ਨਾਜਾਇਜ਼ ਰਿਸ਼ਤਿਆਂ ਕਰਕੇ ਬਰਬਾਦ ਹੁੰਦੇ ਘਰ! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jul 21 2019 16:24
Reading time: 1 min, 51 secs

ਨਾਜਾਇਜ਼ ਰਿਸ਼ਤੇ ਜੁਰਮ ਦੇ ਗ੍ਰਾਫ਼ 'ਚ ਵਾਧੇ ਦਾ ਕਾਰਨ ਬਣਦੇ ਜਾ ਰਹੇ ਹਨ ਉੱਥੇ ਹੀ ਕਈ ਘਰ ਬਰਬਾਦ ਹੋ ਚੁੱਕੇ ਹਨ। ਜੇਕਰ ਜੁਰਮ ਦੇ ਆਂਕੜਿਆਂ ਨੂੰ ਵੇਖਿਆ ਜਾਵੇ ਤਾਂ ਜ਼ਿਆਦਾਤਰ ਹੁੰਦੀਆਂ ਘਟਨਾਵਾਂ ਅਤੇ ਬਰਬਾਦ ਹੁੰਦੇ ਘਰਾਂ ਪਿੱਛੇ ਦਾ ਕਾਰਨ ਇਹ ਨਾਜਾਇਜ਼ ਸਬੰਧ ਹੀ ਹਨ। ਆਏ ਰੋਜ ਸੁਰਖੀਆਂ ਬਣਦੀਆਂ ਹਨ ਕਿ ਨਾਜਾਇਜ਼ ਸਬੰਧਾਂ ਕਰਕੇ ਕੱਤਲ ਹੋ ਗਿਆ, ਪਤਨੀ ਜਾਂ ਫਿਰ ਪਤੀ ਵੱਲੋਂ ਖੁਦਕੁਸ਼ੀ ਕਰ ਲਈ ਗਈ, ਤਲਾਕ ਤੇ ਬਲੈਕਮੇਲਿੰਗ ਤੋ ਤੰਗ ਆ ਕੇ ਆਪਣੀ ਜ਼ਿੰਦਗੀ ਖਤਮ ਕਰ ਲਈ ਸਮੇਤ ਕਈ ਮਾਮਲੇ ਹਨ ਜਿਨ੍ਹਾਂ ਦਾ ਤਾਲੁਕ ਨਾਜਾਇਜ਼ ਸਬੰਧਾਂ ਨਾਲ ਜੁੜਿਆ ਹੁੰਦਾ ਹੈ।

ਹੁਣ ਪਿੱਛੇ ਜਿਹੇ ਜ਼ਿਲ੍ਹਾ ਫਾਜ਼ਿਲਕਾ ਦੇ ਸ਼ਹਿਰ ਅਬੋਹਰ 'ਚ ਇੱਕ ਬੇਹਦ ਦਰਦਨਾਕ ਅਤੇ ਮਾਂ-ਪੁੱਤਰ ਦੇ ਪਵਿੱਤਰ ਰਿਸ਼ਤੇ ਨੂੰ ਤਾਰ ਤਾਰ ਕਰਦਾ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਪੁੱਤਰ ਨੇ ਆਪਣੀ ਮਾਂ ਦਾ ਕੱਤਲ ਆਪਣੇ ਨਾਜਾਇਜ਼ ਸਬੰਧਾਂ ਨੂੰ ਪਰਵਾਨ ਚੜ੍ਹਾਉਣ ਲਈ ਕਰ ਦਿੱਤਾ। ਅਜਿਹੇ ਕਈ ਮਾਮਲੇ ਅਕਸਰ ਹੀ ਸੁਰਖੀਆਂ ਬਣਦੇ ਰਹਿੰਦੇ ਹਨ। ਜ਼ਿਲ੍ਹੇ 'ਚ ਹੀ ਬੀਤੇ ਦਿਨੀਂ ਇੱਕ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਇੱਕ ਵਿਅਕਤੀ ਨੇ ਆਪਣੇ ਤਿੰਨ ਸਾਲ ਦੇ ਮਾਸੂਮ ਬੱਚੇ ਨੂੰ ਆਪਣੀ ਹਿੱਕ ਨਾਲ ਰੱਸੇ ਨਾਲ ਬਨ੍ਹ ਕੇ ਨਹਿਰ 'ਚ ਛਾਲ ਮਾਰ ਦਿੱਤੀ ਅਤੇ ਦੋਵਾਂ ਦੀ ਮੌਤ ਹੋ ਗਈ। ਇਸ ਪਿੱਛੇ ਵੀ ਨਾਜਾਇਜ਼ ਸਬੰਧ ਨੂੰ ਹੀ ਕਾਰਨ ਦੱਸਿਆ ਜਾਂਦਾ ਹੈ, ਉਸਨੂੰ ਆਪਣੀ ਪਤੀ 'ਤੇ ਸ਼ਕ ਸੀ ਤੇ ਉਹ ਇਸਨੂੰ ਸਹਿਣ ਨਹੀਂ ਕਰ ਸਕਿਆ।

