ਨਸ਼ੇ ਨੇ ਕਈ ਘਰਾਂ 'ਚ ਵਿਛਾਏ ਸੱਥਰ, ਪਰ ਸਰਕਾਰ ਖਾਮੋਸ਼ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Aug 13 2019 17:30
Reading time: 2 mins, 49 secs

ਲਗਾਤਾਰ ਪੰਜਾਬ ਦੇ ਵਿੱਚ ਨਸ਼ੇ ਦਾ ਕਹਿਰ ਇਸ ਕਦਰ ਜਾਰੀ ਹੈ ਕਿ ਹੁਣ ਪੰਜਾਬ ਦੇ ਅੰਦਰ ਕੋਈ ਵੀ ਦਿਨ ਖਾਲੀ ਨਹੀਂ ਜਾ ਰਿਹਾ, ਜਿਸ ਦਿਨ ਕੋਈ ਨੌਜਵਾਨ ਨਸ਼ੇ ਦੀ ਭੇਂਟ ਨਾ ਚੜ੍ਹਿਆ ਹੋਵੇ। ਹਰ ਦਿਨ ਇੱਕ-ਦੋ ਨੌਜਵਾਨ ਨਸ਼ੇ ਦੇ ਕਾਰਨ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ਼ ਰਹੇ ਹਨ, ਪਰ ਇਸ ਪ੍ਰਤੀ ਸਰਕਾਰ ਅਤੇ ਪੁਲਿਸ ਪ੍ਰਸਾਸ਼ਨ ਭੋਰਾ ਵੀ ਸੁਹਿਰਦ ਵਿਖਾਈ ਨਹੀਂ ਦੇ ਰਿਹਾ। ਦੱਸ ਦਈਏ ਕਿ ਪੰਜਾਬ ਦੇ ਅੰਦਰ ਹੁੰਦੀਆਂ ਨਸ਼ੇ ਦੇ ਕਾਰਨ ਮੌਤਾਂ ਨੇ ਪੰਜਾਬ ਪੁਲਿਸ ਅਤੇ ਸਰਕਾਰ 'ਤੇ ਕਈ ਪ੍ਰਕਾਰ ਦੇ ਸਵਾਲ ਖੜ੍ਹੇ ਕਰਕੇ ਰੱਖ ਦਿੱਤੇ ਹਨ।

ਪਰ ਸਰਕਾਰ ਅਤੇ ਪੁਲਿਸ ਪ੍ਰਸਾਸ਼ਨ ਇਨ੍ਹਾਂ ਸਵਾਲਾਂ ਦੇ ਜਵਾਬ ਦੇਣ ਤੋਂ ਕੰਨੀ ਕਤਰਾ ਰਹੀ ਹੈ। ਵੇਖਿਆ ਜਾਵੇ ਤਾਂ ਜਿਸ ਪ੍ਰਕਾਰ ਨਸ਼ੇ ਨੇ ਪੰਜਾਬ ਦੀ ਜਵਾਨੀ ਨੂੰ ਨਚੋੜ ਕੇ ਰੱਖ ਦਿੱਤਾ ਹੈ, ਉਸ ਤੋਂ ਲੱਗਦਾ ਨਹੀਂ ਕਿ ਆਉਣ ਵਾਲੀ ਪੀੜ੍ਹੀ ਪੰਜਾਬ ਦੇ ਅੰਦਰ ਖੁਸ਼ਹਾਲ ਹੋਵੇਗੀ। ਦੱਸ ਦਈਏ ਕਿ ਨਸ਼ੇ ਦੇ ਕਾਰਨ ਮੌਤ ਹੋ ਜਾਣ ਦਾ ਇੱਕ ਤਾਜ਼ਾ ਮਾਮਲਾ ਫਿਰੋਜ਼ਪੁਰ ਦੇ ਕਸਬਾ ਮੱਲਾਂਵਾਲਾ ਦੇ ਅਧੀਨ ਆਉਂਦੇ ਪਿੰਡ ਜੱਲੋ ਕੀਆ ਬਹਿਕਾ ਦਾਖਲੀ ਕਾਲੇ ਕੇ ਹਿਠਾੜ ਤੋਂ ਸਾਹਮਣੇ ਆਇਆ ਹੈ, ਜਿਥੋਂ ਦੇ ਇੱਕ ਗੱਭਰੂ ਜਵਾਨ ਦੀ ਨਸ਼ੇ ਦਾ ਟੀਕਾ ਲਗਾਉਣ ਦੇ ਕਾਰਨ ਮੌਤ ਹੋ ਗਈ। 

