ਹੁਣ ਨਗਰ ਸੁਧਾਰ ਟਰੱਸਟ ਦੀ ਚੇਅਰਮੈਨੀ ਨੂੰ ਲੈ ਕੇ ਲੱਗੀ ਦੌੜ

Last Updated: Aug 13 2019 12:51
Reading time: 4 mins, 41 secs

ਅਕਾਲੀ ਦਲ ਦੇ ਦਸ ਸਾਲਾਂ ਦੇ ਰਾਜ ਤੋਂ ਜਿਉਂ ਹੀ ਪੰਜਾਬ ਵਿੱਚ ਕਾਂਗਰਸ ਦੀ ਸੱਤਾ ਆਈ ਤਾਂ ਕਈਆਂ ਨੇ ਆਪਣੇ ਮੂੰਹ ਸੰਵਾਰਨੇ ਸ਼ੁਰੂ ਕਰ ਦਿੱਤੇ ਸਨ ਤੇ ਸਰਕਾਰ ਵਿੱਚ ਅਹੁਦਿਆਂ ਵਾਲੇ ਲੱਡੂ ਖਾਣ ਲਈ ਆਪਣੇ ਆਪਣੇ ਆਕਾਵਾਂ ਦੇ ਘਰਾਂ ਅਤੇ ਕੋਠੀਆਂ ਦੇ ਚੱਕਰ ਕੱਟਣੇ ਸ਼ੁਰੂ ਕਰ ਦਿੱਤੇ ਸਨ। ਇੱਥੇ ਹੀ ਨਹੀਂ ਕਈਆਂ ਨੇ ਤਾ ਚੰਡੀਗੜ੍ਹ ਵਿਖੇ ਹੀ ਡੇਰਾ ਲਗਾ ਲਏ ਸਨ ਤਾਂ ਜੋ ਰੋਜ਼ ਹੀ ਆਪਣੇ ਸਿਆਸੀ ਆਕਾਵਾਂ ਦੇ ਦਰਸ਼ਨ ਕੀਤੇ ਜਾ ਸਕਣ ਤਾਂ ਜੋ ਮਿਹਰ ਦੀ ਨਜ਼ਰ ਉਨ੍ਹਾਂ ਤੇ ਵੀ ਪੈ ਸਕੇ ਤੇ ਕੋਈ ਅਹੁਦਾ ਮਿਲ ਜਾਵੇ। ਪਰ ਜਿਸ ਤਰ੍ਹਾਂ ਸਰਕਾਰ ਦਾ ਲਗਭਗ ਅੱਧਾ ਸਮਾਂ ਲੰਘ ਜਾਣ ਤੋਂ ਬਾਅਦ ਵੀ ਅਜੇ ਬਥੇਰੇ ਅਹੁਦੇ ਖ਼ਾਲੀ ਪਏ ਹਨ ਜਿਸ ਕਰਕੇ ਵਰਕਰਾਂ ਵਿੱਚ ਨਿਰਾਸ਼ਾ ਅਤੇ ਰੋਸ ਦੀ ਭਾਵਨਾ ਦੇਖਣ ਨੂੰ ਮਿਲ ਰਹੀ ਹੈ। ਵੈਸੇ ਤਾਂ ਕਈ ਪੰਜਾਬ ਪੱਧਰ, ਜ਼ਿਲ੍ਹਾ ਪੱਧਰ ਤੇ ਸਬ ਡਵੀਜ਼ਨ ਪੱਧਰ ਤੇ ਕਈ ਅਹੁਦੇ ਅਜੇ ਰਹਿੰਦੇ ਹਨ ਜਿਨ੍ਹਾਂ ਤੇ ਵਰਕਰਾਂ ਨੂੰ ਐਡਜਸਟ ਕੀਤਾ ਜਾਣਾ ਹੈ ਪਰ ਅੱਜ ਅਸੀਂ ਬਟਾਲਾ ਸ਼ਹਿਰ ਦੇ ਸਭ ਤੋਂ ਮਹੱਤਵਪੂਰਨ ਅਹੁਦੇ ਨਗਰ ਸੁਧਾਰ ਟਰੱਸਟ ਦੀ ਚੇਅਰਮੈਨੀ ਦੀ ਗੱਲ ਕਰਾਂਗੇ ਤੇ ਦੱਸਾਂਗੇ ਕਿ ਕੌਣ ਕੋਣ ਇਸ ਵੇਲੇ ਇਸ ਚੇਅਰਮੈਨੀ ਦੀ ਦੋੜ ਵਿੱਚ ਹੈ ਤੇ ਕਿਸ ਨੂੰ ਕਿਸ ਲੀਡਰ ਦੀ ਸਰਪ੍ਰਸਤੀ ਹਾਸਲ ਹੈ।                      

