ਅਖ਼ੇ ਜੀ, ਸਾਰੇ ਪ੍ਰਬੰਧ ਮੁਕੰਮਲ ਨੇ, ਮਨਾ ਲਓ ਆਜ਼ਾਦੀ ਦਿਹਾੜਾ !!! (ਵਿਅੰਗ)

Last Updated: Aug 13 2019 15:35
Reading time: 2 mins, 25 secs

ਪੂਰੇ ਭਾਰਤ ਦੇਸ਼ ਦੇ ਵਿੱਚ ਪਰਸੋਂ ਸੁਤੰਤਰਤਾ ਦਿਵਸ ਮਨਾਇਆ ਜਾ ਰਿਹਾ ਹੈ। ਸੁਤੰਤਰਤਾ ਦਿਵਸ ਨੂੰ ਲੈ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਤਿਆਰੀਆਂ ਜ਼ੋਰਾਂ ਸ਼ੋਰਾਂ ਦੇ ਨਾਲ ਕੀਤੀਆਂ ਜਾ ਰਹੀਆਂ ਹਨ। ਪਰ ਵੇਖਿਆ ਜਾਵੇ ਤਾਂ ਪ੍ਰਸ਼ਾਸਨਿਕ ਅਧਿਕਾਰੀਆਂ ਦੀਆਂ ਕਥਿਤ ਤੌਰ 'ਤੇ ਕੀਤੀਆਂ ਗਈਆਂ ਅਣਗਹਿਲੀਆਂ ਦੇ ਕਾਰਨ ਹਰ ਵਾਰ ਸੁਤੰਤਰਤਾ ਦਿਵਸ ਮੌਕੇ ਕੋਈ ਨਾ ਕੋਈ ਕਮੀ ਪੇਸ਼ੀ ਨਜ਼ਰੀ ਆ ਹੀ ਜਾਂਦੀ ਹੈ। ਭਾਵੇਂ ਹੀ ਉਹ ਪਾਣੀ ਨੂੰ ਲੈ ਕੇ ਹੋਵੇ ਜਾਂ ਫਿਰ ਕੋਈ ਹੋਰ ਪ੍ਰਬੰਧਾਂ ਨੂੰ ਲੈ ਕੇ ਹੋਵੇ। 

ਜੋ ਮਾਮਲਾ ਅਸੀਂ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ, ਉਹ ਵੀ ਪਾਣੀ ਦੇ ਨਾਲ ਹੀ ਜੁੜਿਆ ਹੋਇਆ ਹੈ। ਦੱਸ ਦਈਏ ਕਿ ਪਿਛਲੇ ਕਈ ਦਿਨਾਂ ਤੋਂ ਫ਼ਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਚੰਦਰ ਗੈਂਦ ਦੇ ਵੱਲੋਂ ਪ੍ਰੈਸ ਬਿਆਨ ਜਾਰੀ ਕਰਦਿਆਂ ਅਤੇ ਮੀਟਿੰਗਾਂ ਕਰਕੇ ਸੁਤੰਤਰਤਾ ਦਿਵਸ ਸ਼ਰਧਾ ਅਤੇ ਭਾਵਨਾ ਦੇ ਨਾਲ ਮਨਾਉਣ ਦੇ ਦਾਅਵੇ ਕੀਤੇ ਜਾ ਰਹੇ ਸਨ ਅਤੇ ਕਿਹਾ ਜਾ ਰਿਹਾ ਸੀ ਕਿ 13 ਅਗਸਤ ਨੂੰ ਫੁੱਲ ਡਰੈੱਸ ਰਿਹਰਸਲ ਦਾ ਨਿਰੀਖਣ ਕੀਤਾ ਜਾਵੇਗਾ, ਤਾਂ ਜੋ ਕਮੀ ਪੇਸ਼ੀ ਦਾ ਪਤਾ ਪਹਿਲਾਂ ਲੱਗ ਸਕੇ। 

ਦੋਸਤੋਂ, ਤੁਹਾਨੂੰ ਦੱਸ ਦਈਏ ਕਿ ਫ਼ਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਭਾਵੇਂ ਹੀ ਖ਼ਬਰਾਂ ਲਗਾਉਣ ਦੇ ਕਾਫ਼ੀ ਜ਼ਿਆਦਾ ਸ਼ੌਕੀਨ ਹਨ, ਪਰ ਉਨ੍ਹਾਂ ਨੂੰ ਫ਼ਿਰੋਜ਼ਪੁਰ ਦੀਆਂ ਅਸਲ ਸਮੱਸਿਆਵਾਂ ਦੇ ਬਾਰੇ ਵਿੱਚ ਪਤਾ ਨਹੀਂ ਹੈ, ਇਸ ਕਰਕੇ ਉਹ ਫੁਰਮਾਨ ਅਤੇ ਪ੍ਰੈਸ ਬਿਆਨ ਤਾਂ ਜਾਰੀ ਵੱਡੇ-ਡੇ ਕਰਦੇ ਹਨ, ਪਰ ਕੰਮ ਅਸਲ ਦੇ ਵਿੱਚ ਧੇਲੇ ਦਾ ਵੀ ਨਹੀਂ ਕਰਦੇ। ਅੱਜ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਚੰਦਰ ਗੈਂਦ ਦੇ ਵੱਲੋਂ ਜਿੱਥੇ ਸ਼ਹੀਦ ਭਗਤ ਸਿੰਘ ਸਟੇਡੀਅਮ ਫ਼ਿਰੋਜ਼ਪੁਰ ਵਿਖੇ ਫੁੱਲ ਡਰੈੱਸ ਰਿਹਰਸਲ ਦਾ ਨਿਰੀਖਣ ਕਰਨ ਜਾਣਾ ਸੀ। 