ਮ੍ਰਿਤਕ ਨੌਜਵਾਨ ਦੀ ਪਛਾਣ ਗੁਰਵਿੰਦਰ ਸਿੰਘ ਪੁੱਤਰ ਨੈਬ ਸਿੰਘ ਵਾਸੀ ਪਿੰਡ ਜੱਲੋ ਕੀਆ ਬਹਿਕਾ ਦਾਖਲੀ ਕਾਲੇ ਕੇ ਹਿਠਾੜ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਅੱਜ ਤੜੱਕ ਸਵੇਰੇ ਕਿਸਾਨ ਦਰਸ਼ਨ ਸਿੰਘ ਆਪਣੇ ਖੇਤਾਂ ਦੇ ਵਿੱਚ ਜਦੋਂ ਗੇੜਾ ਮਾਰਨ ਵਾਸਤੇ ਗਿਆ ਤਾਂ ਉਸ ਨੇ ਆਪਣੀ ਜ਼ਮੀਨ ਦੇ ਨਾਲ ਬਣੇ ਬੰਨ੍ਹ ਉਪਰ ਇੱਕ ਮੋਟਰਸਾਈਕਲ ਵੇਖਿਆ। ਕਿਸਾਨ ਮੁਤਾਬਿਕ ਮੋਟਰਸਾਈਕਲ ਦੇ ਆਸ-ਪਾਸ ਕੋਈ ਵੀ ਬੰਦਾ ਨਹੀਂ ਸੀ, ਪਰ ਜਦੋਂ ਉਸ ਨੇ ਮੋਟਰਸਾਈਕਲ ਦੇ ਮੂਹਰੇ ਜਾ ਕੇ ਵੇਖਿਆ ਤਾਂ ਬੰਨ੍ਹ ਦੇ ਨਾਲ ਖੜ੍ਹੇ ਰੁੱਖਾਂ ਦੇ ਕੋਲ ਇੱਕ ਨੌਜਵਾਨ ਦੀ ਲਾਸ਼ ਪਈ ਸੀ।

ਕਿਸਾਨ ਨੇ ਦੱਸਿਆ ਕਿ ਲਾਸ਼ ਦੀ ਪਛਾਣ ਲਈ ਜਦੋਂ ਉਸ ਨੇ ਆਸ-ਪਾਸ ਦੇ ਲੋਕਾਂ ਨੂੰ ਹੋਕਾ ਦਿੱਤਾ ਅਤੇ ਲਾਸ਼ ਦੇ ਕੋਲ ਬੁਲਾਇਆ ਤਾਂ ਪਤਾ ਲੱਗਿਆ ਕਿ ਇਹ ਲਾਸ਼ ਗੁਰਵਿੰਦਰ ਸਿੰਘ ਨਾਂਅ ਦੇ ਨੌਜਵਾਨ ਦੀ ਹੈ। ਕਿਸਾਨ ਮੁਤਾਬਿਕ ਗੁਰਵਿੰਦਰ ਸਿੰਘ ਦੀ ਲਾਸ਼ ਮੂਹਰੇ ਇੱਕ ਸਰਿੰਜ ਪਈ ਸੀ, ਜਿਸ ਤੋਂ ਸਾਫ਼ ਪਤਾ ਲੱਗ ਰਿਹਾ ਸੀ ਕਿ ਗੁਰਵਿੰਦਰ ਸਿੰਘ ਦੀ ਨਸ਼ੇ ਦਾ ਟੀਕਾ ਲਗਾਉਣ ਦੇ ਕਾਰਨ ਹੀ ਮੌਤ ਹੋਈ ਹੈ। ਕਿਸਾਨ ਨੇ ਦੱਸਿਆ ਕਿ ਉਨ੍ਹਾਂ ਦੇ ਵੱਲੋਂ ਗੁਰਵਿੰਦਰ ਸਿੰਘ ਦੀ ਮੌਤ ਹੋ ਜਾਣ ਦੀ ਖ਼ਬਰ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਸੋਗ ਦੀ ਲਹਿਰ ਦੌੜ ਗਈ।