ਹੁਣ ਤਾਜ਼ਾ ਮਾਮਲਾ ਵੀ ਜ਼ਿਲ੍ਹਾ ਫਾਜ਼ਿਲਕਾ ਦਾ ਹੀ ਹੈ। ਥਾਣਾ ਸਦਰ ਫਾਜ਼ਿਲਕਾ ਨੇ ਪਿੰਡ ਸੈਦੋ ਕੇ ਹਿਠਾੜ ਵਾਸੀ ਮਾਹਲਾ ਸਿੰਘ ਦੇ ਬਿਆਨਾਂ 'ਤੇ ਦੇਸ਼ ਸਿੰਘ ਪੁੱਤਰ ਲਾਲ ਸਿੰਘ ਵਾਸੀ ਪਿੰਡ ਮੋਜਮ ਅਤੇ ਦੀਪੋ ਬਾਈ ਪਤਨੀ ਦਰਸ਼ਨ ਸਿੰਘ ਵਾਸੀ ਮੋਜਮ ਖਿਲਾਫ਼ ਅਧੀਨ ਧਾਰਾ 306 ਤਹਿਤ ਮੁਕਦਮਾ ਦਰਜ ਕਰਕੇ ਕਾਰਵਾਈ ਅਰੰਭੀ ਹੈ। ਮਾਹਲਾ ਸਿੰਘ ਨੇ ਦੱਸਿਆ ਕਿ ਦੇਸ਼ ਸਿੰਘ ਦੇ ਨਾਲ ਉਸਦੀ ਪੁੱਤਰੀ ਸੁਨੀਤਾ ਦੀ ਸ਼ਾਦੀ ਹੋਈ ਸੀ ਅਤੇ 20 ਜੁਲਾਈ 2019 ਨੂੰ ਉਸਦੀ ਬੇਟੀ ਨੇ ਆਪਣੇ ਪਤੀ ਦੇ ਦੀਪੋ ਬਾਈ ਨਾਲ ਨਾਜਾਇਜ਼ ਸਬੰਧਾਂ ਤੋਂ ਪਰੇਸ਼ਾਨ ਹੋ ਕੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ। ਜੇਕਰ ਇਨ੍ਹਾਂ ਮਾਮਲਿਆਂ ਨੂੰ ਵੇਖਿਆ ਜਾਵੇ ਤਾਂ ਲਗਦਾ ਹੈ ਕਿ ਅੱਜ ਦੇ ਸਮੇਂ 'ਚ ਨਾਜਾਇਜ਼ ਸਬੰਧਾਂ ਕਰਕੇ ਘਰ ਬਰਬਾਦ ਹੋ ਰਹੇ ਹਨ ਅਤੇ ਜੁਰਮ 'ਚ ਵਾਧੇ ਦਾ ਕਾਰਨ ਵੀ ਇਹ ਨਾਜਾਇਜ਼ ਸਬੰਧ ਹੀ ਹਨ, ਉਹ ਭਾਵੇਂ ਪਤੀ ਦੇ ਹੋਣ ਜਾਂ ਫਿਰ ਪਤਨੀ ਦੇ! ਪਰ ਇਸ ਵਿੱਚ ਪਿਸਦਾ ਦੋਵੇਂ ਧਿਰਾਂ ਦਾ ਪੁਰਾ ਪਰਿਵਾਰ ਅਤੇ ਬੱਚੇ ਹਨ ਜਿਨ੍ਹਾਂ ਨੂੰ ਸਾਰੀ ਉਮਰ ਇਸਨੂੰ ਸਹਿਣਾ ਪੈਂਦਾ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।