550 ਸਾਲ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ...........ਭਾਗ-4

Last Updated: Jun 20 2019 14:55
Reading time: 5 mins, 16 secs

ਪਿਛਲੇ ਅੰਕ ਵਿੱਚ ਅਸੀਂ ਤੁਹਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਵੱਲੋਂ ਮੱਝਾਂ ਅਤੇ ਗਊਆਂ ਚਰਾਉਣ ਅਤੇ ਸੱਪ ਵੱਲੋਂ ਛਾਂ ਕਰਨ ਸਬੰਧੀ ਜਾਣਕਾਰੀ ਪ੍ਰਦਾਨ ਕੀਤੀ ਸੀ ਅੱਜ ਅਸੀਂ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ ਗੁਰੂ ਨਾਨਕ ਦੇਵ ਜੀ ਵੱਲੋਂ ਕੀਤੇ ਗਏ ਸੱਚਾ ਸੌਦੇ ਦਾ ਬਿਰਤਾਂਤ:- 

ਗੁਰੂ ਨਾਨਕ ਦੇਵ ਜੀ ਨੇ ਖਰਾ ਸੌਦਾ ਕੀਤਾ:- ਇੱਕ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਘਰ ਵਿੱਚ ਬੈਠੇ ਸਨ ਤਾਂ ਪਿਤਾ ਕਾਲੂ ਜੀ ਨੇ ਕਿਹਾ ਕਿ ਕੋਈ ਵਣਜ਼ ਕਰ ਆਓ ਤਾਂ ਗੁਰੂ ਜੀ ਨੇ ਕਿਹਾ ਭਲਾ ਪਿਤਾ ਜੀ, ਤਾਂ ਕਾਲੂ ਜੀ ਨੇ 20 ਰੁਪਏ ਦੇ ਕੇ ਕੋਈ ਖਰਾ ਸੌਦਾ ਕਰਨ ਲਈ ਕਿਹਾ। ਪਿਤਾ ਕਾਲੂ ਜੀ ਨੇ ਭਾਈ ਬਾਲੇ ਨੂੰ ਬੁਲਾ ਕੇ ਗੁਰੂ ਨਾਨਕ ਜੀ ਨਾਲ ਜਾਣ ਲਈ ਕਿਹਾ ਜਿਸ ਤੇ ਭਾਈ ਬਾਲੇ ਨੇ ਗੁਰੂ ਜੀ ਦੇ ਬਸਤਰ ਉਠਾਏ ਤੇ ਤੁਰ ਪਏ ਖਰਾ ਸੌਦਾ ਕਰਨ। ਜਦੋਂ 12 ਕੋਹ ਪੈਂਡਾ ਤਹਿ ਕੀਤਾ ਤਾਂ ਇੱਕ ਜੰਗਲ ਵਿੱਚ ਪਹੁੰਚ ਗਏ ਜਿੱਥੇ ਇੱਕ ਸਿੱਧ ਮੰਡਲੀ ਬੈਠੀ ਸੀ। ਕੋਈ ਤਪੱਸਵੀ ਬਾਹਾਂ ਖੜੀਆਂ ਕਰਕੇ ਤਪ ਕਰ ਰਿਹਾ ਸੀ, ਕੋਈ ਖੜ੍ਹਾ ਸੀ ਤੇ ਕੋਈ ਪਦਮਾਸਨ ਲਾਈ ਬੈਠਾ ਸੀ, ਕੋਈ ਧੂਣੀ ਤਪਾ ਕੇ ਬੈਠਾ ਸੀ ਤੇ ਕੋਈ ਸਿਧਾਸਨ ਕਰਕੇ ਬੈਠਾ ਸੀ, ਕੋਈ ਇੱਕ ਕੱਪੜਾ ਹੀ ਪਹਿਨੇ ਹੋਏ ਸੀ, ਕੋਈ ਜਲ ਵਿੱਚ ਬੈਠਾ ਹੋਇਆ ਸੀ, ਕੋਈ ਪੁਸਤਕ ਪੜ੍ਹ ਰਿਹਾ ਸੀ ਤੇ ਕੋਈ ਮੌਨ ਲਾਈ ਬੈਠਾ ਸੀ। ਪ੍ਰਲੋਕ ਦੇ ਸੁੱਖਾਂ ਦੀ ਚਾਹ ਵਿੱਚ ਇਹ ਸਾਰੇ ਸਿੱਧ ਇਕਾਂਤ ਵਿੱਚ ਜੰਗਲ ਵਿੱਚ ਬੈਠੇ ਹੋਏ ਸਨ ਤੇ ਆਪਣੇ ਆਪਣੇ ਤਰੀਕੇ ਨਾਲ ਭਗਤੀ ਕਰ ਰਹੇ ਸਨ। ਇਸ ਸਾਰੀ ਸੰਤ ਮੰਡਲੀ ਵਿੱਚ ਇੱਕ ਮਹੰਤ ਜੀ ਬੈਠੇ ਸਨ ਜਿੰਨ੍ਹਾ ਦੇ ਹੇਠਾਂ ਮ੍ਰਿਗਛਾਲਾ ਵਿਛੀ ਹੋਈ ਸੀ ਜਿਸ ਦੇ ਸਿਰ ਉੱਪਰ ਜਟਾਵਾਂ ਦਾ ਮੁਕਟ ਸੀ। ਇਸ ਤਰ੍ਹਾਂ ਸੰਤ ਮੰਡਲੀ ਨੂੰ ਵੇਖ ਕੇ ਗੁਰੂ ਜੀ ਭਾਈ ਬਾਲੇ ਨੂੰ ਬੋਲੇ ਕਿ ਇਸ ਤੋਂ ਵੱਡਾ ਖਰਾ ਸੌਦਾ ਹੋਰ ਕੋਈ ਨਹੀਂ ਹੈ ਤੇ ਪਿਤਾ ਜੀ ਦੀ ਆਗਿਆ ਵੀ ਖਰਾ ਸੌਦਾ ਕਰਨ ਦੀ ਹੀ ਹੋਈ ਹੈ। ਇਹ ਵੀਹ ਰੁਪਏ ਇਨ੍ਹਾਂ ਸੰਤਾ ਨੂੰ ਚੜ੍ਹਾ ਦਿੰਦੇ ਹਾਂ ਤਾਂ ਜੋ ਇਹ ਸੰਤਜਨ ਕੱਪੜਾ ਅਤੇ ਭੋਜਨ ਆਦਿ ਪ੍ਰਾਪਤ ਕਰਨਗੇ ਤਾਂ ਜਿਸ ਤੋਂ ਵੱਡਾ ਕੋਈ ਖਰਾ ਸੌਦਾ ਨਹੀਂ ਹੈ।

ਇਸ ਤੇ ਭਾਈ ਬਾਲੇ ਨੇ ਗੁਰੂ ਜੀ ਨੂੰ ਕਿਹਾ ਕਿ ਅਜਿਹਾ ਕਰਨ ਨਾਲ ਪਿਤਾ ਕਾਲੂ ਜੀ ਕਰੋਧ ਕਰਨਗੇ ਪਰ ਫੇਰ ਵੀ ਜੋ ਤੁਸੀਂ ਆਗਿਆ ਦਿੰਦੇ ਹੋ ਉਸ ਤਰ੍ਹਾਂ ਹੀ ਹੋਵੇਗਾ। ਗੁਰੂ ਜੀ ਨੇ ਵੀਹ ਰੁਪਏ ਹੱਥ ਵਿੱਚ ਫੜੇ ਤੇ ਸੰਤ ਮੰਡਲੀ ਕੋਲ ਚਲੇ ਗਏ ਤੇ ਪਹਿਲਾਂ ਆਦਰ ਸਹਿਤ ਨਮਸਕਾਰ ਕੀਤੀ ਤੇ ਪੁੱਛਿਆ ਕਿ ਸੰਤ ਜੀ ਤੁਸੀਂ ਬਸਤਰ ਕਿਉਂ ਨਹੀਂ ਪਾਉਂਦੇ, ਮਿਲਦੇ ਨਹੀਂ ਹਨ ਜਾਂ ਪਾਉਂਦੇ ਹੀ ਨਹੀਂ ਜੇ। ਧੁੱਪੇ ਛਾਵੇਂ, ਗਰਮੀ ਸਰਦੀ ਵਿੱਚ ਮੀਂਹ ਕਣੀ ਵਿੱਚ ਇਸੇ ਤਰ੍ਹਾਂ ਹੀ ਰਹਿੰਦੇ ਹੋ ਤਾਂ ਸੰਤ ਮੰਡਲੀ ਦੇ ਆਗੂ ਨੇ ਕਿਹਾ ਕਿ ਹਮ ਨਿਰਬਾਣ ਸਾਧ ਹੈ ਬਸਤਰ ਦਾ ਸੰਯਮ ਹੀ ਰਖਣਾ ਚਾਹੀਦਾ ਹੈ। ਜਿਸ 'ਤੇ ਗੁਰੂ ਜੀ ਨੇ ਫੇਰ ਪੁੱਛਿਆ ਕਿ ਜੇਕਰ ਬਸਤਰ ਨਹੀਂ ਪਹਿਨਦੇ ਤਾਂ ਭੋਜਨ ਵੀ ਨਹੀਂ ਖਾਂਦੇ ਹੋਵੋਗੇ ਤਾਂ ਮਹੰਤ ਨੇ ਕਿਹਾ ਕਿ ਬਾਲਕੇ ਜੋ ਪਰਮੇਸ਼ਰ ਭੇਜਤਾ ਹੈ ਸੋ ਹਮ ਖਾਇ ਲੇਤੇ ਹੈ ਹਮ ਤੋ ਉਦਾਸੀ ਹੈ, ਇਸ ਲਈ ਅਸੀਂ ਇਕਾਂਤ ਵਿੱਚ ਰਹਿੰਦੇ ਹਾਂ ਬਸਤੀਆਂ ਵਿੱਚ ਨਹੀਂ ਜਾਂਦੇ। ਜਿਸ ਤੇ ਗੁਰੂ ਜੀ ਨੇ ਵੀਹ ਰੁਪਏ ਮਹੰਤ ਨੂੰ ਭੇਟ ਕਰ ਦਿੱਤੇ ਤੇ ਮਹੰਤ ਨੇ ਕਿਹਾ ਕਿ ਇਹ ਪੈਸੇ ਹਮਾਰੇ ਕਿਸੇ ਕਾਮ ਨਹੀਂ ਹੈ ਇਸ ਦੀ ਰਸਦ ਲਿਆ ਸਕਦੇ ਹੋ ਤਾਂ ਲਿਆ ਦੇਵੋ ਤਾਂ ਜੋ ਸਾਡੇ ਇਹ ਮੰਡਲੀ ਭੋਜਨ ਬਣਾ ਕੇ ਖਾ ਸਕੇਗੀ ਤਾਂ ਗੁਰੂ ਜੀ ਵੀਹ ਰੁਪਏ ਲੈ ਕੇ ਇੱਕ ਨਗਰ ਵਿੱਚ ਆਏ ਤੇ ਆਟਾ, ਚਾਵਲ, ਖੰਡ ਘਿਓ, ਭਾਂਡੇ ਸਭ ਕੁਝ ਲਿਆ ਕੇ ਸੰਤਾਂ ਦੇ ਚਰਣਾ ਵਿੱਚ ਭੇਟ ਕਰ ਦਿੱਤਾ ਜਿਸ ਤੇ ਮਹੰਤ ਨੇ ਕਿਹਾ ਕਿ ਹੇ ਨਾਨਕ ਤੁਸੀਂ ਨਿਰੰਕਾਰ ਦਾ ਰੂਪ ਹੀ ਹੋ ਤੇ ਤੁਸੀਂ ਹੁਣ ਜਾਵੋ।

ਗੁਰੂ ਨਾਨਕ ਜੀ ਨੇ ਮੱਥਾ ਟੇਕਿਆ ਤੇ ਭਾਈ ਬਾਲੇ ਨੂੰ ਨਾਲ ਲੈ ਕੇ ਉੱਥੋਂ ਚਲੇ ਗਏ। ਜਿਸ ਤੇ ਇੱਕ ਚੇਲੇ ਨੇ ਮਹੰਤ ਨੂੰ ਪੁੱਛਿਆ ਕਿ ਤੁਸੀਂ ਬਾਲਕੇ ਨੂੰ ਜਾਣ ਕਿਉਂ ਦਿੱਤਾ ਉਸ ਨੇ ਤਾਂ ਸਾਡੀ ਸੇਵਾ ਕਰਨੀ ਸੀ ਜਿਸ ਤੇ ਮਹੰਤ ਨੇ ਕਿਹਾ ਕਿ ਇਹ ਆਪ ਨਿਰੰਕਾਰ ਸੀ ਜੋ ਸਾਨੂੰ ਸੱਤ ਦਿਨ ਦੇ ਭੁੱਖਿਆਂ ਨੂੰ ਭੋਜਨ ਅਤੇ ਹੋਰ ਸਮਾਨ ਦੇਣ ਆਇਆ ਸੀ ਅਸੀਂ ਉਸ ਤੋਂ ਸੇਵਾ ਕਿਸ ਤਰ੍ਹਾਂ ਕਰਵਾ ਸਕਦੇ ਹਾਂ। ਗੱਲਾਂ ਕਰਦਿਆਂ ਕਰਦਿਆਂ ਗੁਰੂ ਜੀ ਭਾਈ ਬਾਲੇ ਨਾਲ ਵਾਪਸ ਘਰ ਆਏ ਤਾਂ ਨਗਰ ਪਹੁੰਚ ਕੇ ਗੁਰੂ ਜੀ ਪਿਤਾ ਜੀ ਕੋਲੋਂ ਡਰਦੇ ਪਿੰਡ ਵਿੱਚ ਨਾ ਗਏ ਅਤੇ ਬਾਹਰ ਇੱਕ ਤਲਾ ਦੇ ਕਿਨਾਰੇ ਬੈਠ ਗਏ ਅਤੇ ਭਾਈ ਬਾਲਾ ਆਪਣੇ ਘਰ ਆਣ ਵੜਿਆ। ਜਦੋਂ ਇਸ ਗੱਲ ਦਾ ਪਿਤਾ ਕਾਲੂ ਜੀ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਭਾਈ ਬਾਲੇ ਨੂੰ ਸੱਦ ਭੇਜਿਆ ਤੇ ਪੁੱਛਿਆ ਨਾਨਕ ਕਿੱਥੇ ਹੈ ? ਤਾਂ ਭਾਈ ਬਾਲੇ ਨੇ ਸਾਰੀ ਗੱਲ ਕਹਿ ਸੁਣਾਈ ਕਿ ਨਾਨਕ ਜੀ ਨੇ ਤਾਂ ਸਾਰੇ ਪੈਸੇ ਫਕੀਰਾਂ ਨੂੰ ਖੁਆ ਦਿੱਤੇ ਹਨ। ਜਿਸ ਤੇ ਪਿਤਾ ਕਾਲੂ ਜੀ ਨੇ ਬਹੁਤ ਕਰੋਧ ਕੀਤਾ ਅਤੇ ਜਿਸ ਜਗਾ ਗੁਰੂ ਨਾਨਕ ਜੀ ਬੈਠੇ ਸਨ ਹੋਰਨਾ ਨਾਲ ਉੱਥੇ ਪਹੁੰਚ ਕੇ ਬੜੇ ਹੀ ਕਰੋਧ ਨਾਲ ਪੁੱਛਿਆ ਕਿ ਜੋ ਵੀਹ ਰੁਪਏ ਦਿੱਤੇ ਸਨ ਉਹ ਕਿਥੇ ਹਨ? ਪਿਤਾ ਕਾਲੂ ਜੀ ਨੇ ਦੋ ਤਮਾਚੇ ਸੱਜੀ ਗੱਲ ਅਤੇ ਦੋ ਤਮਾਚੇ ਖੱਬੀ ਗੱਲ ਉੱਤੇ ਗੁਰੂ ਨਾਨਕ ਦੇ ਮਾਰ ਦਿੱਤੇ ਜਿਸ ਤੇ ਭੈਣ ਨਾਨਕ ਜੀ ਨੇ ਆਣ ਕੇ ਪਿਤਾ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਕਿ ਹੁਣ ਮੁਆਫ ਕਰ ਦਿਓ ਤੇ ਗੁਰੂ ਨਾਨਕ ਨੂੰ ਛੁਡਵਾਇਆ।

ਇਸ ਮੌਕੇ ਰਾਇ ਬੁਲਾਰ ਵੀ ਆ ਗਿਆ ਤੇ ਕਾਲੂ ਵੱਲੋਂ ਨਾਨਕ ਨੂੰ ਇਸ ਤਰ੍ਹਾਂ ਤਮਾਚੇ ਮਾਰਨ ਦਾ ਕਾਰਨ ਪੁੱਛਿਆ ਤਾਂ ਭਾਈ ਬਾਲੇ ਨੇ ਸਾਰਾ ਕੁਝ ਦੱਸ ਦਿੱਤਾ ਜਿਸ ਤੇ ਰਾਇ ਬੁਲਾਰ ਨੇ ਆਪਣੇ ਨੌਕਰ ਊਮੈਦੇ ਨੂੰ ਘਰ ਭੇਜ ਕੇ ਵੀਹ ਰੁਪਏ ਮੰਗਵਾ ਕੇ ਕਾਲੂ ਨੂੰ ਦਿੱਤੇ ਤੇ ਕਿਹਾ ਕਿ ਨਾਨਕ ਨੂੰ ਕਿਸੇ ਗੱਲ ਤੋਂ ਕੁਝ ਨਹੀਂ ਕਹਿਣਾ ਇਹ ਤਾਂ ਪਰਮੇਸ਼ਵਰ ਦਾ ਰੂਪ ਹੈ। ਰਾਇ ਨੇ ਕਿਹਾ ਕਾਲੂ ਨੂੰ ਕਿਹਾ ਕਿ ਜਿੰਨਾ ਹੁਣ ਤੱਕ ਨਾਨਕ ਨੇ ਤੇਰੇ ਘਰ ਵਿੱਚੋਂ ਖਰਚ ਕੀਤਾ ਹੈ ਮੇਰੇ ਕੋਲੋਂ ਮੰਗਵਾ ਲੈ ਪਰ ਨਾਨਕ ਨੂੰ ਕੁਝ ਨਾ ਕਹੀ, ਇਹ ਤਾਂ ਬੰਧਨ ਕੱਟਣ ਵਾਸਤੇ ਮਨੁੱਖ ਦੇਹ ਲੈ ਕੇ ਧਰਤੀ ਤੇ ਆਇਆ ਰੱਬ ਹੈ। ਰਾਇ ਨੇ ਕਿਹਾ ਕਿ ਕਾਲੂ ਤੂੰ ਵੀਹ ਰੁਪਏ ਦਾ ਗਮ ਕਰਦਾ ਹੈ ਜਿੰਨੀ ਦੌਲਤ ਸੰਸਾਰ ਤੇ ਹੈ ਇਹ ਸਭ ਦਾ ਮਾਲਕ ਨਾਨਕ ਹੈ, ਜਿੰਨੇ ਘਰ ਵਿੱਚ ਸੁੱਖ ਹਨ ਘੋੜੇ ਹਨ ਸਭ ਨਾਨਕ ਦੇ ਹੀ ਦਿੱਤੇ ਹਨ ਤੇ ਇਸ ਦਾ ਦਿੱਤਾ ਹੀ ਅਸੀਂ ਖਾ ਰਹੇ ਹਾਂ। ਰਾਇ ਬੁਲਾਰ ਦੀਆਂ ਗੱਲਾ ਸੁਣ ਕੇ ਸਾਰੇ ਜੋ ਕੋਲ ਸਨ ਨੇ ਗੁਰੂ ਨਾਨਕ ਦੀ ਵਡਿਆਈ ਕੀਤੀ। ਦੱਸਣਾ ਬਣਦਾ ਹੈ ਕਿ ਇਤਿਹਾਸਕ ਹਵਾਲਿਆਂ ਅਨੁਸਾਰ ਰਾਇ ਬੁਲਾਰ ਹੀ ਅਜਿਹਾ ਸ਼ਖਸ ਸੀ ਜਿਸਨੇ ਪਹਿਚਾਣ ਲਿਆ ਸੀ ਕਿ ਗੁਰੂ ਨਾਨਕ ਆਮ ਇਨਸਾਨ ਨਹੀਂ ਸਗੋਂ ਆਪ ਨਿਰੰਕਾਰ ਧਰਤੀ ਤੇ ਆਇਆ ਹੇ। ਇਸ ਤਰ੍ਹਾਂ ਗੁਰੂ ਜੀ ਨੇ ਭੁੱਖੇ ਸਾਧਾਂ ਸੰਤਾਂ ਨੂੰ ਭੋਜਨ ਖੁਆ ਕੇ ਦੁਨੀਆਵੀ ਵਪਾਰ ਨਾਲੋ ਵੱਧ ਸੇਵਾ ਨੂੰ ਤਰਜੀਹ ਦਿੱਤੀ ਤੇ ਖਰਾ ਸੌਦਾ ਕੀਤਾ ਜਿਸ ਦੇ ਸਦਕਾ ਅੱਜ ਸਾਰੀ ਦੁਨੀਆ ਵਿੱਚ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵੱਲੋਂ ਇਹ ਪਰੰਪਰਾ ਨਿਰੰਤਰ ਜਾਰੀ ਰੱਖੀ ਗਈ ਹੈ ਤੇ ਲੰਗਰ ਦੀ ਸ਼ੁਰੂ ਕੀਤੀ ਗਈ ਪ੍ਰਥਾ ਨਿਰੰਤਰ ਜਾਰੀ ਹੈ ਜੋ ਜੁਗਾਂ ਜੁਗਾਂ ਤੱਕ ਚੱਲਦੀ ਰਹੇਗੀ.........(ਚਲਦਾ)

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।