ਪਾਖੰਡੀ ਬਾਬੇ ਆ ਗਏ, ਸੋਨੇ ਦੀ ਦੇਗ ਕੱਢਣ!!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jul 11 2019 15:01
Reading time: 3 mins, 46 secs

ਪਾਖੰਡਵਾਦ, ਜਿਸ ਦਾ ਨਾਮ ਸੁਣਦਿਆਂ ਹੀ ਵਿਗਿਆਨਿਕ ਸੋਚ ਰੱਖਣ ਵਾਲੇ ਹੱਸ ਪੈਂਦੇ ਹਨ ਅਤੇ ਇਨ੍ਹਾਂ ਪਾਖੰਡੀਆਂ ਨੂੰ ਦੇਸ਼ ਤੋਂ ਬਾਹਰ ਦਾ ਰਸਤਾ ਵਿਖਾਉਣ ਦੇ ਬਾਰੇ ਵਿੱਚ ਸੋਚਣ ਲੱਗ ਪੈਂਦੇ ਹਨ। ਪਰ ਸਾਡੇ ਉਨ੍ਹਾਂ ਭਾਰਤੀ ਲੋਕਾਂ ਨੂੰ ਕਿਵੇਂ ਪਾਖੰਡਵਾਦ ਤੋਂ ਮੁਕਤ ਕਰਵਾਇਆ ਜਾ ਸਕਦਾ ਹੈ, ਜਿਹੜੇ 21ਵੀਂ ਸਦੀ ਵਿੱਚ ਪਹੁੰਚਣ ਦੇ ਬਾਵਜੂਦ ਵੀ 19ਵੀਂ ਸਦੀ ਦੇ ਵਿੱਚ ਲੱਗੇ ਫਿਰਦੇ ਹਨ। ਅੱਜ ਬਹੁਤ ਸਾਰੇ ਪਿੰਡਾਂ ਦੇ ਵਿੱਚ ਪਾਖੰਡੀ ਬਾਬਿਆਂ ਦੇ ਵੱਲੋਂ ਆਪਣੇ ਡੇਰੇ ਬਣਾ ਕੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ।

ਪਿਛਲੇ ਸਮੇਂ ਦੌਰਾਨ ਭਾਵੇਂ ਹੀ ਕਈ ਤਰਕਸ਼ੀਲ ਸੋਸਾਇਟੀਆਂ ਅਤੇ ਬੁੱਧੀਜੀਵੀਆਂ ਦੇ ਵੱਲੋਂ ਇਨ੍ਹਾਂ ਪਾਖੰਡੀ ਬਾਬਿਆਂ ਦੇ ਵਿਰੁੱਧ ਮੁਹਿੰਮਾਂ ਚਲਾਈਆਂ ਗਈਆਂ ਸੀ, ਪਰ ਅਫਸੋਸ ਲੋਕਾਂ ਦਾ ਸਾਥ ਨਾ ਮਿਲਣ ਦੇ ਕਾਰਨ ਉਕਤ ਪਾਖੰਡੀ ਬਾਬਿਆਂ ਦੇ ਡੇਰੇ ਬੰਦ ਨਹੀਂ ਹੋ ਸਕੇ। ਦਰਅਸਲ, ਇਸ ਦਾ ਇੱਕੋ ਇੱਕ ਕਾਰਨ ਹੈ ਕਿ ਸਾਡੇ ਲੋਕਾਂ ਦੀ ਸੋਚ ਹੀ ਹੁਣ ਪਾਖੰਡੀ ਬਾਬਿਆਂ ਦੇ ਵਿੱਚ ਹੀ ਰਹਿ ਗਈ ਹੈ ਅਤੇ ਉਹ ਇਸ ਪਾਖੰਡਵਾਦ ਤੋਂ ਬਾਹਰ ਆਉਣਾ ਹੀ ਨਹੀਂ ਚਾਹੁੰਦੇ। ਵੇਖਿਆ ਜਾਵੇ ਤਾਂ ਜੇਕਰ ਕੋਈ ਪਾਖੰਡਵਾਦ ਵਿੱਚੋਂ ਉਨ੍ਹਾਂ ਨੂੰ ਬਾਹਰ ਆਉਣ ਲਈ ਕਹਿੰਦਾ ਹੈ ਤਾਂ ਉਹ ਬੁਰਾ ਮੰਨਦੇ ਹਨ।

