ਮੈਡੀਕਲ ਨਸ਼ੇ ਨੇ ਡੋਬਿਆ ਪੰਜਾਬ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Aug 13 2019 15:12
Reading time: 3 mins, 6 secs

ਪੰਜਾਬ ਦੇ ਵਿੱਚ ਚਿੱਟੇ ਦੇ ਕਾਰਨ ਹੁਣ ਤੱਕ ਕਈ ਨੌਜਵਾਨ ਚੜ੍ਹਾਈ ਕਰ ਚੁੱਕੇ ਹਨ ਅਤੇ ਕਈਆਂ ਦਾ ਇਲਾਜ ਹਾਲੇ ਵੀ ਨਸ਼ਾ ਛੁਡਾਓ ਕੇਂਦਰ ਦੇ ਵਿੱਚ ਚੱਲ ਰਿਹਾ ਹੈ, ਜੋ ਕਿ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਹਨ। ਪਰ ਇਸ ਦੇ ਵਿੱਚ ਸਭ ਤੋਂ ਵੱਡਾ ਸਵਾਲ ਪੈਦਾ ਹੁੰਦਾ ਹੈ ਕਿ ਇਹ ਜੋ ਨੌਜਵਾਨ ਨਸ਼ੇੜੀ ਹੋਏ ਹਨ, ਇਨ੍ਹਾਂ ਕੋਲ ਨਸ਼ਾ ਆਉਂਦਾ ਕਿਉਂ ਹੈ? ਪੰਜਾਬ ਦੇ ਅੰਦਰ ਤਾਂ ਹਰ ਨਸ਼ੇ ਦੀ ਪਾਬੰਦੀ ਹੈ, ਇੱਥੋਂ ਤੱਕ ਸ਼ਰਾਬ ਵੀ ਠੇਕਿਆਂ ਤੋਂ ਮਿਲਦੀ ਹੈ ਅਤੇ ਸ਼ਰਾਬ ਵੀ ਨਜਾਇਜ਼ ਕੱਢਣ 'ਤੇ ਪਾਬੰਦੀ ਹੈ। 

ਪਰ ਫਿਰ ਵੀ ਉਕਤ ਨਸ਼ੇੜੀ ਨੌਜਵਾਨਾਂ ਦੇ ਕੋਲ ਨਸ਼ਾ ਕਿਥੋਂ ਆ ਜਾਂਦਾ ਹੈ? ਦੱਸਿਆ ਜਾ ਰਿਹਾ ਹੈ ਕਿ ਮੈਡੀਕਲ ਨਸ਼ੇ ਨੇ ਹੀ ਪੰਜਾਬ ਦੇ ਅੰਦਰ ਗੂੜ੍ਹੇ ਪੈਰ ਜਮ੍ਹਾ ਲਏ ਹਨ, ਜੋ ਕਿ ਨਸ਼ਾ ਹੁਣ ਪੰਜਾਬ ਦੀ ਜਵਾਨੀ ਨੂੰ ਚੂਸਣ ਲੱਗ ਪਿਆ ਹੈ। ਮੈਡੀਕਲ ਨਸ਼ੇ ਤੋਂ ਪੀਸ ਪੀਸ ਕੇ ਬਣੇ ਚਿੱਟੇ ਦੇ ਸੇਵਨ ਨਾਲ ਨੌਜਵਾਨ ਮਰ ਰਹੇ ਹਨ, ਪਰ ਸਾਡੀ ਸਰਕਾਰ ਇਸ ਦੇ ਵੱਲ ਭੋਰਾ ਵੀ ਧਿਆਨ ਨਹੀਂ ਦੇ ਰਹੀ, ਜਿਸ ਤੋਂ ਸਾਫ਼ ਪਤਾ ਲੱਗ ਜਾਂਦਾ ਹੈ ਕਿ ਸਰਕਾਰ ਨੇ ਸਿਰਫ਼ ਤੇ ਸਿਰਫ਼ ਵੋਟਾਂ ਬਟੋਰਨ ਦੇ ਲਈ ਹੀ ਪੰਜਾਬ ਦੀ ਜਨਤਾ ਦੇ ਨਾਲ ਝੂਠੇ ਵਾਅਦੇ ਕੀਤੇ ਸਨ। 

