ਸਰਕਾਰਾਂ ਦੇ ਵਿਕਾਸ ਦੇ ਦਾਅਵਿਆਂ ਨੇ ਤੋੜਿਆ ਦਮ, ਬਟਾਲਾ ਵਿੱਚ ਹੈਜ਼ਾ ਫੈਲਣ ਦਾ ਡਰ! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jul 22 2019 13:33
Reading time: 2 mins, 34 secs

ਵੈਸੇ ਤਾਂ ਸਰਕਾਰ ਭਾਵੇਂ ਅਕਾਲੀਆਂ ਦੀ ਹੋਵੇ ਜਾਂ ਫੇਰ ਕਾਂਗਰਸ ਦੀ ਬਟਾਲਾ ਦਾ ਹਾਲ ਨਰਕ ਤੋਂ ਵੀ ਮਾੜਾ ਹੀ ਰਿਹਾ ਹੈ ਤੇ ਅੱਗੇ ਵੀ ਕੋਈ ਜ਼ਿਆਦਾ ਚੰਗੇ ਹਾਲਾਤ ਦਿਖਾਈ ਨਹੀਂ ਦੇ ਰਹੇ ਹਨ। ਟੁੱਟੀਆਂ ਸੜਕਾਂ ਵਿੱਚ ਪਏ ਵੱਡੇ ਵੱਡੇ ਟੋਇਆਂ ਵਿੱਚ ਖੜ੍ਹਾ ਗੰਦਾ ਪਾਣੀ, ਬੰਦ ਸੀਵਰੇਜ, ਸਫ਼ਾਈ ਦੇ ਨਾਖੁਸ਼ ਪ੍ਰਬੰਧ ਬਟਾਲਾ ਦੀ ਸੁੰਦਰਤਾ ਨੂੰ ਚਾਰ ਚੰਨ ਲਗਾਉਂਦੇ ਆਮ ਹੀ ਦੇਖੇ ਜਾ ਸਕਦੇ  ਹਨ। ਅਜਿਹੇ ਹਾਲਾਤਾਂ ਵਿੱਚ ਪਤਾ ਨਹੀਂ ਕਿਹੜੇ ਵਿਕਾਸ ਦੇ ਦਾਅਵੇ ਕਰਦ ਰਹਿੰਦੇ ਹਨ ਸਾਡੇ ਲੀਡਰ। ਅੱਜ ਜੇਕਰ ਬਟਾਲਾ ਤੇ ਚੁਫੇਰਿਓਂ ਉੱਪਰ ਝਾਤੀ ਮਾਰੀਏ ਤਾਂ ਸ਼ਾਇਦ ਹੀ ਕੋਈ ਗਲੀ ਸੜਕ ਅਜਿਹੀ ਹੋਵੇਗੀ ਜਿਹੜੀ ਸਬੂਤੀ ਹੋਵੇਗੀ ਨਹੀਂ ਤੇ ਹਰ ਗਲੀ ਸੜਕ ਵਿੱਚ ਹੀ ਟੋਏ ਪਏ ਹੋਏ ਹਨ, ਸੀਵਰੇਜ ਬੰਦ ਹੈ, ਗੰਦਾ ਪਾਣੀ ਸੜਕਾਂ ਦੀ ਸ਼ੋਭਾ ਵਧਾ ਰਿਹਾ ਹੈ ਤੇ ਰੋਜ਼ਾਨਾ ਹੀ ਲੋਕ ਪ੍ਰਸ਼ਾਸਨ ਦਾ ਪਿੱਟ ਸਿਆਪਾ ਵੀ ਕਰ ਰਹੇ ਹਨ ਪਰ ਸ਼ਾਇਦ ਸਬੰਧਿਤ ਪ੍ਰਸ਼ਾਸਨ ਇਸ ਦਾ ਆਦੀ ਹੋ ਚੁੱਕਿਆ ਹੈ। ਜੇਕਰ ਪਿਛਲੀ ਸਰਕਾਰ ਦੀ ਗੱਲ ਕਰੀਏ ਤਾਂ ਦਸ ਸਾਲ ਅਕਾਲੀਆਂ ਭਾਜਪਾਈਆਂ ਨੇ ਵੀ ਬਟਾਲਾ ਦੀ ਸੁੱਧ ਨਹੀਂ ਸੀ ਲਈ ਤੇ ਹਾਲ ਕਾਂਗਰਸੀਆਂ ਦਾ ਵੀ ਓਹੀ ਹੈ ਅੱਜ ਢਾਈ ਸਾਲ ਬੀਤ ਜਾਣ ਦੇ ਬਾਅਦ ਵੀ ਬਟਾਲਾ ਵਾਸੀਆਂ ਦੇ ਪੱਲੇ ਰੋਣਾ ਹੀ ਪੈ ਰਿਹਾ ਹੈ।

ਸਥਾਨਕ ਗੁਰਦਾਸਪੁਰ ਜੀ ਟੀ ਰੋਡ, ਸ਼ਾਸਤਰੀ ਨਗਰ ਵਾਲਾ ਮੋੜ ਸਿੰਬਲ ਚੋਕ, ਮੁਰਗੀ ਮੁਹੱਲਾ ਨੂੰ ਜਾਂਦੀ ਸੜਕ, ਡਿਫੈਂਸ ਰੋਡ, ਫਾਟਕੋ ਪਾਰ ਦਾ ਏਰੀਆ ਬੱਖੇਵਾਲ, ਜਲੰਧਰ ਰੋਡ ਨਗਰ ਸੁਧਾਰ ਟਰੱਸਟ ਦਫ਼ਤਰ ਦੇ ਨੇੜਲਾ ਹਿੱਸਾ, ਸੁੱਖਾ ਸਿੰਘ ਮਹਿਤਾਬ ਸਿੰਘ ਚੌਕ, ਲੀਕ ਵਾਲਾ ਤਲਾਬ, ਜਲੰਧਰ ਰੋਡ, ਸਮਾਧ ਰੋਡ, ਕ੍ਰਿਸਨਾ ਨਗਰ ਰੋਡ, ਸਰਕੂਲਰ ਰੋਡ, ਸਿਨੇਮਾ ਰੋਡ, ਖਜੂਰੀ ਗੇਟ ਤੋਂ ਡੀ ਏ ਵੀ ਕਾਲਜ ਵਾਲਾ ਰੋਡ, ਗਊਸ਼ਾਲਾ ਰੋਡ ਤੋਂ ਇਲਾਵਾ ਕਿਸ ਕਿਸ ਰੋਡ ਦੀ ਗੱਲ ਕਰਾਂ ਸਾਰਾ ਬਟਾਲਾ ਹੀ ਇਸ ਵੇਲੇ ਨਰਕ ਬਣਿਆ ਹੋਇਆ ਹੈ ਪਰ ਪਤਾ ਨਹੀਂ ਸਿਆਸੀ ਲੀਡਰਾਂ ਦੀਆਂ ਅੱਖਾਂ ਅਜਿਹੇ ਹਾਲਾਤਾਂ ਨੂੰ ਕਿਉਂ ਨਹੀਂ ਦੇਖ ਪਾ ਰਹੀਆਂ ਹਨ। ਖੈਰ ਇਹ ਤਾਂ ਹਾਲਾਤ ਹੈ ਟੁੱਟੀਆਂ ਸੜਕਾਂ ਗਲੀਆਂ ਦੀ ਪਰ ਇਸ ਤੋਂ ਵੀ ਦੁਖਦਾਈ ਹਾਲਾਤ ਕਈ ਹੋਰ ਸਲੱਮ ਏਰੀਆ ਦੇ ਹੋਣ ਜਾ ਰਹੇ ਹਨ ਜਿਸ ਵਿੱਚ ਹਾਥੀ ਗੇਟ ਵਿਖੇ ਸੀਵਰੇਜ ਦੀ ਸਮੱਸਿਆ ਕਰਕੇ ਪੀਣ ਵਾਲੇ ਪਾਣੀ ਨਾਲ ਗੰਦਾ ਪਾਣੀ ਮਿਕਸ ਹੋ ਰਿਹਾ ਹੈ ਤੇ ਗੰਦਗੀ ਦੇ ਢੇਰਾਂ ਕਰਕੇ ਇਸ ਇਲਾਕੇ ਵਿੱਚ ਤਾਂ ਹੈਜ਼ਾ ਫੈਲਣ ਦਾ ਵੀ ਡਰ ਬਣਿਆ ਹੋਇਆ ਹੈ।

