ਕੀ ਸਿੱਧੂ ਵੀ ਚੁੱਕਣਗੇ ਸਖ਼ਤ ਕਦਮ, ਦੇਣਗੇ ਅਸਤੀਫਾ ਜਾਂ...

Last Updated: Jul 11 2019 12:24
Reading time: 2 mins, 44 secs

ਆਖਿਰ ਜਿਸ ਗੱਲ ਦੀਆਂ ਚਰਚਾਵਾਂ ਪਿਛਲੇ ਲਗਭਗ ਇੱਕ ਮਹੀਨੇ ਤੋਂ ਚਲ ਰਹੀਆਂ ਸਨ ਉਹ ਹੋ ਹੀ ਗਿਆ ਤੇ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਨੂੰ ਆਊਟ ਕਰਦਿਆਂ ਬਿਜਲੀ ਵਿਭਾਗ ਦੀ ਕਮਾਨ ਵੀ ਆਪ ਸਾਂਭ ਲਈ ਹੈ।ਗਰਮੀ ਦੇ ਮੌਸਮ ਕਰਕੇ ਅਤੇ ਝੌਨੇ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਹੀ ਕੈਪਟਨ ਵੱਲੋਂ ਏਦਾਂ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਪਰ ਲੱਗਦਾ ਹੈ ਕਿ ਬੀਤੇ ਦਿਨੀਂ ਪ੍ਰਤਾਪ ਸਿੰਘ ਬਾਜਵਾ ਵੱਲੋਂ ਦਿੱਤੇ ਗਏ ਬਿਆਨ ਅਤੇ ਵਿਰੋਧੀਆਂ ਵੱਲੋਂ ਲਗਾਏ ਜਾ ਰਹੇ ਨਿਸ਼ਾਨਿਆਂ ਨੂੰ ਲੈ ਕੇ ਹੀ ਕੈਪਟਨ ਨੇ ਹੁਣ ਬਿਜਲੀ ਵਿਭਾਗ ਦੀ ਜ਼ਿੰਮੇਵਾਰੀ ਸੰਭਾਲ ਕੇ ਅਧਿਕਾਰੀਆਂ ਨਾਲ ਮੀਟਿੰਗਾਂ ਕਰਨ ਤੋਂ ਇਲਾਵਾ ਫਾਇਲਾਂ ਨਿਪਟਾਉਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਹੈ।

ਕੈਪਟਨ-ਸਿੱਧੂ ਵਿਵਾਦ ਹੋਰ ਉਲਝਣ ਦੇ ਆਸਾਰ: ਮੁੱਖ ਮੰਤਰੀ ਵੱਲੋਂ ਪਹਿਲਾਂ ਤਾਂ ਸਿੱਧੂ ਦਾ ਸਥਾਨਕ ਸਰਕਾਰਾਂ ਵਿਭਾਗ ਬਦਲਿਆ ਗਿਆ ਸੀ ਤੇ ਬਿਜਲੀ ਵਿਭਾਗ ਦੇ ਦਿੱਤਾ ਗਿਆ ਸੀ ਪਰ ਸਿੱਧੂ ਵੱਲੋਂ ਇੱਕ ਮਹੀਨੇ ਤੋਂ ਉੱਪਰ ਦਾ ਸਮਾਂ ਬੀਤ ਜਾਣ ਦੇ ਬਾਅਦ ਵੀ ਆਪਣਾ ਵਿਭਾਗ ਨਾਲ ਸਾਂਭਣ ਕਰਕੇ ਕੈਪਟਨ ਨੇ ਸਿੱਧੂ ਵਾਲਾ ਬਿਜਲੀ ਵਿਭਾਗ ਵੀ ਆਪ ਦੇਖਣਾ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਸਿੱਧੂ ਪਿਛਲੇ ਇੱਕ ਮਹੀਨੇ ਤੋਂ ਬਿਲਕੁਲ ਹੀ ਸ਼ਾਂਤ ਬੈਠੇ ਹਨ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰਤੀਕਿਰਿਆ ਨਹੀਂ ਦੇ ਰਹੇ ਪਰ ਹੁਣ ਜਿਸ ਤਰ੍ਹਾਂ ਕਿਆਸ ਅਰਾਈਆਂ ਲੱਗ ਰਹੀਆਂ ਸਨ ਕਿ ਕੈਪਟਨ ਵੱਲੋਂ ਸਿੱਧੂ ਦਾ ਵਿਭਾਗ ਆਪ ਸਾਂਭ ਲਿਆ ਜਾਵੇਗਾ ਤੇ ਹੋਇਆ ਵੀ ਇਸ ਤਰ੍ਹਾਂ ਹੀ। ਹੁਣ ਕੈਪਟਨ ਅਤੇ ਸਿੱਧੂ ਵਿੱਚਲੇ ਵਿਵਾਦ ਦੇ ਹੋਰ ਉਲਝਣ ਦੇ ਆਸਾਰ ਬਣਨ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਹਨ।

