ਐਕਸੀਡੈਂਟ ਹੋ ਜਾਂਦਾ ਹੈ ਤਾਂ, ਨਾ ਮੰਗਿਓਂ ਕਿਸੇ ਅਣਪਛਾਤੇ ਤੋਂ ਮਦਦ, ਨਹੀਂ ਤਾਂ... (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jul 12 2019 14:50
Reading time: 2 mins, 7 secs

ਜਦੋਂ ਵੀ ਕੋਈ ਸੜਕ ਹਾਦਸਾ ਵਾਪਰ ਜਾਂਦਾ ਹੈ ਤਾਂ, ਬਹੁਤੇ ਲੋਕ ਤਾਂ ਜ਼ਖਮੀਆਂ ਦੀ ਮਦਦ ਹੀ ਨਹੀਂ ਕਰਦੇ ਅਤੇ ਕਈ ਵਾਰ ਜ਼ਖਮੀ ਨੂੰ ਮਦਦ ਮੰਗਣੀ ਵੀ ਕਿਸੇ ਤੋਂ ਮਹਿੰਗੀ ਪੈ ਜਾਂਦੀ ਹੈ। ਜੀ ਹਾਂ, ਅਜਿਹਾ ਹੀ ਹੋਇਆ, ਉਨ੍ਹਾਂ ਪ੍ਰਾਈਵੇਟ ਕੰਪਨੀ ਕਰੈਡਿਟ ਕੇਅਰ ਲਿਮਟਿਡ ਦਿੱਲੀ ਬ੍ਰਾਂਚ ਦੇ ਕਰਮਚਾਰੀਆਂ ਦੇ ਨਾਲ, ਜਿਨ੍ਹਾਂ ਨੇ ਆਪਣਾ ਐਕਸੀਡੈਂਟ ਹੋਣ 'ਤੇ ਦੋ ਨੌਜਵਾਨਾਂ ਤੋਂ ਮਦਦ ਮੰਗੀ, ਪਰ ਸ਼ੈਤਾਨ ਨੌਜਵਾਨ ਪ੍ਰਾਈਵੇਟ ਕੰਪਨੀ ਕਰੈਡਿਟ ਕੇਅਰ ਲਿਮਟਿਡ ਦਿੱਲੀ ਬ੍ਰਾਂਚ ਦੇ ਕਰਮਚਾਰੀਆਂ ਦਾ ਬੈਗ ਹੀ ਚੋਰੀ ਕਰਕੇ ਲੈ ਗਏ। 

ਵੇਖਿਆ ਜਾਵੇ ਤਾਂ, ਸੱਟ ਭਾਵੇਂ ਹੀ ਐਕਸੀਡੈਂਟ ਦੀ ਕੰਪਨੀ ਦੇ ਕਰਮਚਾਰੀਆਂ ਨੂੰ ਕਾਫ਼ੀ ਡੂੰਘੀ ਵੱਜੀ, ਪਰ ਜਿਹੜੀ ਸੱਟ ਉਕਤ ਮਦਦ ਕਰਨ ਵਾਲੇ ਨੌਜਵਾਨ ਮਾਰ ਕੇ ਗਏ, ਉਹ ਲੱਗਦੈ ਪ੍ਰਾਈਵੇਟ ਕੰਪਨੀ ਕਰੈਡਿਟ ਕੇਅਰ ਲਿਮਟਿਡ ਦਿੱਲੀ ਬ੍ਰਾਂਚ ਦੇ ਕਰਮਚਾਰੀਆਂ ਨੂੰ ਸਾਰੀ ਉਮਰ ਹੀ ਨਹੀਂ ਭੁੱਲੇਗੀ। ਇਸ ਘਟਨਾ ਦੇ ਸਬੰਧ ਵਿੱਚ ਭਾਵੇਂ ਹੀ ਪੁਲਿਸ ਥਾਣਾ ਤਲਵੰਡੀ ਭਾਈ ਦੇ ਵੱਲੋਂ ਉਕਤ ਦੋਵੇਂ ਨੌਜਵਾਨਾਂ ਦੇ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਗਿਆ ਹੈ, ਪਰ ਪੁਲਿਸ ਹੁਣ ਤੱਕ ਉਕਤ ਚੋਰਾਂ ਦੀ ਪਛਾਣ ਹੀ ਨਹੀਂ ਕਰ ਸਕੀ। 

