ਆਖ਼ਰ ਸਮਾਂ ਰਹਿੰਦਿਆਂ, ਕਿਉਂ ਨਹੀਂ ਸੀ ਲਈ, ਸਰਕਾਰ ਨੇ ਡਿਗੂੰ ਡਿਗੂੰ ਕਰਦੇ ਪੁਲ ਦੀ ਸਾਰ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jul 12 2019 15:45
Reading time: 1 min, 23 secs

ਜ਼ਿਲ੍ਹਾ ਪਟਿਆਲਾ ਦੇ ਪਿੰਡ ਸਿਰਕੱਪੜਾ ਵਿੱਚ ਘੱਗਰ ਦਰਿਆ ਤੇ ਬਣਿਆ ਪੁਲ, ਸਰਕਾਰ ਦੀ ਨਲਾਇਕੀ ਅਤੇ ਅਣਗੌਲੇਪਨ ਦਾ ਸ਼ਿਕਾਰ ਹੋ ਕੇ ਪਿਛਲੇ ਦਿਨੀਂ ਹੀ ਤਾਸ਼ ਦੇ ਪੱਤਿਆਂ ਵਾਂਗ ਢਹਿ ਢੇਰੀ ਹੋ ਗਿਆ ਹੈ। ਇਸ ਪੁਲ ਦੇ ਢਹਿ ਜਾਣ ਕਾਰਨ ਜਿੱਥੇ ਲਗਭਗ ਤਿੰਨ ਦਰਜਨ ਪਿੰਡਾਂ ਦਾ ਪਟਿਆਲਾ ਨਾਲੋਂ ਸਿੱਧਾ ਸੰਪਰਕ ਟੁੱਟ ਚੁੱਕਾ ਹੈ, ਉੱਥੇ ਹੀ ਇਹ ਢੱਠਿਆ ਹੋਇਆ ਪੁਲ ਸਥਾਨਕ ਲੋਕਾਂ ਲਈ ਸਿਰਦਰਦੀ ਦਾ ਵੱਡਾ ਕਾਰਨ ਵੀ ਬਣ ਕੇ ਰਹਿ ਗਿਆ ਹੈ।

ਦੋਸਤੋ, ਇਹ ਤਾਂ ਉਹ ਹਾਲਾਤ ਹਨ ਜਿਹੜੇ ਕਿ, ਸਾਨੂੰ ਸਾਰਿਆਂ ਨੂੰ ਨੰਗੀ ਅੱਖ਼ ਨਾਲ ਨਜ਼ਰ ਆ ਰਹੇ ਹਨ, ਪਰ ਸਵਾਲ ਤਾਂ ਇਹ ਪੈਦਾ ਹੁੰਦਾ ਹੈ ਕਿ, ਆਖ਼ਰ ਸਮਾਂ ਰਹਿੰਦਿਆਂ ਸਮੇਂ ਦੀਆਂ ਸਰਕਾਰਾਂ ਨੇ ਲੰਬੇ ਸਮੇਂ ਤੋਂ ਡਿਗੂੰ ਡਿਗੂੰ ਕਰਦੇ ਇਸ ਪੁਲ ਦੀ ਮੁਰੰਮਤ ਵੱਲ ਕੋਈ ਧਿਆਨ ਕਿਉਂ ਨਹੀਂ ਦਿੱਤਾ, ਉਸਦੀ ਸਾਰ ਕਿਉਂ ਨਹੀਂ ਲਈ।

ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ, ਇਹ ਪੁਲ ਪਿਛਲੇ ਲੰਬੇ ਸਮੇਂ ਤੋਂ ਖ਼ਸਤਾ ਹਾਲਤ ਵਿੱਚ ਸੀ ਪਰ ਲੋਕਾਂ ਦੀ ਭਾਰੀ ਮੰਗ ਦੇ ਬਾਵਜੂਦ ਵੀ ਸਰਕਾਰ ਨੇ ਇਸਦੀ ਮੁਰੰਮਤ ਵੱਲ ਕੋਈ ਵਿਸ਼ੇਸ਼ ਧਿਆਨ ਨਹੀਂ ਦਿੱਤਾ ਤੇ, ਨਤੀਜਾ ਅੱਜ ਆਪ ਸਭ ਦੇ ਸਾਹਮਣੇ ਹੈ। ਇਹ ਤਾਂ ਸ਼ੁਕਰ ਹੈ ਕਿ, ਜਿਸ ਵੇਲੇ ਇਹ ਪੁਲ ਢੱਠਿਆ, ਉਸ ਉੱਤੇ ਸਵਾਰੀਆਂ ਨਾਲ ਭਰਿਆ ਕੋਈ ਭਾਰੀ ਵਾਹਨ ਨਹੀਂ ਸੀ, ਵਰਨਾ ਇੱਥੇ ਵੱਡਾ ਜਾਨੀ ਤੇ ਮਾਲੀ ਨੁਕਸਾਨ ਵੀ ਹੋ ਸਕਦਾ ਸੀ।

ਦੋਸਤੋ, ਭਾਵੇਂਕਿ ਕਾਂਗਰਸ ਦੇ ਸਨੌਰ ਹਲਕਾ ਮੁਖੀ ਹਰਿੰਦਰਪਾਲ ਸਿੰਘ ਹੈਰੀਮਾਨ ਦਾ ਦਾਅਵਾ ਹੈ ਕਿ, ਉਹ ਜਲਦ ਹੀ ਸਾਰਾ ਕੁਝ ਠੀਕ ਕਰ ਲੈਣਗੇ ਤੇ ਛੇਤੀ ਹੀ ਆਵਾਜਾਈ ਆਮ ਵਾਂਗ ਚਲਾ ਦਿੱਤੀ ਜਾਵੇਗੀ ਪਰ ਬਾਵਜੂਦ ਇਸਦੇ ਇਹੀ ਸਵਾਲ ਪੈਦਾ ਹੁੰਦਾ ਹੈ ਕਿ, ਆਖ਼ਰ ਹੈਰਮਾਨ ਨੇ ਆਪਣੇ ਹਲਕੇ ਦੇ ਇਸ ਖ਼ਸਤਾ ਪੁਲ ਦੀ ਪਹਿਲਾਂ ਕਿਉਂ ਨਹੀਂ ਸਾਰ ਲਈ? ਕਿਉਂ ਉਹ, ਉਹਨਾਂ ਦੀ ਸਰਕਾਰ ਇਸਦੇ ਢਹਿ ਜਾਣ ਦਾ ਇੰਤਜ਼ਾਰ ਕਰਦੇ ਰਹੇ?

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।