ਕੈਪਟਨ ਦੇ ਮੰਤਰੀਆਂ ਵਿੱਚ ਸਿੱਧੂ ਨੂੰ ਲੈ ਕੇ ਮਤਭੇਦ: ਜਿੱਥੇ ਕੈਪਟਨ ਖੇਮੇ ਦੇ ਮੰਤਰੀਆਂ ਬ੍ਰਹਮ ਮਹਿੰਦਰਾ, ਚਰਨਜੀਤ ਸਿੰਘ ਚੰਨੀ, ਧਰਮਸੋਤ, ਤ੍ਰਿਪਤਰਾਜਿੰਦਰ ਸਿੰਘ ਬਾਜਵਾ ਵੱਲੋਂ ਸਿੱਧੂ ਦੇ ਖਿਲਾਫ ਬਿਆਨਬਾਜ਼ੀ ਹੁੰਦੀ ਰਹੀ ਹੈ ਤੇ ਸਿੱਧੂ ਨੂੰ ਆਪਣਾ ਵਿਭਾਗ ਸੰਭਾਲਣ ਦੀ ਨਸੀਹਤ ਵੀ ਦਿੱਤੀ ਜਾਂਦੀ ਹੈ ਉੱਥੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਸਿੱਧੂ ਆਪਣੇ ਨਵੇਂ ਵਿਭਾਗ ਦੀਆਂ ਫਾਇਲਾਂ ਚੈਕ ਕਰ ਰਹੇ ਹਨ ਤੇ ਇਹ ਕੋਈ ਡੀ ਸੀ ਦਾ ਅਹੁਦਾ ਨਹੀਂ ਹੈ ਜਿਸ ਦਾ ਚਾਰਜ ਲੈਣਾ ਹੁੰਦਾ ਹੈ। ਰੰਧਾਵਾ ਦੇ ਬਿਆਨ ਮੁਤਾਬਕ ਤਾਂ ਸਿੱਧੂ ਫਾਇਲਾ ਵੇਖ ਰਹੇ ਸਨ ਪਰ ਫੇਰ ਵੀ ਕੈਪਟਨ ਵੱਲੋਂ ਬਿਜਲੀ ਵਿਭਾਗ ਦਾ ਕੰਮ ਸੰਭਾਲਣ ਨਾਲ ਮੰਤਰੀਆਂ ਦੇ ਬਿਆਨਾਂ ਵਿੱਚ ਮਤਭੇਦ ਦਿਖਾਈ ਦੇ ਰਿਹਾ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਵੀ ਵਿਧਾਨ ਸਭਾ ਵਿੱਚ ਜਦੋਂ ਸਿੱਧੂ ਵੱਲੋਂ ਬਾਦਲਾਂ ਦੇ ਖਿਲਾਫ ਜ਼ੋਰ-ਸ਼ੋਰ ਨਾਲ ਮੁੱਦਾ ਚੁੱਕਿਆ ਗਿਆ ਸੀ ਤੇ ਸਿੱਧੂ ਦਾ ਸਾਥ ਕਿਸੇ ਵੀ ਮੰਤਰੀ ਵੱਲੋਂ ਨਹੀਂ ਸੀ ਦਿੱਤਾ ਗਿਆ ਤਾਂ ਉਸ ਵੇਲੇ ਵੀ ਕੈਬਨਿਟ ਮੰਤਰੀ ਰੰਧਾਵਾ ਹੀ ਸਿੱਧੂ ਦੇ ਹੱਕ ਵਿੱਚ ਡਟੇ ਸਨ ਤੇ ਆਪਣੀ ਹੀ ਸਰਕਾਰ ਦੀ ਕਾਰਗੁਜਾਰੀ ਤੇ ਸਵਾਲ ਵੀ ਖੜੇ ਕੀਤੇ ਸਨ।      

ਕੀ ਹੋਵੇਗੀ ਸਿੱਧੂ ਦੀ ਅਗਲੀ ਰਣਨੀਤੀ: ਸਿਆਸਤ ਦੀ ਸਮਝ ਰੱਖਣ ਵਾਲਿਆਂ ਦਾ ਮੰਨਣਾ ਹੈ ਕਿ ਸਿੱਧੂ ਵੀ ਹੁਣ ਆਪਣੇ ਇਸ ਅਪਮਾਨ ਨੂੰ ਭਰਨ ਲਈ ਕੋਈ ਨਾ ਕੋਈ ਸਖ਼ਤ ਕਦਮ ਜ਼ਰੂਰ ਚੁੱਕਣਗੇ ਕਿਉਂਕਿ ਪੰਜਾਬ ਦੇ ਲੋਕਾਂ ਵਿੱਚ ਆਪਣੀ ਸਾਖ ਬਹਾਲੀ ਲਈ ਸਿੱਧੂ ਲਈ ਇਹ ਜ਼ਰੂਰੀ ਵੀ ਬਣ ਗਿਆ ਹੈ। ਇਹ ਵੀ ਚਰਚਾਵਾਂ ਹਨ ਕਿ ਹੁਣ ਸਿੱਧੂ ਕੋਲ ਮੰਤਰੀ ਮੰਡਲ ਅਤੇ ਕਾਂਗਰਸ ਪਾਰਟੀ ਤੋਂ ਅਸਤੀਫਾ ਦੇਣ ਦਾ ਆਪਸ਼ਨ ਹੀ ਬਚਿਆ ਹੈ ਤੇ ਵੇਖੋ ਸਿੱਧੂ ਅਜਿਹਾ ਕਦੋਂ ਕਰਦੇ ਹਨ ਕਿਉਂਕਿ ਬਿਨਾਂ ਵਿਭਾਗ ਦੇ ਕੈਬਨਿਟ ਮੰਤਰੀ ਬਣੇ ਰਹਿਣ ਕਰਕੇ ਵੀ ਆਉਂਦੇ ਦਿਨਾਂ ਵਿੱਚ ਸਿੱਧੂ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਸਕਦੇ ਹਨ ਇਸ ਲਈ ਲੱਗਦਾ ਹੈ ਕਿ ਜਾਂ ਤਾਂ ਸਿੱਧੂ ਆਪ ਹੀ ਅਸਤੀਫਾ ਦੇ ਦੇਣਗੇ ਜਾਂ ਫੇਰ ਕੈਪਟਨ ਹੀ ਉਨ੍ਹਾਂ ਦੀ ਮੰਤਰੀ ਮੰਡਲ ਵਿੱਚੋਂ ਛੁੱਟੀ ਕਰ ਦੇਣਗੇ। ਦੋਵਾਂ ਹਾਲਾਤਾਂ ਵਿੱਚ ਕਾਂਗਰਸ ਵਿੱਚ ਵੱਡਾ ਘਮਾਸਾਨ ਹੋਣ ਦੇ ਆਸਾਰ ਬਣਦੇ ਜਾ ਰਹੇ ਹਨ ਜੋ ਪਾਰਟੀ ਲਈ 2022 ਵਿੱਚ ਘਾਤਕ ਸਿੱਧ ਹੋਣਗੇ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।