ਦੱਸ ਦਈਏ ਕਿ ਅੱਜ ਸਾਡੇ ਸਮਾਜ ਨੂੰ ਪਾਖੰਡੀ ਬਾਬੇ ਲੁੱਟੀ ਜਾ ਰਹੇ ਹਨ, ਜਿਨ੍ਹਾਂ ਤੋਂ ਲੋਕਾਂ ਨੂੰ ਆਜ਼ਾਦ ਕਰਵਾਉਣ ਦੇ ਲਈ ਪਿੰਡਾਂ ਦੇ ਵਿੱਚ ਜਾਗਰੂਕਤਾ ਸੈਮੀਨਾਰ ਕਰਵਾਏ ਜਾਣੇ ਜ਼ਰੂਰੀ ਹਨ ਤਾਂ ਹੀ ਉਕਤ ਪਾਖੰਡੀ ਬਾਬੇ ਲੋਕਾਂ ਦੀ ਲੁੱਟ ਬੰਦ ਕਰਨਗੇ। ਦੋਸਤੋਂ, ਪੰਜਾਬ ਦੇ ਅੰਦਰ ਇਸ ਸਮੇਂ ਪਾਖੰਡਵਾਦ ਦਾ ਬੋਲਬਾਲਾ ਹੋਣ ਦੇ ਕਾਰਨ ਲੋਕ ਬਹੁਤ ਸਾਰੇ ਪਾਖੰਡੀ ਬਾਬਿਆਂ ਦੀ ਸ਼ਰਨ ਦੇ ਵਿੱਚ ਜਾ ਰਹੇ ਹਨ ਅਤੇ ਉਨ੍ਹਾਂ ਕੋਲੋਂ ਆਪਣੀਆਂ ਪੁੱਛਾਂ ਪੁੱਛ ਕੇ ਬਣਦੀ ਰਸਮ ਅਦਾ ਕਰਦਿਆਂ ਮੋਟੀਆਂ ਰਕਮਾਂ ਲੁਟਾ ਰਹੇ ਹਨ।

ਦੋਸਤੋਂ, ਜਿਹੜਾ ਮਾਮਲਾ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਉਹ ਮਾਮਲਾ ਬੇਹੱਦ ਹੀ ਹੈਰਾਨ ਕਰਨ ਵਾਲਾ ਹੈ ਅਤੇ ਪਾਖੰਡਵਾਦ ਦੇ ਨਾਲ ਜੁੜਿਆ ਹੋਇਆ ਮਾਮਲਾ ਹੈ। ਦਰਅਸਲ, ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਬਾਹਮਣੀ ਵਾਲਾ ਦੇ ਰਹਿਣ ਵਾਲੇ ਇੱਕ ਕਿਸਾਨ ਦਾ ਪੇਚਾ ਕੁਝ ਪਾਖੰਡੀ ਬਾਬਿਆਂ ਦੇ ਨਾਲ ਪੈ ਗਿਆ। ਪਾਖੰਡੀ ਬਾਬਿਆਂ ਨੇ ਕਿਸਾਨ ਨੂੰ ਅਜਿਹਾ ਉਲਝਾ ਦਿੱਤਾ ਕਿ ਕਿਸਾਨ ਪੂਰੀ ਤਰ੍ਹਾਂ ਨਾਲ ਪ੍ਰੇਸ਼ਾਨ ਹੋ ਗਿਆ। ਪਾਖੰਡੀ ਬਾਬਿਆਂ ਦੇ ਗੈਂਗ ਨੇ ਕਿਸਾਨ ਨੂੰ ਆਖਿਆ ਕਿ ਉਸ ਦੇ ਘਰ ਸੋਨੇ ਦੀ ਦੇਗ ਨੱਪੀ ਹੋਈ ਹੈ।