ਸੁਖਦੀਪ ਤੇਜਾ ਅਤੇ ਗੁਲਸ਼ਨ ਕੁਮਾਰ ਮਾਰਬਲ ਵਾਲੇ: ਵੈਸੇ ਤਾਂ ਇਹ ਸੁਣਨ ਵਿੱਚ ਮਿਲ ਰਿਹਾ ਹੈ ਕਿ ਜਿਸ ਵਿਧਾਨ ਸਭਾ ਹਲਕੇ ਦੇ ਨਗਰ ਸੁਧਾਰ ਟਰੱਸਟ ਦੀ ਚੇਅਰਮੈਨੀ ਦਾ ਫ਼ੈਸਲਾ ਕਰਨਾ ਹੈ ਉਹ ਉਸ ਹਲਕੇ ਦੇ ਵਿਧਾਇਕ ਦੀ ਸਹਿਮਤੀ ਨਾਲ ਹੀ ਕੀਤਾ ਜਾਣਾ ਹੈ ਪਰ ਜਿਸ ਤਰ੍ਹਾਂ ਬਟਾਲਾ ਵਿੱਚ ਅਸ਼ਵਨੀ ਸੇਖੜੀ ਦੇ ਚੋਣ ਹਾਰ ਜਾਣ ਤੋਂ ਬਾਅਦ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵਲੋਂ ਆਪਣਾ ਧੜਾ ਕਾਇਮ ਕੀਤਾ ਜਾ ਰਿਹਾ ਹੈ ਉਸ ਮੁਤਾਬਕ ਇਸ ਵੇਲੇ ਬਾਜਵਾ ਦੇ ਸਭ ਤੋਂ ਨੇੜੇ ਸਾਬਕਾ ਸਰਪੰਚ ਸੁਖਦੀਪ ਸਿੰਘ ਤੇਜਾ ਹੀ ਸਮਝੇ ਜਾ ਰਹੇ ਹਨ ਤੇ ਉਹ ਚੇਅਰਮੈਨੀ ਦੀ ਦੌੜ ਵਿੱਚ ਵੀ ਦੱਸੇ ਜਾ ਰਹੇ ਹਨ। ਇਸ ਤੋਂ ਇਲਾਵਾ ਗੁਲਸ਼ਨ ਕੁਮਾਰ ਵੀ ਇਸ ਦੌੜ ਵਿੱਚ ਦੱਸੇ ਜਾ ਰਹੇ ਹਨ ਤੇ ਉਨ੍ਰਾ ਨੂੰ ਵੀ ਕੈਬਨਿਟ ਮੰਤਰੀ ਬਾਜਵਾ ਦਾ ਹੀ ਥਾਪੜਾ ਪ੍ਰਾਪਤ ਦੱਸਿਆ ਜਾ ਰਿਹਾ ਹੈ। ਇੱਥੇ ਜ਼ਿਕਰ ਕਰਨਾ ਬਣਦਾ ਹੈ ਕਿ ਕੈਬਨਿਟ ਮੰਤਰੀ ਦੇ ਸਭ ਤੋਂ ਭਰੋਸੇਮੰਦ ਜਵਾਹਰ ਮਰਵਾਹਾ ਸਨ ਜਿਨ੍ਹਾਂ ਬਾਰੇ ਚਰਚਾਵਾਂ ਚਲਦੀਆਂ ਰਹੀਆਂ ਹਨ ਕਿ ਉਹ ਹੀ ਚੇਅਰਮੈਨ ਬਣਨਗੇ ਪਰ ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਹੁਣ ਸੁਖਦੀਪ ਅਤੇ ਗੁਲਸ਼ਨ ਇਸ ਦੌੜ ਵਿੱਚ ਅੱਗੇ ਦਿਖਾਈ ਦੇ ਰਹੇ ਹਨ।                              