ਫ਼ਿਰੋਜ਼ਪੁਰ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਰੋਜ਼ਾਨਾ ਹੀ ਕਈ ਸ਼ੱਕੀ ਸਮਗਲਰ ਮੈਡੀਕਲ ਨਸ਼ੇ ਦੇ ਨਾਲ ਗ੍ਰਿਫ਼ਤਾਰ ਹੋ ਰਹੇ ਹਨ, ਜਿਨ੍ਹਾਂ ਦੇ ਵਿਰੁੱਧ ਪੁਲਿਸ ਮਾਮਲੇ ਦਰਜ ਕਰਕੇ ਬੁੱਤਾ ਸਾਰ ਰਹੀ ਹੈ, ਜਦੋਂਕਿ ਇਹ ਪਤਾ ਲਗਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ, ਕਿ ਆਖ਼ਰ ਇਹ ਮੈਡੀਕਲ ਨਸ਼ਾ ਆਉਂਦਾ ਕਿਥੋਂ ਹੈ? ਸੋ ਖ਼ੈਰ.!! ਪੁਲਿਸ ਦੇ ਵੱਲੋਂ ਮੈਡੀਕਲ ਨਸ਼ੇ ਦਾ ਪਿਛੋਕੜ ਜਾਨਣ ਤੋਂ ਪਹਿਲਾਂ ਹੀ ਕੰਨੀ ਕਤਰਾ ਲਈ ਹੈ, ਜਿਸ ਦੇ ਚੱਲਦਿਆਂ ਹੁਣ ਫ਼ਿਰੋਜ਼ਪੁਰ ਦੇ ਸਰਹੱਦੀ ਪਿੰਡਾਂ ਦੇ ਅੰਦਰ ਮੈਡੀਕਲ ਸਟੋਰ ਧੜਾਧੜ ਖੁੱਲ੍ਹਦੇ ਜਾ ਰਹੇ ਹਨ। 

ਜਿੱਥੋਂ ਕਿ ਨੌਜਵਾਨਾਂ ਨੂੰ ਬੜੀ ਹੀ ਆਸਾਨੀ ਦੇ ਨਾਲ ਨਸ਼ਾ ਪ੍ਰਾਪਤ ਹੋ ਰਿਹਾ ਹੈ। ਤਾਜ਼ਾ ਮਾਮਲੇ ਕੈਂਟ ਫ਼ਿਰੋਜ਼ਪੁਰ, ਸਿਟੀ ਫ਼ਿਰੋਜ਼ਪੁਰ ਅਤੇ ਗੁਰੂਹਰਸਹਾਏ ਤੋਂ ਸਾਹਮਣੇ ਆਏ ਹਨ। ਜਿੱਥੋਂ ਦੀ ਪੁਲਿਸ ਦੇ ਵੱਲੋਂ ਨਸ਼ੀਲੀਆਂ ਗੋਲੀਆਂ ਅਤੇ ਨਸ਼ੀਲੇ ਪਾਊਡਰ ਸਮੇਤ 4 ਬੰਦਿਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਪੁਲਿਸ ਦੇ ਵੱਲੋਂ ਉਕਤ ਚਾਰੇ ਬੰਦਿਆਂ ਦੇ ਵਿਰੁੱਧ ਐਨਡੀਪੀਐਸ ਐਕਟ ਤਹਿਤ ਪਰਚੇ ਦਰਜ ਕਰ ਲਏ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਫੜੇ ਗਏ ਚਾਰੇ ਮੁਲਜ਼ਮ ਪਿਛਲੇ ਲੰਮੇ ਸਮੇਂ ਤੋਂ ਮੈਡੀਕਲ ਨਸ਼ਾ ਵੇਚਦੇ ਆ ਰਹੇ ਸਨ। 