ਇਸ ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਕਪਿਲ ਕੁਮਾਰ ਪੁੱਤਰ ਜੈ ਸਿੰਘ ਵਾਸੀ ਕਪਸਾੜ, ਯੂ.ਪੀ. ਹਾਲ ਮੱਲਾਂਵਾਲਾ ਰੋਡ ਜ਼ੀਰਾ ਨੇ ਪੁਲਿਸ ਥਾਣਾ ਤਲਵੰਡੀ ਭਾਈ ਨੂੰ ਦਿੱਤੇ ਬਿਆਨਾਂ ਵਿੱਚ ਦੋਸ਼ ਲਗਾਉਂਦਿਆਂ ਹੋਇਆਂ ਦੱਸਿਆ ਕਿ ਉਹ ਪ੍ਰਾਈਵੇਟ ਕੰਪਨੀ ਕਰੈਡਿਟ ਕੇਅਰ ਲਿਮਟਿਡ ਦਿੱਲੀ ਬ੍ਰਾਂਚ ਵਿੱਚ ਫ਼ੀਲਡ ਅਫ਼ਸਰ ਹੈ। ਕਪਿਲ ਕੁਮਾਰ ਨੇ ਦੋਸ਼ ਲਗਾਇਆ ਕਿ ਬੀਤੇ ਦਿਨ ਉਹ ਬ੍ਰਾਂਚ ਮੁਲਾਜ਼ਮ ਕਿਰਨ ਪਾਲਾ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਕਰਜ਼ਦਾਰਾਂ ਦੇ ਕੋਲੋਂ ਕਿਸ਼ਤਾਂ ਇਕੱਠੀਆਂ ਕਰਨ ਜਾ ਰਹੇ ਸੀ ਤਾਂ ਜਦੋਂ ਉਹ ਜ਼ੀਰਾ-ਕੋਟ ਕਰੋੜ ਖ਼ੁਰਦ ਰੋਡ ਕੋਲ ਪਹੁੰਚੇ ਤਾਂ ਇਸ ਦੌਰਾਨ ਉਨ੍ਹਾਂ ਦੀ ਟੱਕਰ ਇੱਕ ਖੰਭੇ ਨਾਲ ਹੋ ਗਈ। 

ਕਪਿਲ ਮੁਤਾਬਿਕ ਟੱਕਰ ਇੰਨੀ ਭਿਆਨਕ ਸੀ, ਕਿ ਉਹ ਦੋਵੇਂ ਜਣੇ ਜ਼ਮੀਨ 'ਤੇ ਡਿੱਗ ਪਏ ਅਤੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਕਪਿਲ ਕੁਮਾਰ ਨੇ ਦੋਸ਼ ਲਗਾਇਆ ਕਿ ਇਸ ਦੌਰਾਨ ਉਨ੍ਹਾਂ ਦੇ ਪਿੱਛੋਂ ਇੱਕ ਮੋਟਰਸਾਈਕਲ 'ਤੇ ਸਵਾਰ ਹੋ ਕੇ ਦੋ ਅਣਪਛਾਤੇ ਨੌਜਵਾਨ ਆਏ, ਜਿਨ੍ਹਾਂ ਤੋਂ ਮੁੱਦਈ ਹੋਰਾਂ ਨੇ ਮਦਦ ਦੀ ਮੰਗ ਕੀਤੀ, ਪਰ ਉਕਤ ਨੌਜਵਾਨਾਂ ਮੁੱਦਈ ਹੋਰਾਂ ਨੂੰ ਸੰਭਾਲਦਿਆਂ ਹੋਇਆਂ ਉਨ੍ਹਾਂ ਦਾ ਪੈਸਿਆਂ ਵਾਲਾ ਬੈਗ ਚੋਰੀ ਕਰਕੇ ਲੈ ਗਏ। ਕਪਿਲ ਕੁਮਾਰ ਮੁਤਾਬਿਕ ਬੈਗ ਦੇ ਵਿੱਚ 1,13310 ਰੁਪਏ ਸਨ। 

ਉਨ੍ਹਾਂ ਦੱਸਿਆ ਕਿ ਇਸ ਚੋਰੀ ਦੀ ਘਟਨਾ ਦੇ ਸਬੰਧ ਵਿੱਚ ਉਨ੍ਹਾਂ ਦੇ ਵੱਲੋਂ ਪੁਲਿਸ ਥਾਣਾ ਤਲਵੰਡੀ ਭਾਈ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਥਾਣਾ ਤਲਵੰਡੀ ਭਾਈ ਦੇ ਏਐਸਆਈ ਲਖਵੀਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਕਪਿਲ ਕੁਮਾਰ ਦੇ ਬਿਆਨਾਂ ਦੇ ਆਧਾਰ 'ਤੇ ਦੋ ਅਣਪਛਾਤੇ ਚੋਰਾਂ ਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਉਕਤ ਚੋਰਾਂ ਦੀ ਭਾਲ ਲਈ ਵੱਖ-ਵੱਖ ਥਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਉਕਤ ਚੋਰ ਕਾਬੂ ਕਰ ਲਏ ਜਾਣਗੇ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।