ਗਲਤੀਆਂ ਸਰਕਾਰਾਂ ਦੀਆਂ, ਭੁਗਤ ਰਹੇ ਨੇ ਲੋਕ.!!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Aug 25 2019 11:37
Reading time: 2 mins, 51 secs

ਪੰਜਾਬ ਸੂਬੇ ਸਮੇਤ ਭਾਰਤ ਦੇ ਅੱਧੀ ਦਰਜਨ ਦੇ ਕਰੀਬ ਸੂਬਿਆਂ ਦੇ ਵਿੱਚ ਇਸ ਵੇਲੇ ਹੜ੍ਹ ਆਏ ਹੋਏ ਹਨ ਅਤੇ ਇਸ ਹੜ੍ਹ ਦੇ ਕਾਰਨ ਕਈ ਲੋਕਾਂ ਦੀਆਂ ਜਾਨਾਂ ਵੀ ਜਾ ਚੁੱਕੀਆਂ ਹਨ। ਵੇਖਿਆ ਜਾਵੇ ਤਾਂ ਸਰਕਾਰਾਂ ਅਤੇ ਪ੍ਰਸਾਸ਼ਨਿਕ ਅਧਿਕਾਰੀਆਂ ਦੇ ਵੱਲੋਂ ਹੜਾਂ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਉਹ ਆਪਣੀਆਂ ਕੋਸ਼ਿਸਾਂ ਦੇ ਵਿੱਚ ਨਾਕਾਮ ਸਾਬਤ ਹੋ ਰਹੇ ਹਨ। ਕਿਉਂਕਿ ਕਥਿਤ ਤੌਰ 'ਤੇ ਸਰਕਾਰਾਂ ਅਤੇ ਅਧਿਕਾਰੀਆਂ ਦੀਆਂ ਗਲਤੀਆਂ ਦੇ ਕਾਰਨ ਹੀ ਇਹ ਹੜ੍ਹ ਆਏ ਹਨ। ਜੇਕਰ ਪੰਜਾਬ ਸੂਬੇ ਦੀ ਗੱਲ ਕਰੀਏ ਤਾਂ ਪੰਜਾਬ ਦੇ ਅੰਦਰ ਤਕਰੀਬਨ ਹੀ ਸਾਰੇ ਜ਼ਿਲ੍ਹੇ ਹੜ੍ਹਾਂ ਦੇ ਕਾਰਨ ਪ੍ਰਭਾਵਿਤ ਹੋਏ ਪਏ ਹਨ। ਇਥੋਂ ਤੱਕ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਾ ਜ਼ਿਲ੍ਹਾ ਪਟਿਆਲਾ ਵੀ ਨਹੀਂ ਬਚ ਸਕਿਆ, ਨਾ ਹੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਹਲਕਾ ਬਠਿੰਡਾ ਅਤੇ ਸੁਖਬੀਰ ਬਾਦਲ ਦਾ ਹਲਕਾ ਫਿਰੋਜ਼ਪੁਰ ਹੜ੍ਹ ਤੋਂ ਬਚ ਸਕਿਆ। ਕੁਲ ਮਿਲਾ ਕੇ ਕਹਿ ਸਕਦੇ ਹਨ ਕਿ ਜਿਹੜੇ ਲੀਡਰ ਲੋਕਾਂ ਦੇ ਨਾਲ ਵੱਡੇ-ਵੱਡੇ ਵਾਅਦੇ ਕਰਕੇ ਸੱਤਾ ਵਿੱਚ ਆਏ ਸਨ, ਉਨ੍ਹਾਂ ਦੇ ਇਲਾਕੇ ਵੀ ਹੜ੍ਹਾਂ ਨਾਲ ਪ੍ਰਭਾਵਿਤ ਹੋ ਚੁੱਕੇ ਹਨ। 

ਜਦੋਂ ਹੜ੍ਹਾਂ ਵਰਗੀ ਸਥਿਤੀ ਬਣਦੀ ਹੈ ਤਾਂ ਕਈ ਅਹਿਮ ਸਵਾਲ ਪੈਦਾ ਹੁੰਦੇ ਹਨ, ਕਿ ਆਖ਼ਰ ਇਹ ਹੜ੍ਹ ਆਏ ਕਿਉਂ? ਕਿਸ ਦੀ ਗਲਤੀ ਕਾਰਨ ਆਏ? ਕੀ ਵਜ੍ਹਾ ਹੈ? ਡੈਮਾਂ ਵਿੱਚ ਪਾਣੀ ਕਿਥੋਂ ਆਇਆ? ਨਹਿਰਾਂ ਅਤੇ ਦਰਿਆਵਾਂ ਤੋਂ ਇਲਾਵਾ ਖਾਲਿਆਂ ਦੇ ਵਿੱਚ ਇਨ੍ਹਾਂ ਪਾਣੀ ਕਿਉਂ ਵਧਿਆ? ਕੀ ਨਹਿਰਾਂ, ਖਾਲਿਆਂ ਅਤੇ ਦਰਿਆਵਾਂ ਦੀ ਸਫ਼ਾਈ ਹੋਈ? ਕੀ ਸਫ਼ਾਈ ਕਰਨ ਵਾਲੇ ਕਰਮਚਾਰੀ ਸਰਕਾਰੀ ਸਨ ਜਾਂ ਫਿਰ ਪ੍ਰਾਈਵੇਟ? ਕੀ ਹੜ੍ਹਾਂ ਆਉਣ ਦਾ ਸਰਕਾਰ ਅਤੇ ਅਧਿਕਾਰੀਆਂ ਨੂੰ ਪਹਿਲੋਂ ਪਤਾ ਸੀ? ਅਜਿਹੇ ਬਹੁਤ ਸਾਰੇ ਹੋਰ ਵੀ ਸਵਾਲ ਹਨ, ਜਿਨ੍ਹਾਂ ਦਾ ਜਵਾਬ ਕਦੇ ਵੀ ਸੌਖਾ ਨਹੀਂ ਮਿਲਦਾ। ਦੋਸਤੋਂ, ਦੱਸ ਤੁਹਾਨੂੰ ਦਈਏ ਕਿ ਸੂਬੇ ਪੰਜਾਬ ਦੇ ਅੰਦਰ ਇਸ ਵੇਲੇ ਜੋ ਵੀ ਹੜ੍ਹ ਆਏ ਹਨ, ਇਸ ਦੀ ਸਿੱਧੇ ਤੌਰ 'ਤੇ ਹੀ ਜਿੰਮੇਵਾਰ ਪੰਜਾਬ ਦੀ ਕੈਪਟਨ ਅਤੇ ਕੇਂਦਰ ਦੀ ਮੋਦੀ ਸਰਕਾਰ ਨੂੰ ਮੰਨ ਲਿਆ ਜਾਵੇ ਤਾਂ, ਕੁਝ ਵੀ ਗਲਤ ਨਹੀਂ ਹੋਵੇਗਾ। ਕਿਉਂਕਿ ਕੋਈ ਵੀ ਲੋਕਾਂ 'ਤੇ ਆਫ਼ਤ ਆਉਂਦੀ ਹੈ ਤਾਂ ਇਸ ਦੀ ਸਿੱਧੇ ਤੌਰ 'ਤੇ ਹੀ ਜਿੰਮੇਵਾਰ ਸਰਕਾਰ ਹੀ ਹੁੰਦੀ ਹੈ, ਜੋ ਕਿ ਆਫ਼ਤ ਆਉਣ ਤੋਂ ਪਹਿਲੋਂ ਉਸ ਨਾਲ ਨਜਿੱਠਣ ਦੇ ਪ੍ਰਬੰਧ ਨਹੀਂ ਕਰਦੀ। 

ਦੋਸਤੋਂ, ਇਸ ਵਰ੍ਹੇ ਵੀ ਬਿਲਕੁਲ ਪਿਛਲੇ ਸਾਲਾਂ ਦੀ ਤਰ੍ਹਾਂ ਹੀ ਹੋਇਆ। ਦਰਅਸਲ, ਨਹਿਰਾਂ, ਖਾਲਿਆਂ ਤੋਂ ਇਲਾਵਾ ਦਰਿਆਵਾਂ ਦੀ ਸਫ਼ਾਈ ਦੇ ਨਾਂਅ 'ਤੇ ਆਏ ਕਰੋੜਾਂ ਰੁਪਏ ਦਾ ਬਜ਼ਟ ਪਤਾ ਨਹੀਂ ਕਿਹੜੇ ਖ਼ੂਹ ਖਾਤੇ ਪੈ ਗਿਆ, ਕਿਸੇ ਨੂੰ ਕੁਝ ਵੀ ਪਤਾ ਨਹੀਂ? ਕਿਉਂਕਿ ਜੇਕਰ ਨਹਿਰਾਂ, ਖਾਲਿਆਂ ਅਤੇ ਦਰਿਆਵਾਂ ਦੀ ਸਫ਼ਾਈ ਚੰਗੀ ਤਰ੍ਹਾ ਹੋਈ ਹੋਵੇ ਤਾਂ ਕਦੇ ਵੀ ਹੜ੍ਹਾਂ ਵਰਗੀ ਸਥਿਤੀ ਨਹੀਂ ਬਣ ਸਕਦੀ। ਭਾਵੇਂ ਹੀ ਸਰਕਾਰ ਇਸ ਦਾ ਦੋਸ਼ੀ ਕੁਦਰਤ ਅਤੇ ਆਮ ਲੋਕਾਂ ਨੂੰ ਮੰਨ ਰਹੀ ਹੈ, ਪਰ ਸਿੱਧੇ ਤੌਰ 'ਤੇ ਦੋਸ਼ੀ ਤਾਂ ਸਰਕਾਰ ਹੈ। ਦੱਸ ਦਈਏ ਕਿ ਸਰਕਾਰ ਦੀਆਂ ਗਲਤੀਆਂ ਦਾ ਖ਼ਮਿਆਜਾ ਹਮੇਸ਼ਾਂ ਹੀ ਲੋਕਾਂ ਨੂੰ ਭੁਗਤਣਾ ਪੈਂਦਾ ਹੈ। ਭਾਵੇਂ ਅਕਾਲੀ ਭਾਜਪਾ ਸਰਕਾਰ ਹੋਵੇ, ਕਾਂਗਰਸ ਹੋਵੇ ਜਾਂ ਫਿਰ ਕਿਸੇ ਹੋਰ ਪਾਰਟੀ ਦੀ ਸਰਕਾਰ ਹੋਵੇ। ਇਨ੍ਹਾਂ ਸਰਕਾਰਾਂ ਦੀਆਂ ਗਲਤੀਆਂ ਦੇ ਕਾਰਨ ਹੀ ਭਾਰਤ ਦਿਨ ਪ੍ਰਤੀ ਦਿਨ ਉਪਰ ਆਉਣ ਦੀ ਬਿਜਾਏ ਥੱਲੇ ਜਾ ਰਿਹਾ ਹੈ। ਹੁਣ ਸਾਡੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲਈ ਕਰੋੜਾਂ ਰੁਪਏ ਦਾ ਐਲਾਨ ਕਰ ਰਹੇ ਹਨ ਅਤੇ ਕਿਸਾਨਾਂ ਨੂੰ ਮੁਆਵਜ਼ੇ ਆਦਿ ਦੇਣ ਦੀ ਗੱਲ ਕਰ ਰਹੇ ਹਨ। ਪਰ ਜੇਕਰ ਮੁਆਵਜ਼ੇ ਦੇਣ ਤੋਂ ਪਹਿਲੋਂ ਹੀ ਸਰਕਾਰ ਆਪਣੇ ਪ੍ਰਬੰਧ ਮੁਕੰਮਲ ਕਰਕੇ ਰੱਖੇ ਤਾਂ ਕਦੇ ਵੀ ਕਿਸੇ ਨੂੰ ਮੁਆਵਜਾ ਦੇਣਾ ਹੀ ਨਾ ਪਵੇ। ਕਿਸੇ ਦੇ ਘਰ ਢਹਿ ਗਏ, ਕਿਸੇ ਦੀ ਫ਼ਸਲ ਖਰਾਬ ਹੋ ਗਈ, ਕਿਸੇ ਦਾ ਕਾਰੋਬਾਰ ਬੰਦ ਹੋ ਗਿਆ ਅਤੇ ਕੋਈ ਖੁਦ ਭੁੱਖੇ ਮਰ ਗਏ। ਪਰ ਇਸ ਸਭ ਦੀ ਦੋਸ਼ੀ ਸਰਕਾਰ ਹੀ ਹੈ। ਮੁਆਵਜ਼ੇ ਰਾਸ਼ੀ ਜਾਰੀ ਕਰਨ ਤੋਂ ਪਹਿਲੋਂ ਜੇਕਰ ਲੋਕਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਦੇ ਵੱਲ ਸਰਕਾਰ ਧਿਆਨ ਮਾਰ ਲਵੇ ਤਾਂ ਕਦੇ ਵੀ ਪੰਜਾਬ ਦਾ ਖ਼ਜਾਨਾ ਖ਼ਾਲੀ ਨਹੀਂ ਹੋ ਸਕਦਾ। ਪਰ ਅਫ਼ਸੋਸ ਲੀਡਰਾਂ ਅੱਗੇ ਕਿਸੇ ਦਾ ਕੀ ਜ਼ੋਰ...