ਹੁਣ ਖੇਤੀ ਨਾਲੋਂ ਵੱਧ, ਲੜਾਈ ਦੀ ਜੜ੍ਹ ਬਣੀਆਂ ਜ਼ਮੀਨਾਂ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jul 11 2019 15:16
Reading time: 3 mins, 31 secs

ਪੰਜਾਬ ਦੇ ਅੰਦਰ ਲੜਾਈ ਝਗੜਿਆਂ ਦਾ ਦੌਰ ਜਾਰੀ ਹੈ, ਕਿਉਂਕਿ ਇਸ ਸਮੇਂ ਪੰਜਾਬ ਦੇ ਅੰਦਰ ਝੋਨਾ ਲੱਗ ਰਿਹਾ ਹੈ। ਕਿਸਾਨਾਂ ਦੇ ਵੱਲੋਂ ਵੱਟਾਂ ਬੰਨਿਆਂ ਤੋਂ ਆਪਸ ਵਿੱਚ ਲੜਾਈ ਝਗੜੇ ਕੀਤੇ ਜਾ ਰਹੇ ਹਨ। ਦਰਅਸਲ, ਵੇਖਿਆ ਜਾਵੇ ਤਾਂ ਇਸ ਵੇਲੇ ਜ਼ਮੀਨਾਂ ਫ਼ਸਲ ਨਾਲੋਂ ਵੱਧ, ਲੜਾਈ ਝਗੜਿਆਂ ਨੂੰ ਜਨਮ ਦੇ ਰਹੀਆਂ ਹਨ। ਬਹੁਤ ਸਾਰੇ ਕੇਸ ਰੋਜ਼ਾਨਾ ਹੀ ਪੰਜਾਬ ਦੇ ਵੱਖ-ਵੱਖ ਥਾਣਿਆਂ ਦੇ ਅੰਦਰ ਲੜਾਈ ਝਗੜਿਆਂ ਦੇ ਹੀ ਦਰਜ ਹੋ ਰਹੇ ਹਨ, ਜੋ ਸਾਬਤ ਕਰਦੇ ਹਨ ਕਿ ਪੰਜਾਬ ਦੇ ਲੋਕਾਂ ਕੋਲ ਲੜਾਈ ਝਗੜੇ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ।
 
ਦਰਅਸਲ, ਫ਼ਿਰੋਜ਼ਪੁਰ ਜ਼ਿਲ੍ਹੇ ਦੀ ਜੇਕਰ ਆਪਾਂ ਗੱਲ ਕਰੀਏ ਤਾਂ 4 ਮਾਮਲੇ ਅਜਿਹੇ ਸਾਹਮਣੇ ਆਏ ਹਨ, ਜੋ ਮਾਮੂਲੀ ਲੜਾਈ ਝਗੜੇ ਅਤੇ ਜ਼ਮੀਨੀ ਵਿਵਾਦ ਦੇ ਹਨ। ਦੱਸ ਦਈਏ ਕਿ ਇਨ੍ਹਾਂ 4 ਮੁਕੱਦਮਿਆਂ ਦੇ ਵਿੱਚ 16 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਲਖਵਿੰਦਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਕਾਲੂ ਅਰਾਈਆਂ ਹਿਠਾੜ ਨੇ ਮਮਦੋਟ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੋਸ਼ ਲਗਾਉਂਦਿਆਂ ਹੋਇਆਂ ਦੱਸਿਆ ਕਿ ਹਰਜੀਤ ਸਿੰਘ, ਮਨਜੀਤ ਸਿੰਘ, ਦੁੱਲਾ ਸਿੰਘ ਅਤੇ ਕਸ਼ਮੀਰ ਸਿੰਘ ਨਾਲ ਮੁੱਦਈ ਹੋਰਾਂ ਦਾ ਪੁਰਾਣਾ ਝਗੜਾ ਚੱਲਦਾ ਆ ਰਿਹਾ ਸੀ।

ਇਸੇ ਰੰਜਿਸ਼ ਦੇ ਚੱਲਦਿਆਂ ਉਕਤ ਵਿਅਕਤੀਆਂ ਨੇ ਮੁੱਦਈ ਦੀ ਕੁੱਟਮਾਰ ਕੀਤੀ ਹੈ ਅਤੇ ਸੱਟਾਂ ਮਾਰੀਆਂ ਹਨ। ਲਖਵਿੰਦਰ ਸਿੰਘ ਮੁਤਾਬਿਕ ਸੱਟਾਂ ਵੱਜ ਜਾਣ ਕਾਰਨ ਉਹ ਜ਼ਖਮੀ ਹੋ ਗਿਆ ਅਤੇ ਪਰਿਵਾਰ ਵਾਲਿਆਂ ਦੇ ਵੱਲੋਂ ਇਲਾਜ ਦੇ ਲਈ ਸਿਵਲ ਹਸਪਤਾਲ ਮਮਦੋਟ ਵਿਖੇ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਮੁੱਦਈ ਦਾ ਇਲਾਜ ਚੱਲ ਰਿਹਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਜਤਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਲਖਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਹਰਜੀਤ ਸਿੰਘ ਪੁੱਤਰ ਜੰਗੀਰ ਸਿੰਘ, ਮਨਜੀਤ ਸਿੰਘ ਪੁੱਤਰ ਜੰਗੀਰ ਸਿੰਘ, ਦੁੱਲਾ ਸਿੰਘ ਪੁੱਤਰ ਸ਼ੇਰ ਸਿੰਘ ਅਤੇ ਕਸ਼ਮੀਰ ਸਿੰਘ ਪੁੱਤਰ ਸ਼ੇਰ ਸਿੰਘ ਵਾਸੀਅਨ ਪਿੰਡ ਕਾਲੂ ਅਰਾਈਆਂ ਹਿਠਾੜ ਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ।

ਦੂਜੇ ਪਾਸੇ ਕੁਲਗੜੀ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੋਸ਼ ਲਗਾਉਂਦਿਆਂ ਹੋਇਆਂ ਪਿੰਡ ਤੂਤ ਦੀ ਰਹਿਣ ਵਾਲੀ ਇੱਕ ਔਰਤ ਨੇ ਦੱਸਿਆ ਕਿ ਸੁਖਦੇਵ ਸਿੰਘ, ਵੀਰਪਾਲ ਕੌਰ ਅਤੇ ਜਗਜੀਤ ਸਿੰਘ ਹੋਰਾਂ ਦੇ ਨਾਲ ਮੁੱਦਈਆ ਹੋਰਾਂ ਦਾ ਘਰੇਲੂ ਜ਼ਮੀਨ ਸਬੰਧੀ ਝਗੜਾ ਚੱਲਦਾ ਆ ਰਿਹਾ ਸੀ। ਇਸੇ ਰੰਜਿਸ਼ ਦੇ ਚੱਲਦਿਆਂ ਹੋਇਆਂ ਉਕਤ ਲੋਕਾਂ ਨੇ ਹਮਮਸ਼ਵਰਾ ਹੋ ਕੇ ਮੁੱਦਈਆ ਦੀ ਕੁੱਟਮਾਰ ਕੀਤੀ ਅਤੇ ਉਸ ਦੇ ਕੱਪੜੇ ਪਾੜਨ ਤੋਂ ਇਲਾਵਾ ਧਮਕੀਆਂ ਦਿੱਤੀਆਂ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਬਲਜੀਤ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਔਰਤ ਦੇ ਬਿਆਨਾਂ ਦੇ ਆਧਾਰ 'ਤੇ ਸੁਖਦੇਵ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਬੇਦੀ ਕਲੋਨੀ ਫ਼ਿਰੋਜ਼ਪੁਰ ਸ਼ਹਿਰ, ਵੀਰਪਾਲ ਕੌਰ ਪਤਨੀ ਕਾਰਜ ਸਿੰਘ ਅਤੇ ਜਗਜੀਤ ਸਿੰਘ ਪੁੱਤਰ ਕਾਰਜ ਸਿੰਘ ਵਾਸੀਅਨ ਕਬਰ ਵਾਲਾ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਵਿਰੁੱਧ ਆਈਪੀਸੀ ਐਕਟ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ। 

