ਸ਼ਰਾਬ, ਲੋਕਾਂ ਨੂੰ ਤਾਰੇਗੀ ਜਾਂ ਫਿਰ ਡੋਬੇਗੀ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Aug 13 2019 15:01
Reading time: 2 mins, 48 secs

ਸ਼ਰਾਬ ਇਸ ਸਮੇਂ ਪੰਜਾਬ ਦੇ ਅੰਦਰ ਖੁੱਲ੍ਹੇਆਮ ਵਿੱਕ ਰਹੀ ਹੈ, ਕਿਉਂਕਿ ਪੰਜਾਬ ਸਰਕਾਰ ਦੇ ਵਲੋਂ ਪੰਜਾਬ ਦੇ ਵਿੱਚ ਸ਼ਰਾਬ ਦੇ ਠੇਕੇ ਖੋਲ੍ਹੇ ਗਏ ਹਨ। ਜਿੱਥੋਂ ਰੋਜ਼ਾਨਾ ਹੀ ਸ਼ਰਾਬੀ ਸ਼ਰਾਬ ਲੈ ਕੇ ਜਾਂਦੇ ਹਨ ਅਤੇ ਆਪਣਾ ਮਨੋਰੰਜਨ ਕਰਦੇ ਹਨ। ਦਰਅਸਲ, ਸ਼ਰਾਬ ਪੀਣ ਵਾਲਿਆਂ 'ਤੇ ਭਾਵੇਂ ਹੀ ਸਰਕਾਰ ਨੇ ਕੋਈ ਪਾਬੰਦੀ ਨਹੀਂ ਲਗਾਈ, ਪਰ ਸਮਾਜ ਸੁਧਾਰ ਲੋਕਾਂ ਦੇ ਵਲੋਂ ਇਸ 'ਤੇ ਕੁਝ ਸਵਾਲ ਚੁੱਕੇ ਜਾ ਰਹੇ ਹਨ, ਜਿਨ੍ਹਾਂ ਨੂੰ ਸੁਣ ਕੇ ਹਰ ਕੋਈ ਹੈਰਾਨ ਵੀ ਹੋ ਰਿਹਾ ਹੈ ਅਤੇ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਵੀ ਕਰ ਰਿਹਾ ਹੈ। 

ਦਰਅਸਲ, ਸਮਾਜ ਸੁਧਾਰ ਲੋਕਾਂ ਦੇ ਵਲੋਂ ਸਵਾਲ ਕੀਤਾ ਜਾ ਰਿਹਾ ਹੈ ਕਿ ਸ਼ਰਾਬ ਪੰਜਾਬ ਵਾਸੀਆਂ ਨੂੰ ਤਾਰੇਗੀ ਮਤਲਬ ਅਮੀਰ ਕਰੇਗੀ ਜਾਂ ਫਿਰ ਡੋਬੇਗੀ? ਇਸ ਸਵਾਲ ਦਾ ਜਵਾਬ ਬਹੁਤ ਸਾਰੇ ਲੋਕ ਹਾਂ ਦੇ ਵਿੱਚ ਦੇ ਚੁੱਕੇ ਹਨ, ਕਿਉਂਕਿ ਜ਼ਿਆਦਾ ਸ਼ਰਾਬ ਪੀਣਾ ਵੀ ਸਿਹਤ ਦੇ ਲਈ ਹਾਨੀਕਾਰਕ ਹੈ ਅਤੇ ਕਈ ਲੋਕਾਂ ਦੇ ਵਲੋਂ ਸ਼ਰਾਬ ਨੂੰ ਸਿਰਫ਼ ਮਨੋਰੰਜਨ ਦਾ ਕਹਿ ਕੇ ਨਾਂਹ ਪੱਖੀ ਜਵਾਬ ਦਿੱਤਾ ਜਾ ਰਿਹਾ ਹੈ। ਸਵਾਲ ਭਾਵੇਂ ਹੀ ਬਹੁਤ ਛੋਟਾ ਹੈ, ਪਰ ਤਰਕ ਕਰਕੇ ਵੇਖੀਏ ਤਾਂ ਪਤਾ ਲੱਗ ਜਾਂਦਾ ਹੈ ਕਿ ਸ਼ਰਾਬ ਸਾਡੀ ਸਿਹਤ ਦਾ ਨੁਕਸਾਨ ਕਰ ਰਹੀ ਹੈ, ਜਾਂ ਫਿਰ ਸੁਧਾਰ ਕਰ ਰਹੀ ਹੈ। 