ਭਾਵੇਂ ਕਿ ਇਸ ਇਲਾਕੇ ਵਿੱਚ ਕਈ ਸਮਾਜ ਸੇਵੀ ਸੰਸਥਾਵਾਂ ਵੱਲੋਂ ਪੀਣਯੋਗ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ ਪਰ ਫੇਰ ਵੀ ਸਬੰਧਿਤ ਵਿਭਾਗ ਆਪਣਾ ਪੱਲਾ ਝਾੜੀ ਬੈਠਾ ਹੈ। ਜੇਕਰ ਸਰਕਾਰ ਵਿਭਾਗਾਂ ਦੀ ਗੱਲ ਕਰੀਏ ਤਾਂ ਇਸ ਵੇਲੇ ਸਭ ਤੋਂ ਜ਼ਿਆਦਾ ਸੀਵਰੇਜ ਬੋਰਡ ਦਾ ਮੰਦਾ ਹਾਲ ਉਸ ਤੋਂ ਬਾਅਦ ਸਫ਼ਾਈ ਵਿਵਸਥਾ ਲਈ ਨਗਰ ਕੌਂਸਲ ਦੀ ਕਾਰਗੁਜਾਰੀ ਵੀ ਅਤਿ ਨਿੰਦਣਯਗੋ ਹੈ। ਹਰ ਮਹੀਨੇ ਲੱਖਾਂ ਰੁਪਏ ਗੰਦਗੀ ਤੇ ਕੂੜਾ ਚੁੱਕਣ ਲਈ ਹੀ ਦਿੱਤੇ ਜਾ ਰਹੇ ਹਨ ਪਰ ਫੇਰ ਵੀ ਹਾਲਾਤ ਕਿਸੇ ਗੱਲ ਕਰਨ ਜੋਗੇ ਨਹੀਂ ਰਹਿ ਗਏ ਹਨ। ਇਸ ਸਬੰਧੀ ਕਈ ਲੋਕਾਂ ਨੇ ਗੱਲਬਾਤ ਕਰਦਿਆਂ ਕਿਹਾ ਹੈ ਕਿ ਸਾਰਾ ਤਾਣਾ ਬਾਣਾ ਹੀ ਵਿਗੜਿਆ ਹੋਇਆ ਹੈ ਤੇ ਸਿਆਸੀ ਆਗੂਆਂ ਤੋਂ ਲੈ ਕੇ ਸਰਕਾਰੀ ਕਰਮਚਾਰੀ ਅਤੇ ਅਧਿਕਾਰੀ ਵੀ ਭ੍ਰਿਸ਼ਟਤੰਤਰ ਦਾ ਹਿੱਸਾ ਬਣੇ ਹੋਏ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰ ਰਹੇ ਹਨ। ਲੋਕਾਂ ਕਿਹਾ ਕਿ ਹੁਣ ਜਿਸ ਤਰ੍ਹਾਂ ਬਰਸਾਤਾਂ ਦਾ ਮੌਸਮ ਚੱਲ ਰਿਹਾ ਹੈ ਤਾਂ ਸਬੰਧਿਤ ਵਿਭਾਗਾਂ ਨੂੰ ਜ਼ਰੂਰ ਆਪਣੀ ਜ਼ਿੰਮੇਵਾਰੀ ਸੰਜੀਦਗੀ ਨਾਲ ਨਿਭਾਉਣੀ ਚਾਹੀਦੀ ਹੈ ਨਹੀਂ ਤਾਂ ਇੱਕ ਵਾਰ ਫੇਰ ਬਟਾਲਾ 2012 ਵੇਲੇ ਹੋਈਆਂ ਮੌਤਾਂ ਵਾਲੇ ਦੌਰ ਵਿੱਚੋਂ ਗੁਜਰ ਸਕਦਾ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।