ਜਿਸ ਨੂੰ ਕੱਢਣ ਦੇ ਲਈ ਕਰੀਬ 23 ਲੱਖ ਦੀ ਜ਼ਰੂਰਤ ਹੈ। ਭੋਲੇ ਭਾਲੇ ਕਿਸਾਨ ਨੇ ਆਸਿਓਂ ਪਾਸਿਓਂ ਫੜ ਕੇ 23 ਲੱਖ ਇਕੱਠਾ ਕਰਕੇ ਉਕਤ ਬਾਬਿਆਂ ਦੀ ਝੋਲੀ ਵਿੱਚ ਪਾ ਦਿੱਤਾ ਅਤੇ ਸੋਨੇ ਦੀ ਦੇਗ ਕੱਢਣ ਲਈ ਕਹਿ ਦਿੱਤਾ। ਦਰਅਸਲ, ਜਦੋਂ ਪਾਖੰਡੀ ਬਾਬਿਆਂ ਨੇ 23 ਲੱਖ ਰੁਪਇਆ ਵਸੂਲ ਕਰ ਲਿਆ ਤਾਂ ਫਿਰ ਕਹਿ ਦਿੱਤਾ ਕਿ ਘਰ ਦੇ ਵਿੱਚੋਂ ਸੋਨੇ ਦੀ ਦੇਗ ਨਹਿਰਾਂ 'ਤੇ ਤੁਰ ਗਈ ਹੈ, ਜਿਸ ਨੂੰ ਵਾਪਸ ਲਿਆਉਣ ਦੇ ਲਈ ਸਾਨੂੰ ਨਹਿਰਾਂ 'ਤੇ ਜਾਣਾ ਪਵੇਗਾ। ਕਿਸਾਨ ਉਕਤ ਪਾਖੰਡੀ ਬਾਬਿਆਂ ਦੇ ਨਾਲ ਨਹਿਰਾਂ 'ਤੇ ਚਲਾ ਗਿਆ।

ਜਿੱਥੇ ਉਕਤ ਪਾਖੰਡੀ ਬਾਬਿਆਂ ਨੇ ਉਸ ਨੂੰ ਡਰਾਇਆ ਧਮਕਾਇਆ ਅਤੇ ਕਿਹਾ ਖ਼ਾਲੀ ਅਸਟਾਮ ਪੇਪਰ 'ਤੇ ਦਸਤਖ਼ਤ ਕਰ ਦੇ, ਨਹੀਂ ਤਾਂ ਜਾਨੋ ਮਾਰ ਦਿਆਂਗੇ। ਦਰਅਸਲ, ਕਿਸਾਨ ਨੇ ਡਰਦਿਆਂ ਮਾਰਿਆਂ ਖ਼ਾਲੀ ਅਸਟਾਮ ਪੇਪਰ 'ਤੇ ਦਸਤਖ਼ਤ ਕਰ ਦਿੱਤੇ। ਦੱਸ ਦਈਏ ਕਿ ਕਿਸਾਨ ਦੇ ਵੱਲੋਂ ਉਕਤ ਪਾਖੰਡੀ ਬਾਬਿਆਂ ਸਮੇਤ ਉਨ੍ਹਾਂ ਦੇ ਟੋਲੇ ਵਿਰੁੱਧ ਪੁਲਿਸ ਥਾਣਾ ਗੁਰੂਹਰਸਹਾਏ ਵਿਖੇ ਧੋਖਾਧੜੀ ਦੀਆਂ ਵੱਖ ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰਵਾਇਆ ਗਿਆ ਹੈ। ਭਾਵੇਂ ਹੀ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ।

ਪਰ ਹੁਣ ਤੱਕ ਉਕਤ ਪਾਖੰਡੀ ਬਾਬੇ ਪੁਲਿਸ ਦੀ ਗ੍ਰਿਫਤ ਵਿੱਚੋਂ ਫਰਾਰ ਦੱਸੇ ਜਾ ਰਹੇ ਹਨ। ਇਸ ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਸੁਖਦਿਆਲ ਚੰਦ ਪੁੱਤਰ ਮਦਨ ਲਾਲ ਵਾਸੀ ਪਿੰਡ ਬਾਹਮਣੀ ਵਾਲਾ ਥਾਣਾ ਵੈਰੋ ਕੇ ਜ਼ਿਲ੍ਹਾ ਫਾਜ਼ਿਲਕਾ ਨੇ ਗੁਰੂਹਰਸਹਾਏ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੋਸ਼ ਲਗਾਉਂਦਿਆਂ ਹੋਇਆ ਦੱਸਿਆ ਕਿ ਕੁਝ ਸਮਾਂ ਪਹਿਲੋਂ ਉਸ ਦਾ ਬਲਵਿੰਦਰ ਸਿੰਘ, ਹਰਮੇਸ਼ ਸਿੰਘ, ਗੁਰਦੀਪ ਸਿੰਘ ਆਦਿ ਦੇ ਨਾਲ ਮੇਲ ਮਿਲਾਪ ਹੋਇਆ, ਇਨ੍ਹਾਂ ਦੇ ਵਿੱਚੋਂ ਗੁਰਮੀਤ ਸਿੰਘ ਕਿਸੇ ਬਾਬੇ ਦੀ ਗੱਦੀ ਲਗਾਉਂਦਾ ਸੀ।

