ਆਖ਼ਰ ਖੁੱਲ੍ਹਿਆ ਭੇਦ, ਮਾਂ ਨੇ ਹੀ ਕੀਤਾ ਸੀ ਮਾਸੂਮ ਧੀ ਨੂੰ, ਪਾਣੀ ਵਾਲੀ ਟੈਂਕੀ 'ਚ ਕੈਦ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jul 11 2019 15:27
Reading time: 1 min, 27 secs

ਈਰਖਾ ਤੇ ਬਦਲੇ ਦੀ ਭਾਵਨਾ ਦਾ ਸ਼ਿਕਾਰ ਹੋਇਆ ਇਨਸਾਨ, ਕਈ ਵਾਰ ਅਜਿਹੇ ਫ਼ੈਸਲੇ ਲੈਣ ਲਈ ਮਜਬੂਰ ਹੋ ਜਾਂਦਾ ਹੈ, ਜਿਹੜੇ ਕਿ ਬਾਅਦ ਵਿੱਚ ਉਸ ਦੇ ਪਛਤਾਵੇ ਦਾ ਕਾਰਨ ਬਣ ਜਾਂਦੇ ਹਨ। ਕੁਝ ਅਜਿਹੇ ਹੀ ਬਦਲੇ ਦੀ ਭਾਵਨਾ ਦਾ ਸ਼ਿਕਾਰ ਹੋਈ ਸੁਮਨ ਨੇ ਪਿਛਲੇ ਦਿਨੀਂ ਆਪਣੀ ਹੀ ਮਹਿਜ਼ 5 ਕੁ ਸਾਲਾਂ ਦੀ ਮਾਸੂਮ ਬੇਟੀ ਦੇ ਗੁੰਮ ਹੋ ਜਾਣ ਦਾ ਡਰਾਮਾ ਰਚ ਕੇ, ਉਸ ਨੂੰ ਗੁਆਂਢੀਆਂ ਦੇ ਕੋਠੇ 'ਤੇ ਬਣੀ ਪਾਣੀ ਵਾਲੀ ਟੈਂਕੀ ਵਿੱਚ ਕੈਦ ਕਰ ਦਿੱਤਾ ਸੀ। 

ਕਾਬਿਲ-ਏ-ਗ਼ੌਰ ਹੈ ਕਿ, ਸ਼ਿਕਾਇਤ ਮਿਲਣ ਦੇ ਬਾਅਦ ਪੁਲਿਸ ਨੇ ਪੂਰੇ 27 ਘੰਟੇ ਦੇ ਬਾਅਦ ਕੁੜੀ ਨੂੰ ਪਾਣੀ ਵਾਲੀ ਟੈਂਕੀ 'ਚੋਂ ਬਰਾਮਦ ਕਰਕੇ ਜਾਂਚ ਆਪਣੀ ਜਾਂਚ ਨੂੰ ਅੱਗੇ ਵਧਾ ਦਿੱਤਾ ਸੀ। ਲੰਘੀ ਦੇਰ ਸ਼ਾਮ ਹੀ ਪੁਲਿਸ ਨੇ ਜਦੋਂ, ਸ਼ੱਕ ਪੈਣ 'ਤੇ ਸੁਮਨ ਦਾ ਰਿਮਾਂਡ ਲੈ ਕੇ ਉਸ ਪਾਸੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ, ਉਹ ਪਹਿਲੇ ਹੀ ਝਟਕੇ ਵਿੱਚ ਤੋਤੇ ਵਾਂਗ ਬੋਲ ਪਈ ਕਿ, ਉਸ ਦੀ ਮਾਸੂਮ ਧੀ ਨੂੰ ਕਿਸੇ ਹੋਰ ਨੇ ਨਹੀਂ, ਬਲਕਿ ਉਸ ਨੇ ਖ਼ੁਦ ਹੀ ਚੁੱਕ ਕੇ ਪਾਣੀ ਵਾਲੀ ਟੈਂਕੀ ਵਿੱਚ ਛੁਪਾ ਦਿੱਤਾ ਸੀ, ਤਾਂ ਜੋ ਇਲਜ਼ਾਮ ਆਪਣੇ ਭਰਾ ਤੇ ਭਾਬੀ ਤੇ ਮੜ੍ਹਿਆ ਜਾ ਸਕੇ। 

ਸੁਮਨ ਨੇ ਕਬੂਲ ਕਰ ਲਿਆ ਕਿ, ਪਿੰਡ ਆਲਮਪੁਰ ਨਿਵਾਸੀ ਉਸ ਦੇ ਭਰਾ ਅਤੇ ਭਾਬੀ ਨੇ ਉਸ ਤੇ ਚਾਰ ਹਜ਼ਾਰ ਰੁਪਏ ਚੋਰੀ ਕਰਨ ਦਾ ਇਲਜ਼ਾਮ ਲਗਾਇਆ ਸੀ, ਜਿਸ ਦਾ ਬਦਲਾ ਲੈਣ ਲਈ ਉਸ ਨੇ ਆਪਣੀ ਮਾਸੂਮ ਧੀ ਨੂੰ ਪਾਣੀ ਵਾਲੀ ਟੈਂਕੀ ਵਿੱਚ ਛੁਪਾ ਕੇ, ਇਲਜ਼ਾਮ ਆਪਣੇ ਭਰਾ ਤੇ ਭਾਬੀ 'ਤੇ ਲਗਾ ਕੇ ਆਪਣਾ ਬਦਲਾ ਲਿਆ ਜਾ ਸਕੇ। ਥਾਣਾ ਸਦਰ ਪੁਲਿਸ ਨੇ ਸੁਮਨ ਦੇ ਬਰ-ਖ਼ਿਲਾਫ਼ ਧਾਰਾ 307 ਦੇ ਤਹਿਤ ਪਰਚਾ ਦਰਜ ਕਰ ਲਿਆ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ, ਸੁਮਨ ਆਪਣੀ ਧੀ ਨੂੰ ਲੈ ਕੇ ਆਪਣੇ ਪੇਕੇ ਪਿੰਡ ਆਲਮਪੁਰ ਆਈ ਹੋਈ ਸੀ, ਜਿੱਥੇ ਕਿ, ਉਸ ਨੇ ਬਦਲੇ ਦੀ ਭਾਵਨਾ ਵਿੱਚ ਭਰਾ ਤੇ ਭਾਬੀ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਪਰ, ਆਪਣੀ ਚਾਲ ਵਿੱਚ ਉਹ ਖ਼ੁਦ ਹੀ ਫਸ ਗਈ ਅਤੇ ਸਲਾਖ਼ਾਂ ਪਿੱਛੇ ਪਹੁੰਚ ਗਈ।