ਇਸੇ ਤਰ੍ਹਾਂ ਦਲਬੀਰ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਰੱਤਾ ਖੇੜਾ ਬਾਜਾ ਕੋਤਵਾਲ ਨੇ ਪੁਲਿਸ ਥਾਣਾ ਘੱਲ ਖ਼ੁਰਦ ਨੂੰ ਦਿੱਤੇ ਬਿਆਨਾਂ ਵਿੱਚ ਦੋਸ਼ ਲਗਾਉਂਦਿਆਂ ਹੋਇਆਂ ਦੱਸਿਆ ਕਿ ਲਵਪ੍ਰੀਤ ਸਿੰਘ, ਪਿੱਪਲ ਸਿੰਘ, ਸੁਖਵਿੰਦਰ ਸਿੰਘ, ਜਸਵੀਰ ਕੌਰ ਅਤੇ ਕਿਰਨਜੀਤ ਸਿੰਘ ਦੇ ਨਾਲ ਮੁੱਦਈ ਹੋਰਾਂ ਦਾ ਪੁਰਾਣਾ ਝਗੜਾ ਚੱਲਦਾ ਆ ਰਿਹਾ ਸੀ। ਇਸੇ ਰੰਜਿਸ਼ ਦੇ ਕਾਰਨ ਉਕਤ ਲੋਕਾਂ ਨੇ ਬੀਤੇ ਦਿਨ ਮੁੱਦਈ ਹੋਰਾਂ ਦੇ ਘਰ ਜਾ ਰਹੇ ਮੁੱਦਈ ਅਤੇ ਉਸ ਦੇ ਮਾਤਾ ਪਿਤਾ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਸੱਟਾਂ ਮਾਰੀਆਂ ਹਨ। ਦਲਬੀਰ ਸਿੰਘ ਨੇ ਦੱਸਿਆ ਕਿ ਸੱਟਾਂ ਵੱਜਣ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਅਤੇ ਪਰਿਵਾਰ ਵਾਲਿਆਂ ਦੇ ਵੱਲੋਂ ਉਨ੍ਹਾਂ ਨੂੰ ਮੈਡੀਕਲ ਕਾਲਜ ਫ਼ਰੀਦਕੋਟ ਵਿਖੇ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਇਸ ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਰਜਵੰਤ ਕੌਰ ਨੇ ਦੱਸਿਆ ਕਿ ਸ਼ਿਕਾਇਤਕਰਤਾ ਦਲਬੀਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਲਵਪ੍ਰੀਤ ਸਿੰਘ ਪੁੱਤਰ ਪਿੱਪਲ ਸਿੰਘ, ਪਿੱਪਲ ਸਿੰਘ ਪੁੱਤਰ ਰੇਸ਼ਮ ਸਿੰਘ, ਸੁਖਵਿੰਦਰ ਸਿੰਘ ਪੁੱਤਰ ਕਾਲਾਲ ਸਿੰਘ, ਜਸਵੀਰ ਕੌਰ ਪਤਨੀ ਪਿੱਪਲ ਸਿੰਘ, ਕਿਰਨਜੀਤ ਸਿੰਘ ਪੁੱਤਰ ਪਿੱਪਲ ਸਿੰਘ ਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸੇ ਤਰ੍ਹਾਂ ਥਾਣਾ ਮੱਲਾਂਵਾਲਾ ਨੂੰ ਦਿੱਤੇ ਬਿਆਨਾਂ ਵਿੱਚ ਦੋਸ਼ ਲਗਾਉਂਦਿਆਂ ਗੁਰਵਿੰਦਰ ਕੌਰ ਪਤਨੀ ਗੁਰਨਾਮ ਸਿੰਘ ਵਾਸੀ ਦੁੱਲਾ ਸਿੰਘ ਵਾਲਾ ਨੇ ਦੱਸਿਆ ਕਿ ਉਨ੍ਹਾਂ ਦਾ ਘਰੇਲੂ ਝਗੜਾ ਗੁਰਨਾਮ ਸਿੰਘ, ਗੁਰਮੀਤ ਸਿੰਘ, ਬਚਨੋ ਅਤੇ ਕੁਲਦੀਪ ਕੌਰ ਆਦਿ ਦੇ ਨਾਲ ਚੱਲਦਾ ਆ ਰਿਹਾ ਸੀ। ਗੁਰਵਿੰਦਰ ਕੌਰ ਨੇ ਦੋਸ਼ ਲਗਾਇਆ ਕਿ ਉਕਤ ਲੋਕਾਂ ਨੇ ਹਮਮਸ਼ਵਰਾ ਹੋ ਕੇ ਮੁੱਦਈਆ ਦੀ ਕੁੱਟਮਾਰ ਕੀਤੀ ਅਤੇ ਸੱਟਾਂ ਮਾਰੀਆਂ ਹਨ।

ਗੁਰਵਿੰਦਰ ਕੌਰ ਮੁਤਾਬਿਕ ਉਸ ਦਾ ਇਲਾਜ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਚੱਲ ਰਿਹਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਨਿਸ਼ਾਨ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਗੁਰਵਿੰਦਰ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਗੁਰਨਾਮ ਸਿੰਘ, ਗੁਰਮੀਤ ਸਿੰਘ ਪੁੱਤਰਾਨ ਰਤਨ ਸਿੰਘ, ਬਚਨੋ ਪਤਨੀ ਰਤਨ ਸਿੰਘ ਅਤੇ ਕੁਲਦੀਪ ਕੌਰ ਪੁੱਤਰੀ ਰਤਨ ਸਿੰਘ ਵਾਸੀਅਨ ਪਿੰਡ ਦੁੱਲਾ ਸਿੰਘ ਵਾਲਾ ਦੇ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।