ਸੁਖਦਿਆਲ ਨੇ ਦੋਸ਼ ਲਗਾਇਆ ਕਿ ਗੁਰਮੀਤ ਨੇ ਮੁੱਦਈ ਨੂੰ ਕਿਹਾ ਕਿ ਉਸ ਦੇ ਘਰ ਸੋਨੇ ਦੀ ਦੇਗ ਨੱਪੀ ਹੋਈ ਹੈ, ਜਿਸ ਨੂੰ ਕੱਢਣ ਦੇ ਲਈ ਲੱਖਾਂ ਰੁਪਏ ਦੀ ਲੋੜ ਹੈ। ਸੁਖਦਿਆਲ ਮੁਤਾਬਿਕ ਉਕਤ ਪਾਖੰਡੀ ਬਾਬੇ ਦੇ ਝਾਂਸੇ ਵਿੱਚ ਆ ਗਿਆ ਅਤੇ ਬਣਦੀ ਰਕਮ ਦੇ ਦਿੱਤੀ, ਪਰ ਉਕਤ ਗੁਰਮੀਤ ਬਾਬਾ ਮੁੱਦਈ ਦੇ ਘਰੋਂ ਸੋਨੇ ਦੀ ਦੇਗ ਨਾ ਕੱਢ ਸਕਿਆ। ਸੁਖਦਿਆਲ ਮੁਤਾਬਿਕ ਜਦੋਂ ਗੁਰਮੀਤ ਅਤੇ ਉਸ ਦੇ ਹੋਰ ਸਾਥੀ ਮੁੱਦਈ ਨੂੰ ਇਹ ਕਹਿ ਕੇ ਪੈਸੇ ਵਸੂਲਦੇ ਰਹੇ ਕਿ ਤੁਹਾਡੇ ਘਰ ਸੋਨੇ ਦੀ ਦੇਗ ਹੈ, ਜੋ ਜਲਦੀ ਬਾਹਰ ਆ ਜਾਵੇਗੀ।

ਸੁਖਦਿਆਲ ਚੰਦ ਨੇ ਦੋਸ਼ ਲਗਾਇਆ ਕਿ ਉਕਤ ਪਾਖੰਡੀ ਬਾਬਿਆਂ ਕੁਝ ਦਿਨ ਪਹਿਲੋਂ ਮੁੱਦਈ ਨੂੰ ਦੀਪ ਸਿੰਘ ਵਾਲਾ ਨਹਿਰ 'ਤੇ ਲੈ ਗਏ, ਜਿੱਥੇ ਮੁੱਦਈ ਨੂੰ ਮਾਰਨ ਦੀਆਂ ਧਮਕੀਆਂ ਦੇ ਕੇ ਉਸ ਕੋਲੋਂ ਖ਼ਾਲੀ ਅਸਟਾਮ ਪੇਪਰ 'ਤੇ ਦਸਤਖ਼ਤ ਕਰਵਾ ਲਏ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਸੋਨਾ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਸੁਖਦਿਆਲ ਚੰਦ ਦੇ ਬਿਆਨਾਂ ਦੇ ਆਧਾਰ 'ਤੇ ਬਲਵਿੰਦਰ ਸਿੰਘ ਉਰਫ ਪੱਪੂ ਪੁੱਤਰ ਪ੍ਰੀਤਮ ਸਿੰਘ ਵਾਸੀ ਸੁਖੇਰਾ ਬੋਦਲਾਂ ਫਾਜ਼ਿਲਕਾ, ਹਰਮੇਸ਼ ਸਿੰਘ ਪੁੱਤਰ ਖੰਡਾ ਸਿੰਘ ਵਾਸੀ ਗੁਰੂਹਰਸਹਾਏ, ਗੁਰਦੀਪ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਹਜ਼ਾਰਾ ਰਾਮ ਸਿੰਘ ਵਾਲਾ ਫਾਜ਼ਿਲਕਾ ਅਤੇ 7 ਅਣਪਛਾਤੇ ਵਿਅਕਤੀਆਂ ਦੇ ਵਿਰੁੱਧ ਧੋਖਾਧੜੀ ਦੀਆਂ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।