੰ ਰੁਕ ਰੁਕ ਕੇ ਅਤੇ ਥੋੜ੍ਹਾ ਥੋੜ੍ਹਾ ਛੱਡਿਆ ਗਿਆ?

ਦੋਸਤੋਂ, ਬੀ.ਬੀ.ਐੱਮ.ਬੀ. ਦੇ ਟੈਕਨੀਕਲ ਸੂਤਰਾਂ ਦਾ ਮੰਨਣਾ ਹੈ ਕਿ ਇਸ ਜੇਕਰ ਭਾਖੜਾ ਦੇ ਪਾਣੀ ਨੂੰ ਅਲਰਟ ਲੈਵਲ ਤੇ ਪਹੁੰਚਦਿਆਂ ਹੀ ਥੋੜ੍ਹਾ ਥੋੜ੍ਹਾ ਕਰਕੇ ਛੱਡਣਾ ਸ਼ੁਰੂ ਕਰ ਦਿੱਤਾ ਜਾਂਦਾ ਤਾਂ ਪਾਣੀ ਨੇ ਕਦੇ ਵੀ ਇੰਨਾ ਨੁਕਸਾਨ ਨਹੀਂ ਕਰਨਾ ਜਿੰਨਾਂ ਕਿ ਇਸ ਨੇ ਹੁਣ ਕਰ ਦਿੱਤਾ ਹੈ। ਅਲੋਚਕ ਕਹਿੰਦੇ ਹਨ ਜੇਕਰ ਸਮੇਂ ਦੀਆਂ ਸਰਕਾਰਾਂ, ਸੂਬੇ ਵਿੱਚ ਆਏ ਹੜ੍ਹਾਂ ਦੇ ਅਸਲ ਕਾਰਨਾਂ ਤੱਕ ਪਹੁੰਚਣਾ ਹੀ ਚਾਹੁੰਦੀਆਂ ਹਨ ਤਾਂ ਜਾਂਚ ਕਰਨ ਦੇ ਨਾਲ ਨਾਲ ਬੋਰਡ ਦੇ ਕੁਝ ਚੁਣਿੰਦਾ ਉੱਚ ਅਧਿਕਾਰੀਆਂ ਨੂੰ ਦੋ ਚਾਰ ਦਿਨ ਰਿਮਾਂਡ ਤੇ ਲੈ ਕੇ ਵੇਖ ਲਵੋ, ਸਭ ਤੋਤੇ ਵਾਂਗ ਬੋਲਣ ਲੱਗ ਪੈਣਗੇ।

ਸਿਸਟਮ ਤੋਂ ਅੱਕੇ ਤੇ ਖਿਝੇ ਹੋਏ ਲੋਕਾਂ ਦਾ ਕਹਿਣਾ ਹੈ ਕਿ ਬੀ.ਬੀ.ਐੱਮ.ਬੀ. ਦੇ ਅਧਿਕਾਰੀ ਕੋਈ ਬੱਚੇ ਤਾਂ ਹਨ ਨਹੀਂ, ਜਿਹੜਾ ਕਿ ਉਹ ਜਾਣਦੇ ਨਹੀਂ ਸਨ ਕਿ ਝੀਲ ਵਿੱਚ ਕਿੰਨਾ ਪਾਣੀ ਆ ਰਿਹਾ ਹੈ ਤੇ ਕਿੰਨਾਂ ਛੱਡਣ ਨਾਲ ਇਹ ਪੰਜਾਬ ਲਈ ਖ਼ਤਰਾ ਨਹੀਂ ਬਣੇਗਾ। ਸਭ ਕੁਝ ਜਾਣਦੇ ਸਨ ਉਹ, ਬਾਵਜੂਦ ਇਸਦੇ ਉਨ੍ਹਾਂ ਨੇ ਡੈਮ ਨੂੰ ਪੰਜਾਬ ਦੇ ਉਜਾੜੇ ਦਾ ਕਾਰਨ ਬਣਨ ਦਿੱਤਾ। ਕਿੰਨਾਂ ਸੌਖਾ ਹੁੰਦੈ ਲੱਖਾਂ ਲੋਕਾਂ ਦੇ ਉਜਾੜੇ ਦਾ ਕਾਰਨ ਬਣਨ ਵਾਲੇ ਲੋਕਾਂ ਨੂੰ ਬਿਨਾਂ ਜਾਂਚ ਪੜਤਾਲ ਬਰੀ ਕਰ ਦੇਣਾ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।