ਕਿਉਂ, ਅੰਬਰਸਰੀਆਂ ਨੂੰ ਹੀ ਅਮਲੀ ਬਨਾਉਣ ਤੇ ਤੁਲੀ ਹੋਈ ਹੈ, ਪੰਜਾਬ ਸਰਕਾਰ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jul 22 2019 12:06
Reading time: 1 min, 46 secs

ਜਿੱਥੇ ਇੱਕ ਪਾਸੇ ਸਮੇਂ ਦੀਆਂ ਸਰਕਾਰਾਂ ਸੂਬਾ ਪੰਜਾਬ ਵਿੱਚ ਖ਼ਸਖ਼ਸ, ਯਾਨੀ ਕਿ ਅਫ਼ੀਮ ਦੀ ਖੇਤੀ ਕੀਤੇ ਜਾਣ ਦੀ ਚਿਰੋਕਣੀ ਮੰਗ ਨੂੰ ਠੁਕਰਾਉਂਦਿਆਂ ਇਸਨੂੰ ਘੋਰ ਅਪਰਾਧ ਮੰਨ ਰਹੀਆਂ ਹਨ, ਉੱਥੇ ਹੀ ਪੰਜਾਬ ਸਰਕਾਰ ਲੋਕਾਂ ਨੂੰ ਅਮਲੀ ਬਨਾਉਣ ਲਈ, ਖੁਦ ਆਪਣੇ ਹੀ ਹੱਥੀਂ ਅਫ਼ੀਮ ਵੰਡ ਰਹੀ ਹੈ।

ਦੋਸਤੋਂ, ਝੂਠੇ ਨਹੀਂ ਮੰਨਿਆ ਜਾ ਸਕਦਾ ਇਹਨਾਂ ਇਲਜ਼ਾਮਾਤ ਨੂੰ ਜੇਕਰ, ਡਾਇਰੈਕਟੋਰੇਟ ਆਫ਼ ਆਯੁਰਵੈਦ ਤੇ ਸਟੇਟ ਡਰੱਗ ਲਾਇਸੰਸ ਅਥਾਰਿਟੀ, ਪੰਜਾਬ ਵੱਲੋਂ ਆਰ.ਟੀ.ਆਈ. ਰਾਹੀਂ ਦਿੱਤੀ ਗਈ ਜਾਣਕਾਰੀ, ਸਹੀ ਤੇ ਦਰੁਸਤ ਹੈ ਤਾਂ। ਇਸ ਤੋਂ ਵੱਡੀ ਅਤੇ ਕੌੜੀ ਸਚਾਈ ਇਹ ਹੈ ਕਿ ਪੰਜਾਬ ਸਰਕਾਰ ਇਹ ਅਫ਼ੀਮ ਕੇਵਲ ਅੰਬਰਸਰੀਆਂ ਨੂੰ ਹੀ ਸਪਲਾਈ ਕਰ ਰਹੀ ਹੈ, ਕਿਉਂ ਕਰ ਰਹੀ ਹੈ, ਇਹ ਇੱਕ ਵੱਖਰਾ ਸਵਾਲ ਹੈ।

ਆਰ.ਟੀ.ਆਈ. ਕਾਰਕੁਨ ਬ੍ਰਿਜ ਭਾਨ ਬੁਜ਼ਰਕ ਨੇ ਇਸਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਹ ਤਮਾਮ ਜਾਣਕਾਰੀਆਂ ਉਨ੍ਹਾਂ ਨੇ ਲੰਘੇ ਦਿਨ ਹੀ ਡਾਇਰੈਕਟੋਰੇਟ ਆਫ਼ ਆਯੁਰਵੈਦ ਤੇ ਸਟੇਟ ਡਰੱਗ ਲਾਇਸੰਸ ਅਥਾਰਿਟੀ, ਪੰਜਾਬ ਤੋਂ ਆਰ.ਟੀ.ਆਈ. ਰਾਹੀਂ ਹਾਸਲ ਕੀਤੀ ਹੈ।

