ਦੁੱਧ, ਦਹੀਂ ਜਾਂ ਪਨੀਰ ਹੀ ਨਹੀਂ, ਸ਼ਾਹੀ ਸ਼ਹਿਰ 'ਚ ਤਾਂ ਆਈ.ਪੀ.ਐੱਸ. ਵੀ ਮਿਲ ਜਾਂਦੇ ਨੇ ਨਕਲੀ !!! (ਵਿਅੰਗ)

Last Updated: Jul 12 2019 15:23
Reading time: 1 min, 57 secs

ਪਟਿਆਲਾ ਕੇਵਲ ਇੱਥੋਂ ਦੇ ਪੈੱਗ, ਪੱਗ, ਸਲਵਾਰ, ਜੁੱਤੀਆਂ ਤੇ ਨਾਲਿਆਂ ਕਰਕੇ ਹੀ ਦੁਨੀਆ ਵਿੱਚ ਮਸ਼ਹੂਰ ਨਹੀਂ ਹੈ, ਇਸ ਸ਼ਾਹੀ ਸ਼ਹਿਰ ਵਿੱਚ ਹੋਰ ਵੀ ਬੜੀਆਂ ਖ਼ੂਬੀਆਂ ਹਨ ਜਿਹੜੀਆਂ ਕਿ, ਇਸਦੀ ਹੋਂਦ ਨੂੰ ਹੋਰਨਾਂ ਸ਼ਹਿਰਾਂ ਨਾਲ ਵੱਖ਼ਰਾ ਕਰਦੀਆਂ ਹਨ। ਅਲੋਚਕਾਂ ਅਨੁਸਾਰ ਹੁਣ ਤਾਂ ਇਹ ਸਾਰੀਆਂ ਬੀਤੇ ਸਮੇਂ ਦੀਆਂ ਗੱਲਾਂ ਲੱਗਦੀਆਂ ਹਨ, ਬਹੁਤ ਕੁਝ ਬਦਲ ਗਿਆ ਹੈ, ਪਟਿਆਲਾ ਵਿੱਚ ਹੁਣ ਤਾਂ, ਇੱਥੋਂ ਦੀ ਸਿਆਸਤ ਵੀ ਤੇ ਸਿਆਸਤ ਦੇ ਢੰਗ ਤਰੀਕੇ ਵੀ।

ਦੋਸਤੋ, ਚਲੋ ਛੱਡੋ, ਅਲੋਚਕਾਂ ਦੀਆਂ ਗੱਲਾਂ ਨੂੰ, ਆਪਾਂ ਵਾਪਿਸ ਆਉਂਦੇ ਹਾਂ ਮੁੱਦੇ ਦੀ ਗੱਲ ਤੇ। ਪਿਛਲੇ ਸਮੇਂ ਦੇ ਦੌਰਾਨ ਪਟਿਆਲਾ ਵਿੱਚ ਨਕਲੀ ਦੁੱਧ, ਦਹੀਂ, ਪਨੀਰ ਅਤੇ ਦੁੱਧ ਤੋਂ ਤਿਆਰ ਹੁੰਦੇ ਹੋਰ ਖ਼ਾਧ ਪਦਾਰਥਾਂ ਦਾ ਇੱਕ ਵੱਡਾ ਜ਼ਖ਼ੀਰਾ ਫ਼ੜਿਆ ਗਿਆ ਸੀ। ਉਸ ਜ਼ਖ਼ੀਰੇ ਦਾ ਕੀ ਬਣਿਆ? ਸਿਹਤ ਵਿਭਾਗ ਵੱਲੋਂ ਭਰੇ ਗਏ ਸੈਂਪਲ ਫ਼ੇਲ ਹੋਏ ਜਾਂ ਪਾਸ? ਇਸ ਵੇਲੇ ਇਹ ਸਾਡੀ ਖ਼ਬਰ ਦਾ ਵਿਸ਼ਾ ਨਹੀਂ ਹੈ ਅਤੇ ਨਾ ਹੀ ਅਸੀਂ ਇੱਥੇ ਉਸਦਾ ਜ਼ਿਕਰ ਹੀ ਕਰਨਾ ਚਾਹੁੰਦੇ ਹਾਂ।