ਇਸ ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਕੈਂਟ ਫ਼ਿਰੋਜ਼ਪੁਰ ਦੇ ਏਐਸਆਈ ਬਲਵੀਰ ਸਿੰਘ ਨੇ ਦੱਸਿਆ ਕਿ ਅਤੁਲ ਕੁਮਾਰ ਉਰਫ਼ ਆਲੂ ਦੇ ਵਿਰੁੱਧ ਮੁਕੱਦਮਾ ਨੰਬਰ 81/19 ਥਾਣਾ ਕੈਂਟ ਫ਼ਿਰੋਜ਼ਪੁਰ ਵਿਖੇ ਦਰਜ ਹੈ, ਆਲੂ ਨੂੰ ਪੁਲਿਸ ਨੇ ਗ੍ਰਿਫ਼ਤਾਰ ਹੋਇਆ ਹੈ। ਪੁਲਿਸ ਨੇ ਦਾਅਵਾ ਕਰਦਿਆਂ ਹੋਇਆਂ ਦੱਸਿਆ ਕਿ ਦੌਰਾਨੇ ਪੁੱਛਗਿੱਛ ਦੇ ਅਤੁਲ ਉਰਫ਼ ਆਲੂ ਦੀ ਨਿਸ਼ਾਨਦੇਹੀ 'ਤੇ ਇੱਕ ਕਾਰ ਵਿੱਚੋਂ 1500 ਨਸ਼ੀਲੀਆਂ ਗੋਲੀਆਂ ਅਤੇ 300 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ। ਪੁਲਿਸ ਨੇ ਦੱਸਿਆ ਕਿ ਅਤੁਲ ਕੁਮਾਰ ਉਰਫ਼ ਆਲੂ ਪੁੱਤਰ ਅਸ਼ੋਕ ਕੁਮਾਰ ਵਾਸੀ ਮਕਾਨ ਨੰਬਰ 148 ਗਲੀ ਨੰਬਰ 6 ਕੈਂਟ ਫ਼ਿਰੋਜ਼ਪੁਰ ਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। 

ਇਸੇ ਤਰ੍ਹਾਂ ਥਾਣਾ ਗੁਰੂਹਰਸਹਾਏ ਏਐਸਆਈ ਦਰਸ਼ਨ ਲਾਲ ਨੇ ਦਾਅਵਾ ਕਰਦਿਆਂ ਹੋਇਆਂ ਦੱਸਿਆ ਕਿ ਦੌਰਾਨੇ ਗਸ਼ਤ ਬੀਤੇ ਦਿਨ ਉਨ੍ਹਾਂ ਦੀ ਪੁਲਿਸ ਪਾਰਟੀ ਦੇ ਵੱਲੋਂ ਸੰਨੀ ਨਾਂਅ ਦੇ ਬੰਦੇ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੇ ਕਬਜ਼ੇ ਵਿੱਚੋਂ 270 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ ਹੈ। ਪੁਲਿਸ ਨੇ ਦੱਸਿਆ ਕਿ ਸੰਨੀ ਪੁੱਤਰ ਰੰਗਾ ਵਾਸੀ ਬਸਤੀ ਗੁਰੂ ਕਰਮ ਸਿੰਘ ਦੇ ਵਿਰੁੱਧ ਐਨਡੀਪੀਐਸ ਐਕਟ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ। 

ਦੂਜੇ ਪਾਸੇ ਥਾਣਾ ਸਿਟੀ ਫ਼ਿਰੋਜ਼ਪੁਰ ਦੇ ਏਐਸਆਈ ਹਰਨੇਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਦੇ ਵੱਲੋਂ ਬੀਤੇ ਦਿਨ ਦਾਣਾ ਮੰਡੀ ਫ਼ਿਰੋਜ਼ਪੁਰ ਸ਼ਹਿਰ ਵਿਖੇ ਖ਼ਾਸ ਮੁਖ਼ਬਰ ਵੱਲੋਂ ਦਿੱਤੀ ਗਈ ਇਤਲਾਹ ਦੇ ਤਹਿਤ ਛਾਪੇਮਾਰੀ ਕੀਤੀ ਗਈ। ਪੁਲਿਸ ਮੁਤਾਬਿਕ ਦਾਣਾ ਮੰਡੀ ਦੀ ਸ਼ੈੱਡ ਦੇ ਥੱਲਿਓਂ ਸ਼ੱਕ ਦੇ ਤਹਿਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ, ਜਿਨ੍ਹਾਂ ਦੀ ਤਲਾਸ਼ੀ ਲੈਣ ਉਪਰੰਤ ਉਨ੍ਹਾਂ ਦੇ ਕਬਜ਼ੇ ਵਿੱਚੋਂ 220 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ। ਪੁਲਿਸ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦੀ ਪਛਾਣ ਸੰਨੀ ਪੁੱਤਰ ਪ੍ਰੇਮ, ਰਾਜਾ ਪੁੱਤਰ ਰਾਜ ਸਿੰਘ ਵਾਸੀ ਸੇਠੀ ਮਾਡਲ ਸਕੂਲ ਵਾਲੀ ਗਲੀ ਮੱਖੂ ਗੇਟ ਫ਼ਿਰੋਜ਼ਪੁਰ ਸ਼ਹਿਰ ਵਜੋਂ ਹੋਈ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।