ਕਸਤੂਰੀ ਲਾਲ ਸੇਠ ਵੀ ਹਨ ਟਰੈਕ ਤੇ: ਜੇਕਰ ਗੱਲ ਸੀਨੀਅਰ ਕਾਂਗਰਸੀ ਆਗੂ ਕਸਤੂਰੀ ਲਾਲ ਸੇਠ ਦੀ ਕਰੀਏ ਤਾਂ ਇਹ ਲੰਬਾ ਸਮਾਂ ਸਿਟੀ ਕਾਂਗਰਸ ਕਮੇਟੀ ਦੇ ਪ੍ਰਧਾਨ ਵੀ ਰਹੇ ਹਨ ਤੇ ਇਸ ਵੇਲੇ ਕੈਬਨਿਟ ਮੰਤਰੀ ਬਾਜਵਾ ਤੋਂ ਇਲਾਵਾ, ਅਸ਼ਵਨੀ ਸੇਖੜੀ, ਸੁਖਜਿੰਦਰ ਸਿੰਘ ਰੰਧਾਵਾ ਕੈਬਨਿਟ ਮੰਤਰੀ ਨਾਲ ਵੀ ਨਜ਼ਦੀਕੀਆਂ ਕਰਕੇ ਜਾਣੇ ਜਾਂਦੇ ਹਨ। ਦੂਸਰਾ ਸੇਠ ਸਾਹਿਬ ਸੁਭਾਅ ਦੇ ਕਾਫੀ ਮਿਲਵਰਤਨ ਵਾਲੇ ਹਨ ਤੇ ਹਰੇਕ ਸ਼ਹਿਰੀ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੁੰਦੇ ਹਨ ਜਿਸ ਕਰਕੇ ਹਰ ਕੋਈ ਉਨ੍ਹਾਂ ਨੂੰ ਪਸੰਦ ਕਰਦਾ ਹੈ ਪਰ ਜੇਕਰ ਪਾਰਟੀ ਦੀ ਗੱਲ ਕਰੀਏ ਤਾਂ ਸ਼ਾਇਦ ਅੰਦਰੂਨੀ ਧੜੇਬੰਦੀ ਕਰਕੇ ਉਨ੍ਹਾਂ ਨੂੰ ਨੁਕਸਾਨ ਹੁੰਦਾ ਆਇਆ ਹੈ। ਇਸ ਤੋਂ ਇਲਾਵਾ ਸੇਠ ਹੋਰਾ ਦਾ ਸਾਬਕਾ ਸੰਸਦ ਮੈਂਬਰ ਸੁਨੀਲ ਜਾਖੜ ਨਾਲ ਵੀ ਰਿਸ਼ਤੇ ਚੰਗੇ ਦੱਸੇ ਜਾ ਰਹੇ ਹਨ ਜਿਸ ਕਰਕੇ ਇਹ ਚਰਚਾਵਾਂ ਹਨ ਕਿ ਸ਼ਾਇਦ ਇਸ ਵਾਰ ਚੇਅਰਮੈਨੀ ਦਾ ਗੁਨਾ ਸੇਠ ਸਾਹਿਬ ਤੇ ਹੀ ਪੈ ਜਾਣ।        

ਐਡਵੋਕੇਟ ਅਜਮੇਰ ਸਿੰਘ ਦਾ ਨਾਂਅ ਵੀ ਚਰਚਾ ਵਿੱਚ: ਪਿੰਡ ਬਿਜਲੀਵਾਲ ਦੇ ਸਰਪੰਚ ਅਤੇ ਬਲਾਕ ਸੰਮਤੀ ਮੈਂਬਰ ਰਹੇ ਐਡਵੋਕੇਟ ਅਜਮੇਰ ਸਿੰਘ ਜੋ ਪਿਛਲੇ ਲੰਬੇ ਸਮੇਂ ਤੋਂ ਬਟਾਲਾ ਵਿੱਚ ਹੀ ਰਹਿ ਰਹੇ ਹਨ ਤੇ ਇੱਥੇ ਹੀ ਵਕਾਲਤ ਵੀ ਕਰਦੇ ਆ ਰਹੇ ਹਨ ਸੀਨੀਅਰ ਕਾਂਗਰਸੀ ਆਗੂ ਹਨ। ਇਸ ਤੋਂ ਇਲਾਵਾ ਨਾਮਧਾਰੀ ਸੰਪਰਦਾ ਨਾਲ ਸਬੰਧ ਰੱਖਣ ਦਾ ਫ਼ਾਇਦਾ ਵੀ ਉਨ੍ਹਾਂ ਨੂੰ ਮਿਲ ਸਕਦਾ ਹੈ, ਇੱਥੇ ਹੀ ਬੱਸ ਨਹੀਂ ਉਨ੍ਹਾਂ ਦੇ ਸਹੁਰਾ ਸਾਹਿਬ ਵੀ ਵਿਧਾਇਕ ਰਹੇ ਹਨ ਜਿਸ ਕਰਕੇ ਪਾਰਟੀ ਵਿੱਚ ਉਨ੍ਹਾਂ ਦੀ ਹੋਂਦ ਅਜੇ ਤੱਕ ਬਰਕਰਾਰ ਹੈ। ਇਸ ਤੋਂ ਇਲਾਵਾ ਜੋ ਸਭ ਤੋਂ ਵੱਧ ਗੱਲ ਐਡਵੋਕੇਟ ਅਜਮੇਰ ਸਿੰਘ ਦੇ ਹੱਕ ਵਿੱਚ ਜਾਂਦੀ ਦਿਖਾਈ ਦੇ ਰਹੀ ਹੈ ਉਹ ਇਹ ਹੈ ਕਿ ਪੰਜਾਬ ਕਾਂਗਰਸ ਦੇ ਪਰਮਾਨੈਂਟ ਇਨਵਾਇਟੀ ਸੀਨੀਅਰ ਕਾਂਗਰਸੀ ਆਗੂ ਜਿਨ੍ਹਾਂ ਦੀ ਪਾਰਟੀ ਹਾਈਕਮਾਨ ਵਿੱਚ ਵੀ ਸਿੱਧੀ ਪਹੁੰਚ ਹੈ ਸਰਦਾਰ ਐਮ ਐਮ ਸਿੰਘ ਚੀਮਾ ਦਾ ਥਾਪੜਾ ਉਨ੍ਹਾਂ ਨੂੰ ਪ੍ਰਾਪਤ ਹੈ ਜਿਸ ਕਰਕੇ ਉਨ੍ਹਾਂ ਦੀ ਸਥਿਤੀ ਵੀ ਕਾਫੀ ਮਜਬੂਤ ਦਿਖਾਈ ਦੇ ਰਹੀ ਹੈ ਤੇ ਚੇਅਰਮੈਨੀ ਦਾ ਪੇਚ ਅੜਦਾ ਦਿਖਾਈ ਦੇ ਰਿਹਾ ਹੈ।                                                                                            
ਪਵਨ ਕੁਮਾਰ ਪੰਮਾ ਵੀ ਕਰ ਰਹੇ ਹਨ ਯਤਨ: ਜੇਕਰ ਵੇਖਿਆ ਜਾਵੇ ਤਾਂ ਨਗਰ ਸੁਧਾਰ ਟਰੱਸਟ ਦੀ ਚੇਅਰਮੈਨੀ ਵਾਲਾ ਲੱਡੂ ਹਰ ਕੋਈ ਖਾਣ ਲਈ ਬੇਤਾਬ ਦਿਖਾਈ ਦੇ ਰਿਹਾ ਹੈ। ਇਸ ਦੋੜ ਵਿੱਚ ਹੁਣ ਅਚਲੇਸ਼ਵਰ ਧਾਮ ਦੇ ਮੁੱਖ ਟਰੱਸਟੀ ਅਤੇ ਸਾਬਕਾ ਕੌਂਸਲਰ ਪਵਨ ਕੁਮਾਰ ਪੰਮਾ ਵੀ ਦੱਸੇ ਜਾ ਰਹੇ ਹਨ। ਪੰਮਾ ਬਾਰੇ ਪਤਾ ਲੱਗਾ ਹੈ ਕਿ ਉਹ ਪ੍ਰਤਾਪ ਸਿੰਘ ਬਾਜਵਾ ਦੇ ਸਮਰਥਕ ਹਨ ਤੇ ਸ਼ਾਇਦ ਬਾਜਵਾ ਨੇ ਉਨ੍ਹਾਂ ਨੂੰ ਕੋਈ ਵਾਅਦਾ ਕੀਤਾ ਹੋਵੇਗਾ। ਪਰ ਜਿਸ ਤਰ੍ਹਾਂ ਕੈਪਟਨ ਖੇਮਾ ਪ੍ਰਤਾਪ ਗਰੁੱਪ ਦੇ ਜ਼ਿਲ੍ਹੇ ਗੁਰਦਾਸਪੁਰ ਵਿੱਚ ਪੈਰ ਨਹੀਂ ਲੱਗਣ ਦੇ ਰਿਹਾ ਹੈ ਉਸ ਤੋਂ ਲੱਗਦਾ ਹੈ ਕਿ ਪੰਮਾ ਵਾਸਤੇ ਚੇਅਰਮੈਨੀ ਵਾਲੀ ਦਿੱਲੀ ਅਜੇ ਬਹੁਤ ਦੂਰ ਹੈ।                                                            