ਦੱਸ ਦਈਏ ਕਿ ਫਿਰੋਜ਼ਪੁਰ ਜ਼ਿਲ੍ਹੇ ਦੇ ਅੰਦਰ ਰੋਜ਼ਾਨਾ ਹੀ ਇੱਕ-ਦੋ ਮੌਤਾਂ ਨਸ਼ੇ ਦੇ ਕਾਰਨ ਹੋ ਰਹੀਆਂ ਹਨ, ਪਰ ਪੁਲਿਸ ਅਤੇ ਸਰਕਾਰ ਇਸ 'ਤੇ ਚੁੱਕੀ ਧਾਰੀ ਬੈਠੀ ਹੈ। ਵੇਖਿਆ ਜਾਵੇ ਤਾਂ ਕਈ ਘਰਾਂ ਵਿੱਚ ਤਾਂ ਨਸ਼ੇ ਦੇ ਕਾਰਨ ਅੱਗੇ ਵੰਸ਼ ਵਧਣ ਦੇ ਚਿਰਾਗ ਹੀ ਬੁੱਝ ਚੁੱਕੇ ਹਨ। ਦੂਜੇ ਪਾਸੇ ਦੋਸਤੋਂ, ਤੁਹਾਨੂੰ ਵਿਸ਼ੇਸ਼ ਤੌਰ 'ਤੇ ਦੱਸ ਦਈਏ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਦਿਨੀਂ ਬਿਆਨ ਜਾਰੀ ਕੀਤਾ ਸੀ ਕਿ ਜਿਸ ਇਲਾਕੇ ਵਿੱਚ ਨੌਜਵਾਨ ਦੀ ਨਸ਼ੇ ਕਾਰਨ ਮੌਤ ਹੋ ਗਈ, ਉਸ ਇਲਾਕੇ ਦੇ ਥਾਣਾ ਮੁੱਖੀ ਦੀ ਖ਼ੈਰ ਨਹੀਂ ਹੋਵੇਗੀ ਅਤੇ ਉਸਦੇ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ।

ਪਰ.!! ਵੇਖਿਆ ਜਾਵੇ ਤਾਂ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਤੋਂ ਮਗਰੋਂ, ਲੱਗਦਾ ਨਹੀਂ ਕਿ ਇੱਕ ਵੀ ਥਾਣਾ ਮੁਖੀ ਦੇ ਵਿਰੁੱਧ ਕੋਈ ਕਾਰਵਾਈ ਹੋਈ ਹੋਵੇ। ਦੱਸ ਦਈਏ ਕਿ ਸਰਕਾਰ ਸਿਰਫ਼ ਤੇ ਸਿਰਫ਼ ਖਾਲੀ ਅਤੇ ਫੋਕੇ ਬਿਆਨ ਦੇ ਕੇ ਸੁਰਖੀਆਂ ਬਟੋਰਨੀਆਂ ਚਾਹੁੰਦੀ ਹੈ, ਜੋ ਕਿ ਉਹ ਸਾਫ਼ ਤੌਰ 'ਤੇ ਬਟੋਰ ਵੀ ਰਹੀ ਹੈ। ਨਸ਼ੇ ਦਾ ਮੁੱਦਾ ਬਹੁਤ ਹੀ ਗੰਭੀਰ ਹੈ, ਇਸਦੇ ਵੱਲ ਪੰਜਾਬ ਸਰਕਾਰ ਨੂੰ ਵਿਸ਼ੇਸ਼ ਤੌਰ 'ਤੇ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਪੰਜਾਬ ਦੀ ਨਸ਼ੇ ਵਿੱਚ ਰੁੜ੍ਹਦੀ ਜਾ ਰਹੀ ਜਵਾਨੀ ਨੂੰ ਬਚਾਇਆ ਜਾ ਸਕੇ। ਬਾਕੀ ਦੇਖ਼ਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਕੀ ਬਣਦੈ?

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।