ਦੋਸਤੋ, ਸੁਣ ਕੇ ਹੈਰਾਨੀ ਹੀ ਨਹੀਂ ਹੋਵੇਗੀ ਬਲਕਿ ਤੁਹਾਡੇ ਪੈਰਾਂ ਥੱਲਿਓਂ ਜ਼ਮੀਨ ਵੀ ਸਰਕ ਜਾਏਗੀ ਕਿ, ਇਹ ਉਹ ਸ਼ਾਹੀ ਸ਼ਹਿਰ ਹੈ, ਜਿੱਥੇ ਕੇਵਲ ਦੁੱਧ, ਦਹੀਂ ਅਤੇ ਪਨੀਰ ਹੀ ਨਹੀਂ ਬਲਕਿ ਆਈ.ਪੀ.ਐੱਸ. ਅਧਿਕਾਰੀ ਤੱਕ ਵੀ ਜਾਅਲੀ ਮਿਲ ਜਾਂਦੇ ਹਨ। ਜੀ ਹਾਂ ਇਸ ਗੱਲ ਨੂੰ ਵੀ ਸ਼ਤ ਪ੍ਰਤੀਸ਼ਤ ਸਹੀ ਮੰਨਿਆ ਜਾ ਸਕਦਾ ਹੈ ਜੇਕਰ, ਜ਼ਿਲ੍ਹਾ ਪੁਲਿਸ ਮੁਖ਼ੀ ਮਨਦੀਪ ਸਿੰਘ ਅਤੇ ਥਾਣਾ ਸਿਵਲ ਲਾਈਨ ਦੇ ਇੰਚਾਰਜ ਰਾਹੁਲ ਕੌਸ਼ਲ ਵੱਲੋਂ ਦਿੱਤੀਆਂ ਗਈਆਂ ਜਾਣਕਾਰੀਆਂ ਨੂੰ ਸਹੀ ਮੰਨ ਲਿਆ ਜਾਵੇ ਤਾਂ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ, ਥਾਣਾ ਸਿਵਲ ਲਾਈਨ ਪੁਲਿਸ ਨੇ ਇੱਕ ਇਹੋ ਜਿਹੇ ਸ਼ਖਸ਼ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ, ਜਿਹੜਾ ਕਿ, ਖੁਦ ਨੂੰ ਆਈ.ਪੀ.ਐੱਸ. ਅਧਿਕਾਰੀ ਦੱਸ ਕੇ ਪੰਜਾਬੀ ਬਾਗ ਵਿਖੇ ਸਥਿਤ ਇੱਕ ਜਿੰਮ ਦੇ ਮਾਲਕ ਨੂੰ ਧਮਕਾਇਆ ਕਰਦਾ ਸੀ। ਕੌਸ਼ਲ ਨੇ ਦੱਸਿਆ ਕਿ, ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਹਿਚਾਣ ਸਨੌਰ ਦੇ ਰਹਿਣ ਵਾਲੇ ਅਮਨਦੀਪ ਸਿੰਘ ਦੇ ਤੌਰ ਤੇ ਹੋਈ ਹੈ।

ਦੋਸਤੋ, ਇੱਥੇ ਹੀ ਬੱਸ ਨਹੀਂ, ਦੱਸਿਆ ਜਾ ਰਿਹੈ ਕਿ, ਅਮਨਦੀਪ ਸਿੰਘ, ਅਕਸਰ ਹੀ ਬਾ-ਵਰਦੀ ਜਿੰਮ ਤੇ ਆਇਆ ਕਰਦਾ ਸੀ, ਜਿੱਥੇ ਆ ਕੇ ਉਹ ਖ਼ੁਦ ਨੂੰ ਅੰਡਰ ਟ੍ਰੇਨੀ ਆਈ.ਪੀ.ਐੱਸ. ਅਧਿਕਾਰੀ ਹੋਣ ਦਾ ਰੋਹਬ ਝਾੜਿਆ ਕਰਦਾ ਸੀ। ਭਾਵੇਂ ਕਿ ਇਸ ਗੱਲ ਦੀ ਅਧਿਕਾਰਿਤ ਤੌਰ ਤੇ ਕੋਈ ਪੁਸ਼ਟੀ ਨਹੀਂ ਹੋ ਸਕੀ ਪਰ ਸੂਤਰ ਦੱਸਦੇ ਹਨ ਕਿ, ਜਿੰਮ ਮਾਲਕ ਨੇ ਬੜੀ ਹੀ ਚਲਾਕੀ ਨਾਲ ਅਮਨਦੀਪ ਸਿੰਘ ਦੀ ਫ਼ੋਟੋ ਖ਼ਿੱਚ ਕੇ ਪੁਲਿਸ ਅਧਿਕਾਰੀਆਂ ਤੱਕ ਪੁੱਜਦੀ ਕਰ ਦਿੱਤੀ ਸੀ ਤਾਂ ਜੋ ਅਗਲੀ ਕਾਰਵਾਈ ਕਰਨ ਤੋਂ ਪਹਿਲਾਂ ਉਸਦੀ ਸਹੀ ਪਹਿਚਾਣ ਕਰਵਾ ਲਈ ਜਾਵੇ। ਨਕਲੀ ਆਈ.ਪੀ.ਐੱਸ. ਅਧਿਕਾਰੀ ਇਸ ਵੇਲੇ ਸਲਾਖ਼ਾਂ ਪਿੱਛੇ ਬੈਠਾ ਬਗਲੇ ਝਾਕਦਾ ਨਜ਼ਰ ਆ ਰਿਹਾ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।