ਅਭੀਨਵ ਸੇਖੜੀ ਨੂੰ ਵੀ ਹੈ ਆਸ: ਓਧਰ ਜੇਕਰ ਅਸ਼ਵਨੀ ਸੇਖੜੀ ਦੇ ਲਖਤੇ ਜਿਗਰ ਅਭੀਨਵ ਸੇਖੜੀ ਦੀ ਗੱਲ ਕਰੀਏ ਤਾਂ ਉਨ੍ਹਾਂ ਬਾਰੇ ਵੀ ਸੁਣਨ ਨੂੰ ਮਿਲ ਰਿਹਾ ਹੈ ਕਿ ਉਹ ਵੀ ਚੇਅਰਮੈਨੀ ਦੀ ਦੌੜ ਵਿੱਚ ਹਨ। ਕਿਉਂਕਿ ਇਹ ਸੁਣਨ ਵਿੱਚ ਮਿਲਦਾ ਰਿਹਾ ਹੈ ਕਿ ਅਸ਼ਵਨੀ ਸੇਖੜੀ ਨਾਲ ਸੁਨੀਲ ਜਾਖੜ ਨੇ ਲੋਕ-ਸਭਾ ਚੋਣਾ ਵੇਲੇ ਇਸ ਬਾਬਤ ਵਾਅਦਾ ਕੀਤਾ ਸੀ। ਪਰ ਜੇਕਰ ਵੇਖਿਆ ਜਾਵੇ ਤਾਂ ਸੁਨੀਲ ਜਾਖੜ ਦੇ ਆਪ ਚੋਣ ਹਾਰ ਜਾਣ ਕਰਕੇ ਸ਼ਾਇਦ ਹੁਣ ਇਹ ਚੇਅਰਮੈਨੀ ਲਈ ਉਹ ਬਹੁਤ ਜ਼ਿਆਦਾ ਹਾਮੀ ਨਹੀਂ ਭਰਨਗੇ ਤੇ ਹੋ ਸਕਦਾ ਹੈ ਉਨ੍ਹਾਂ ਦੀ ਹੁਣ ਬਹੁਤ ਜ਼ਿਆਦਾ ਸੁਣਵਾਈ ਵੀ ਨਾ ਹੋਵੇ। ਓਧਰ ਇਹ ਵੀ ਸੁਣਨ ਵਿੱਚ ਮਿਲ ਰਿਹਾ ਹੈ ਕਿ ਅਭੀਨਵ ਸੇਖੜੀ ਵੀ ਇਨੀ ਦਿਨੀ ਅਮਰੀਕਾ ਗਏ ਹੋਏ ਹਨ ਤੇ ਸ਼ਾਇਦ ਆਪਣੇ ਭਵਿੱਖ ਲਈ ਉੱਥੇ ਕੋਈ ਕਾਰੋਬਾਰ ਕਰਨ ਦੀ ਸੋਚ ਰਹੇ ਹਨ ਪਰ ਫੇਰ ਵੀ ਆਸ ਲਗਾਈ ਬੈਠੇ ਹਨ ਕਿ ਸਰਕਾਰ ਵਿੱਚ ਕੋਈ ਨਾ ਕੋਈ ਠੁੰਮ੍ਹਣੀ ਮਿਲ ਹੀ ਜਾਵੇ ਜਿਸ ਦੇ ਆਸਰੇ ਉਹ ਆਪਣਾ ਸਿਆਸੀ ਸਫ਼ਰ ਸ਼ੁਰੂ ਕਰ ਸਕਣਗੇ। ਹੁਣ ਵੇਖਣਾ ਇਹ ਹੈ ਕਿ ਕਿਸ ਦੇ ਸਿਰ ਤੇ ਇਹ ਚੇਅਰਮੈਨੀ ਵਾਲਾ ਤਾਜ਼ ਸੱਜਦਾ ਹੈ ਫ਼ਿਲਹਾਲ ਤਾਂ ਸਾਰੇ ਹੀ ਜ਼ੋਰ-ਅਜ਼ਮਾਈ ਕਰਦੇ ਦਿਖਾਈ ਦੇ ਰਹੇ ਹਨ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।