ਚਲੋ ਖ਼ੈਰ.!! ਸ਼ਰਾਬੀਆਂ ਨੇ ਤਾਂ ਕਹਿਣਾ ਹੀ ਹੈ ਕਿ ਸਾਡੀ ਸਿਹਤ ਨੂੰ ਸ਼ਰਾਬ ਖ਼ਰਾਬ ਨਹੀਂ ਕਰ ਰਹੀ ਹੈ। ਦੱਸ ਦੇਈਏ ਕਿ ਫ਼ਿਰੋਜ਼ਪੁਰ ਥਾਣਾ ਸਿਟੀ, ਮੱਲਾਂਵਾਲਾ ਅਤੇ ਥਾਣਾ ਆਰਿਫ਼ ਕੇ ਦੀ ਪੁਲਿਸ ਦੇ ਵਲੋਂ ਦੋ ਸ਼ਰਾਬ ਤਸਕਰਾਂ ਨੂੰ ਨਜਾਇਜ਼ ਸ਼ਰਾਬ ਅਤੇ ਲਾਹਣ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ, ਜਦੋਂਕਿ ਇੱਕ ਤਸਕਰ ਫ਼ਰਾਰ ਦੱਸਿਆ ਜਾ ਰਿਹਾ ਹੈ। ਇਸ ਸਬੰਧ ਵਿੱਚ ਫ਼ਿਰੋਜ਼ਪੁਰ ਥਾਣਾ ਸਿਟੀ, ਮੱਲਾਂਵਾਲਾ ਅਤੇ ਥਾਣਾ ਆਰਿਫ਼ ਕੇ ਦੀ ਪੁਲਿਸ ਦੇ ਵਲੋਂ ਆਬਕਾਰੀ ਐਕਟ ਤਹਿਤ ਮਾਮਲੇ ਦਰਜ ਕਰ ਲਏ ਗਏ ਹਨ। 

ਪਹਿਲੇ ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਫ਼ਿਰੋਜ਼ਪੁਰ ਦੇ ਏਐਸਆਈ ਜੋਗਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਦੇ ਵਲੋਂ ਬੀਤੇ ਦਿਨ ਮੱਛੀ ਮੰਡੀ ਫ਼ਿਰੋਜ਼ਪੁਰ ਸ਼ਹਿਰ ਵਿਖੇ ਇੱਕ ਘਰ 'ਤੇ ਛਾਪੇਮਾਰੀ ਕੀਤੀ ਗਈ। ਪੁਲਿਸ ਨੇ ਦਾਅਵਾ ਕਰਦਿਆਂ ਹੋਇਆ ਦੱਸਿਆ ਕਿ ਛਾਪੇਮਾਰੀ ਦੇ ਦੌਰਾਨ ਪੁਲਿਸ ਦੇ ਹੱਥ 30 ਬੋਤਲਾਂ ਨਜਾਇਜ਼ ਸ਼ਰਾਬ ਲੱਗੀ, ਜਦੋਂਕਿ ਇੱਕ ਬੰਦਾ ਕਾਬੂ ਕੀਤਾ ਗਿਆ। ਪੁਲਿਸ ਨੇ ਦੱਸਿਆ ਕਿ ਗ੍ਰਿਫ਼ਤਾਰ ਗਏ ਬੰਦੇ ਦੀ ਪਛਾਣ ਗੋਬਿੰਦਾ ਪੁੱਤਰ ਤਰਸੇਮ ਲਾਲ ਵਾਸੀ ਬਸਤੀ ਆਵਾ ਫ਼ਿਰੋਜ਼ਪੁਰ ਸ਼ਹਿਰ ਵਜੋਂ ਹੋਈ ਹੈ, ਜਿਸ ਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ।