ਉਹ ਸਟੇਡੀਅਮ ਮੀਂਹ ਦੇ ਪਾਣੀ ਨਾਲ ਨੱਕੋਂ ਨੱਕੀਂ ਭਰਿਆ ਸੀ। ਜਿਸ ਦੇ ਕਾਰਨ ਡਿਪਟੀ ਕਮਿਸ਼ਨਰ ਸਾਹਿਬ ਨੂੰ ਫੁੱਲ ਡਰੈੱਸ ਰਿਹਰਸਲ ਦਾ ਨਿਰੀਖਣ ਮਾਲ ਰੋਡ ਫ਼ਿਰੋਜ਼ਪੁਰ 'ਤੇ ਹੀ ਕਰਨਾ ਪਿਆ। ਵੈਸੇ ਵੇਖਿਆ ਜਾਵੇ ਤਾਂ, ਸ਼ਰਮ ਕਰਨੀ ਚਾਹੀਦੀ ਹੈ, ਅਜਿਹੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ, ਜੋ ਆਜ਼ਾਦੀ ਦਿਵਸ ਮਨਾਉਣ ਦੇ ਪ੍ਰਬੰਧਾਂ ਦੇ ਦਾਅਵੇ ਕਰਦੇ ਹਨ। ਕਿਉਂਕਿ 72 ਵਰ੍ਹੇ ਬੀਤ ਜਾਣ ਦੇ ਬਾਅਦ ਵੀ ਪਾਣੀ ਨੂੰ ਸੁਕਾਉਣ ਵਾਲਾ ਕੋਈ ਵੀ ਦੇਸੀ ਜਾਂ ਫਿਰ ਅੰਗਰੇਜ਼ੀ ਜੁਗਾੜ ਸਾਡੇ ਭਾਰਤ ਦੇ ਅੰਦਰ ਨਹੀਂ ਪਹੁੰਚ ਸਕਿਆ। 

ਡੀਸੀ ਦੇ ਵੱਲੋਂ ਜਿੱਥੇ ਨੱਕੋਂ ਨੱਕੀ ਪਾਣੀ ਨਾਲ ਭਰੇ ਸ਼ਹੀਦ ਭਗਤ ਸਿੰਘ ਸਟੇਡੀਅਮ ਹੋਣ ਦੇ ਕਾਰਨ ਮਾਲ ਰੋਡ 'ਤੇ ਹੀ ਫ਼ੁਲ ਡਰੈੱਸ ਰਿਹਰਸਲ ਦਾ ਨਿਰੀਖਣ ਕੀਤਾ ਗਿਆ, ਉੱਥੇ ਹੀ ਡੀਸੀ ਦੇ ਵੱਲੋਂ ਅਧਿਕਾਰੀਆਂ ਨੂੰ ਤੁਰੰਤ ਨਿਰਦੇਸ਼ ਜਾਰੀ ਕੀਤੇ ਗਏ ਕਿ ਆਪੋ-ਆਪਣੇ ਕੰਮਾਂ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਕੀਤਾ ਜਾਵੇ। ਡੀਸੀ ਨੇ ਅਧਿਕਾਰੀਆਂ ਨੂੰ ਸਖ਼ਤ ਚੇਤਾਵਨੀ ਇਹ ਵੀ ਦਿੰਦਿਆਂ ਕਿਹਾ ਕਿ ਆਜ਼ਾਦੀ ਦਿਹਾੜੇ ਦੇ ਸਮਾਗਮ ਨੂੰ ਲੈ ਕੇ ਕਿਸੇ ਵੀ ਕੰਮ ਵਿੱਚ ਕੋਈ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਦੂਜੇ ਪਾਸੇ ਡੀਸੀ ਨੇ ਮੀਂਹ ਦੇ ਮੌਸਮ ਨੂੰ ਮੱਦੇਨਜ਼ਰ ਰੱਖਦੇ ਹੋਏ ਵਾਟਰ ਪਰੂਫ਼ ਟੈਂਟ ਲਗਾਉਣ ਦੇ ਨਿਰਦੇਸ਼ ਵੀ ਦਿੱਤੇ ਅਤੇ ਨਾਲ ਹੀ ਨਗਰ ਕੌਂਸਲ ਫ਼ਿਰੋਜ਼ਪੁਰ ਦੇ ਅਧਿਕਾਰੀਆਂ ਨੂੰ ਸ਼ਹੀਦ ਭਗਤ ਸਿੰਘ ਸਟੇਡੀਅਮ ਫ਼ਿਰੋਜ਼ਪੁਰ ਵਿੱਚ ਖੜੇ ਪਾਣੀ ਨੂੰ ਬਾਹਰ ਕੱਢਣ ਅਤੇ ਪੂਰੀ ਸਾਫ਼ ਸਫ਼ਾਈ ਕਰਨ ਦੇ ਆਦੇਸ਼ ਦਿੱਤੇ। ਦੇਖਦੇ ਹਾਂ, ਕਿ ਆਜ਼ਾਦੀ ਦਿਵਸ ਵਾਲੇ ਦਿਨ ਤੱਕ ਕੀ ਹੁੰਦਾ ਹੈ? ਕੀ ਡਿਪਟੀ ਕਮਿਸ਼ਨਰ ਦੇ ਵੱਲੋਂ ਜੋ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਉਹ ਸਿਰੇ ਲੱਗਦੇ ਹਨ ਜਾਂ ਨਹੀਂ, ਇਹ ਤਾਂ ਆਉਣ ਵਾਲਾ ਵੇਲਾ ਹੀ ਦੱਸੇਗਾ ਕਿ ਕੀ ਬਣਦਾ ਹੈ?

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।