ਦੋਸਤੋਂ, ਸਬੰਧਤ ਵਿਭਾਗ ਦੇ ਸੂਤਰ ਗਲਤ ਨਹੀਂ ਹਨ ਤਾਂ ਪੰਜਾਬ ਸਰਕਾਰ ਨੇ ਲਗਭਗ ਅੱਠ ਸਾਲ ਪਹਿਲਾਂ ਸੂਬੇ ਦੇ ਅਮਲੀਆਂ ਨੂੰ ਦਿੱਤਾ ਜਾਂਦਾ ਅਫ਼ੀਮ ਦਾ ਕੋਟਾ ਸਾਲ 2011 ਵਿੱਚ ਬੰਦ ਕਰ ਦਿੱਤਾ ਸੀ। ਪਾਬੰਦੀ ਦੇ ਬਾਵਜੂਦ ਅੰਬਰਸਰੀਆਂ ਨੂੰ ਮਿਲਦਾ ਰਹਿਣਾ, ਖ਼ਦ-ਬ-ਖ਼ੁਦ ਵਿੱਚ ਹੀ ਇੱਕ ਵੱਡਾ ਸਵਾਲ ਹੈ।

ਜੇਕਰ ਸਬੰਧਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਆਰ.ਟੀ.ਆਈ. ਗਲਤ ਨਹੀਂ ਹੈ ਤਾਂ ਪਿਛਲੇ ਮਹਿਜ਼ ਦਸ ਸਾਲਾਂ ਦੇ ਦੌਰਾਨ ਅੰਬਰਸਰੀਏ, ਸਰਕਾਰ ਵੱਲੋਂ ਸਪਲਾਈ ਕੀਤੀ ਗਈ 365 ਕਿੱਲੋ ਨਾਗਨੀ ਨਿਗਲ ਚੁੱਕੇ ਹਨ। ਆਰ.ਟੀ.ਆਈ. ਅਨੁਸਾਰ ਪੰਜਾਬ ਸਰਕਾਰ ਨੇ ਗੁਰੂ ਨਗਰੀ ਨੂੰ ਅਫ਼ੀਮ ਦੀ ਇਹ ਸਪਲਾਈ ਜਨਵਰੀ 2008 ਤੋਂ ਲੈ ਕੇ 31 ਦਸੰਬਰ, 2018 ਦੇ ਦੌਰਾਨ ਦਿੱਤੀ ਹੈ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਦੇ ਸਬੰਧਤ ਰਾਹੀਂ ਸਾਲ 2008 ਦੇ ਦੌਰਾਨ ਅੰਬਰਸਰੀਆਂ ਲਈ 155 ਕਿੱਲੋ ਅਫ਼ੀਮ ਦਾ ਕੋਟਾ ਜਾਰੀ ਹੋਇਆ ਸੀ।

ਦੋਸਤੋਂ, ਨਸ਼ੇ ਪੰਜਾਬ ਦੀ ਜਵਾਨੀ ਨੂੰ ਖਾ ਗਏ, ਇਹ ਗੱਲ ਅੱਜ ਸਮੇਂ ਦੀਆਂ ਸਰਕਾਰਾਂ ਵੀ ਮੰਨ ਰਹੀਆਂ ਹਨ ਤੇ ਦੁਨੀਆ ਵੀ, ਪਰ ਬਾਵਜੂਦ ਇਸਦੇ ਜੇਕਰ ਸਰਕਾਰਾਂ ਆਪਣੇ ਹੀ ਹੱਥੀਂ ਇਹ ਨਸ਼ੇ ਵੰਡ ਰਹੀਆਂ ਹਨ ਤਾਂ ਇਹ ਜ਼ਰੂਰ ਸੋਚਣ ਤੇ ਵਿੱਚਾਰਨ ਵਾਲੀ ਗੱਲ ਹੈ। ਵੱਡਾ ਸਵਾਲ ਤਾਂ ਇਹ ਹੈ ਕਿ ਜਦੋਂ ਸਰਕਾਰ ਨੇ ਖੁਦ ਹੀ 2011 ਵਿੱਚ ਅਫ਼ੀਮ ਦਾ ਕੋਟਾ ਬੰਦ ਕਰ ਦਿੱਤਾ ਸੀ ਤਾਂ, ਗੁਰੂ ਨਗਰੀ ਵਿੱਚ ਇਸ ਦੀ ਸਪਲਾਈ ਕਿਉਂ ਜਾਰੀ ਰੱਖੀ ਗਈ? ਕਿਉਂ ਅੰਬਰਸਰੀਆਂ ਨੂੰ ਹੀ ਅਮਲੀ ਬਨਾਉਣ ਤੇ ਤੁਲੀ ਹੋਈ ਹੈ, ਪੰਜਾਬ ਸਰਕਾਰ?

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।