ਦੂਜੇ ਮਾਮਲੇ ਵਿੱਚ ਥਾਣਾ ਮੱਲਾਂਵਾਲਾ ਦੇ ਏਐਸਆਈ ਰੇਸ਼ਮ ਸਿੰਘ ਨੇ ਦੱਸਿਆ ਕਿ ਉਹ ਜਦੋਂ ਆਪਣੀ ਪੁਲਿਸ ਪਾਰਟੀ ਸਮੇਤ ਬੀਤੇ ਦਿਨ ਗਸ਼ਤ ਕਰ ਰਹੇ ਸਨ ਤਾਂ ਇਸ ਦੌਰਾਨ ਉਨ੍ਹਾਂ ਦੀ ਪੁਲਿਸ ਪਾਰਟੀ ਨੂੰ ਕਿਸੇ ਨੇ ਇਤਲਾਹ ਦਿੱਤੀ ਕਿ ਪਿੰਡ ਜੌੜਾ ਵਿਖੇ ਸੁਰਿੰਦਰ ਸਿੰਘ ਨਾਂਅ ਦਾ ਵਿਅਕਤੀ ਨਜਾਇਜ਼ ਸ਼ਰਾਬ ਵੇਚਦਾ ਹੈ, ਜੋ ਹੁਣ ਵੀ ਵੇਚ ਰਿਹਾ ਹੈ। ਪੁਲਿਸ ਨੇ ਦਾਅਵਾ ਕਰਦਿਆਂ ਹੋਇਆ ਦੱਸਿਆ ਕਿ ਸੂਚਨਾ ਮਿਲਦਿਆਂ ਸਾਰ ਜਦੋਂ ਪਿੰਡ ਜੌੜਾ ਵਿਖੇ ਛਾਪੇਮਾਰੀ ਕੀਤੀ ਗਈ ਤਾਂ ਉੱਥੋਂ 200 ਕਿੱਲੋ ਲਾਹਣ, ਇੱਕ ਪੇਟੀ ਸ਼ਰਾਬ ਬਲੈਡਰ ਪ੍ਰਾਈਡ ਬਰਾਮਦ ਹੋਈ, ਜਦੋਂਕਿ ਮੁਲਜ਼ਮ ਭੱਜਣ ਵਿਚ ਸਫ਼ਲ ਹੋ ਗਿਆ। ਏਐਸਆਈ ਨੇ ਦੱਸਿਆ ਕਿ ਸੁਰਿੰਦਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਜੌੜਾ ਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। 

ਤੀਜੇ ਮਾਮਲੇ ਵਿੱਚ ਥਾਣਾ ਆਰਿਫ਼ ਕੇ ਦੇ ਹੌਲਦਾਰ ਗੁਰਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਦੇ ਵਲੋਂ ਸ਼ੱਕ ਦੇ ਤਹਿਤ ਬੀਤੇ ਦਿਨ ਪਿੰਡ ਕਾਲੇ ਕੇ ਹਿਠਾੜ ਵਿਖੇ ਇੱਕ ਬੰਦੇ ਨੂੰ ਕਾਬੂ ਕੀਤਾ। ਪੁਲਿਸ ਨੇ ਦਾਅਵਾ ਕਰਦਿਆਂ ਹੋਇਆ ਦੱਸਿਆ ਕਿ ਫੜੇ ਗਏ ਬੰਦੇ ਦੇ ਕਬਜ਼ੇ ਵਿੱਚੋਂ 20 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਹੋਈ। ਪੁਲਿਸ ਨੇ ਦੱਸਿਆ ਕਿ ਫੜੇ ਗਏ ਮੁਲਜ਼ਮ ਦੀ ਪਛਾਣ ਸੰਤੋਖ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਕਾਲੇ ਕੇ ਹਿਠਾੜ ਵਜੋਂ ਹੋਈ ਹੈ, ਜਿਸ ਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਦੇਖਦੇ ਹਾਂ ਕਿ, ਆਉਣ ਵਾਲੇ ਸਮੇਂ ਵਿਚ ਪੰਜਾਬ ਦੇ ਅੰਦਰੋਂ ਸ਼ਰਾਬ ਦਾ ਕਾਰੋਬਾਰ ਘਟਦਾ ਹੈ ਜਾਂ ਫਿਰ ਇਸ ਤੋਂ ਵਧਦਾ ਹੈ?