ਲੋਕਾਂ ਨੂੰ ਮੌਤ ਦੇ ਦੂਤ ਬਣ ਕੇ ਟੱਕਰਦੇ ਹਨ "ਪਿਤਾ ਜੀ" !!! (ਵਿਅੰਗ)

Last Updated: Aug 13 2019 18:13
Reading time: 1 min, 29 secs

ਇਹ ਇੱਕ ਵੱਡੀ ਸੱਚਾਈ ਹੈ ਕਿ, ਸਾਡੇ ਦੇਸ਼ ਵਿੱਚ ਗਊ ਨੂੰ ਮਾਂ ਦਾ ਦਰਜਾ ਪ੍ਰਾਪਤ ਹੈ, ਸ਼ਾਇਦ ਇਹੋ ਇੱਕ ਕਾਰਨ ਹੈ ਕਿ, ਲੋਕ ਗਊ ਨੂੰ ਦੇਵੀ-ਦੇਵਤਿਆਂ ਵਾਂਗ ਹੀ ਪੂਜਦੇ ਹਨ, ਤੇ ਜਿਹੜੇ ਨਹੀਂ ਪੂਜਦੇ, ਉਨ੍ਹਾਂ ਦਾ ਕੀ ਹਸ਼ਰ ਹੁੰਦਾ ਹੈ, ਸ਼ਾਇਦ ਇਹ ਬਿਆਨ ਕਰਨ ਦੀ ਜ਼ਰੂਰਤ ਨਹੀਂ ਹੈ। ਬੱਸ ਉਨ੍ਹਾਂ ਦੀਆਂ ਫ਼ੋਟੋਆਂ ਹੀ ਛਪਦੀਆਂ ਹਨ ਅਖ਼ਬਾਰਾਂ ਵਿੱਚ, ਡੰਡਾਧਾਰੀ ਲੋਕਾਂ ਦੀ ਭੀੜ ਦਰਮਿਆਨ ਫ਼ਸਿਆਂ ਦੀਆਂ।

ਦੋਸਤੋ, ਜੇਕਰ ਇਹ ਸੱਚਾਈ ਹੈ ਤਾਂ, ਸਾਨੂੰ ਸਾਰਿਆਂ ਨੂੰ, ਸਾਂਢ ਨੂੰ ਵੀ ਪਿਤਾ ਜੀ ਦਾ ਦਰਜਾ ਦੇਣ ਵਿੱਚ ਕੋਈ ਦਿੱਕਤ ਤੇ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ, ਕਿਉਂਕਿ ਸਾਂਢ ਤੋਂ ਬਿਨਾਂ ਗਊਆਂ ਦਾ ਵੰਸ਼ ਅੱਗੇ ਨਹੀਂ ਵੱਧ ਸਕਦਾ। ਪਰ ਬਾਵਜੂਦ ਇਸਦੇ ਸਾਡਾ ਸਮਾਜ ਇਸ ਸੱਚਾਈ ਨੂੰ ਕਬੂਲਣ ਨੂੰ ਤਿਆਰ ਨਹੀਂ। ਸ਼ਾਇਦ ਇਹੋ ਇੱਕ ਕਾਰਨ ਹੈ ਕਿ, ਗਊਆਂ ਨੂੰ ਤਾਂ ਘਰ ਅਤੇ ਗਊ ਸ਼ਾਲਾਵਾਂ ਨਸੀਬ ਹੋ ਜਾਂਦੀਆਂ ਹਨ ਪਰ ਸਾਂਢ ਰੂਪੀ ਪਿਤਾ ਜੀ ਨੂੰ ਲੋਕਾਂ ਦੀਆਂ ਡਾਂਗਾਂ ਅਤੇ ਕੂੜਾ ਕਰਕਟ ਖਾਣ ਲਈ ਸੜਕਾਂ ਤੇ ਅਵਾਰਾ ਘੁੰਮਣ ਲਈ ਮਜਬੂਰ ਕਰ ਦਿੱਤਾ ਜਾਂਦਾ ਹੈ। 

ਦੋਸਤੋ, ਇਸ ਵੇਲੇ ਸਾਡੇ ਦੇਸ਼ ਵਿੱਚ ਲੱਖਾਂ ਹੀ ਅਵਾਰਾ ਪਸ਼ੂ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਦੀਆਂ ਸੜਕਾਂ ਅਤੇ ਗਲੀਆਂ ਵਿੱਚ ਘੁੰਮਦੇ ਵੇਖੇ ਜਾ ਸਕਦੇ ਹਨ। ਜਿਹੜੇ ਕਿਸਾਨਾਂ ਦੀਆਂ ਪੁੱਤਾਂ ਵਾਂਗ ਪਾਲੀਆਂ ਫ਼ਸਲਾਂ ਦੀ ਤਬਾਹੀ ਤੇ ਉਜਾੜੇ ਦਾ ਤਾਂ ਕਾਰਨ ਬਣਦੇ ਹੀ ਹਨ, ਸੜਕ ਹਾਦਸਿਆਂ ਦਾ ਵੀ ਕਾਰਨ ਬਣਦੇ ਹਨ। ਹਰ ਰੋਜ਼ ਸੈਂਕੜੇ ਹੀ ਲੋਕ ਅਜਿਹੇ ਅਵਾਰਾ ਜਾਨਵਰਾਂ ਕਾਰਨ ਵਾਪਰਦੇ ਹਾਦਸਿਆਂ ਵਿੱਚ ਜਾਂ ਤਾਂ ਮਾਰੇ ਜਾਂਦੇ ਹਨ ਅਤੇ ਜਾਂ ਫਿਰ ਉਮਰ ਭਰ ਲਈ ਅਪਾਹਜ ਹੋ ਜਾਂਦੇ ਹਨ, ਪਰ ਸਰਕਾਰਾਂ ਫ਼ੇਲ੍ਹ ਹਨ।

ਦੋਸਤੋ, ਗਊ ਪੂਜਨੀਕ ਹੈ, ਇਹ ਸਾਡੇ ਧਰਮ ਗ੍ਰੰਥ ਅਤੇ ਧਰਮ ਗੁਰੂ ਵੀ ਸੁਨੇਹਾ ਦਿੰਦੇ ਹਨ ਪਰ, ਇਹ ਕਿੱਥੋਂ ਦਾ ਇਨਸਾਫ਼ ਹੈ, ਗਊ ਦੇ ਜਨਮ ਦਾਤਾ, ਉਸਦੇ ਵੰਸ਼ਜ ਨੂੰ ਅਸੀਂ ਸੜਕਾਂ ਤੇ ਅਵਾਰਾ ਘੁੰਮਣ ਅਤੇ ਸੜਕ ਹਾਦਸਿਆਂ ਦਾ ਕਾਰਨ ਬਣਨ ਲਈ ਛੱਡ ਦੇਈਏ। ਜਿਹੜੇ ਕਿ ਅਕਸਰ ਹੀ ਲੋਕਾਂ ਨੂੰ ਮੌਤ ਦੇ ਦੂਤ ਬਣਕੇ ਟੱਕਰਦੇ ਹਨ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।