ਦਸਮੇਸ਼ ਪਿਤਾ ਦੇ ਪੂਰਬਲੇ ਜਨਮ ਦਾ ਤਪ-ਅਸਥਾਨ ਹੈ ਸ੍ਰੀ ਹੇਮਕੁੰਟ ਸਾਹਿਬ

Last Updated: Jun 16 2019 18:38
Reading time: 2 mins, 20 secs

ਸਾਹਿਬ-ਏ-ਕਮਾਲ, ਦੁਸ਼ਟ ਦਮਨ, ਸਰਬੰਸਦਾਨੀ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪੂਰਬਲੇ ਜਨਮ ਦੀ ਤਪੋਭੂਮੀ ਹੇਮਕੁੰਟ ਸਾਹਿਬ ਜੋ ਕਿ ਉਤਰਾਖੰਡ ਰਾਜ ਦੀਆਂ ਦੁਰਗਮ ਪਹਾੜੀਆਂ ਵਿੱਚ ਸਥਿਤ ਹੈ ਦੀ ਹਰ ਸਾਲ ਹੀ ਯਾਤਰਾ ਲਈ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚਦੀਆਂ ਹਨ ਅਤੇ ਗੁਰੂ ਸਾਹਿਬ ਦੇ ਤਪਅਸਥਾਨ ਤੇ ਨਤਮਸਤਕ ਹੋ ਕੇ ਆਪਣੀਆਂ ਹਾਜ਼ਰੀ ਲਗਵਾਉਂਦੀਆਂ ਹਨ। ਭਾਵੇਂ ਕਿ ਹਰ ਸਾਲ ਇਹ ਯਾਤਰਾ 25 ਮਈ ਨੂੰ ਸ਼ੁਰੂ ਕੀਤੀ ਜਾਂਦੀ ਰਹੀ ਹੈ ਪਰ ਇਸ ਵਾਰ ਇਹ ਯਾਤਰਾ 1 ਜੂਨ ਤੋਂ ਇਸ ਲਈ ਸ਼ੁਰੂ ਹੋਈ ਸੀ ਕਿਉਂਕਿ ਤਪਅਸਥਾਨ ਸਾਹਿਬ ਵਿਖੇ ਅਤੇ ਰਸਤੇ ਵਿੱਚ ਬਹੁਤ ਜ਼ਿਆਦਾ ਬਰਫ਼ ਪਈ ਸੀ ਜਿਸ ਲਈ ਰਸਤਾ ਬਣਾਉਣ ਵਿੱਚ ਕਾਫੀ ਸਮਾਂ ਲੱਗ ਗਿਆ ਸੀ। ਹੁਣ ਜਦਕਿ ਇਹ ਯਾਤਰਾ ਨਿਰੰਤਰ ਜਾਰੀ ਹੈ ਤਾਂ ਪੰਜਾਬ ਤੋਂ ਵੀ ਵੱਡੀ ਗਿਣਤੀ ਵਿੱਚ ਸੰਗਤਾਂ ਹੇਮਕੁੰਟ ਸਾਹਿਬ ਵਿਖੇ ਪਹੁੰਚ ਰਹੀਆਂ ਹਨ।

ਗਲੇਸ਼ੀਅਰ ਵਿੱਚ ਸਥਿਤ ਇਸ ਗੁਰਦੁਆਰਾ ਸਾਹਿਬ ਬਾਰੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪ ਖ਼ੁਦ ਇਸ ਅਸਥਾਨ ਦੀ ਤਸਦੀਕ ਕੀਤੀ ਹੈ ਤੇ ਆਪਣੀ ਬਾਣੀ ਵਿੱਚ ਇਸ ਅਸਥਾਨ ਦਾ ਵਰਣਨ ਕੀਤਾ ਹੈ ਕਿ ਪੂਰਬਲੇ ਜਨਮ ਵਿੱਚ ਇਸ ਅਸਥਾਨ ਉਹ ਤਪੱਸਿਆ ਕਰਦੇ ਰਹੇ ਹਨ। ਸ੍ਰੀ ਹੇਮਕੁੰਟ ਸਾਹਿਬ ਗੁਰਦੁਆਰਾ ਚਾਰੇ ਪਾਸਿਆਂ ਤੋਂ ਬਰਫ਼ੀਲੀਆਂ ਉੱਚੀਆਂ-ਉੱਚੀਆਂ ਪਹਾੜੀਆਂ ਨਾਲ ਸਾਰਾ ਸਾਲ ਢੱਕਿਆ ਰਹਿੰਦਾ ਹੈ ਜਿਸ ਕਰਕੇ ਇੱਥੇ ਪਹੁੰਚਣ ਲਈ ਕਈ ਪੜਾਅ ਤੈਅ ਕਰਨੇ ਪੈਂਦੇ ਹਨ। ਹੇਮਕੁੰਟ ਸਾਹਿਬ ਦੀ ਯਾਤਰਾ ਤੋਂ ਪਰਤੇ ਇੱਕ ਸ਼ਰਧਾਲੂ ਨੇ ਦੱਸਿਆ ਕਿ ਪਹਿਲਾਂ ਰਿਸ਼ੀਕੇਸ ਵਿਖੇ ਸੰਗਤਾਂ ਦਾ ਠਹਿਰਾਅ ਹੁੰਦਾ ਹੈ ਜਿੱਥੇ ਸੰਗਤਾਂ ਦੇ ਰਹਿਣ ਅਤੇ ਲੰਗਰ ਦਾ ਪੂਰਾ ਪ੍ਰਬੰਧ ਉੱਥੋਂ ਦੇ ਗੁਰਘਰਾਂ ਦੇ ਪ੍ਰਬੰਧਕਾਂ ਵੱਲੋਂ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਸੰਗਤਾਂ ਚੱਲ ਪੈਂਦੀਆਂ ਹਨ ਗੋਬਿੰਦ ਘਾਟ ਵਾਸਤੇ। ਇਸ ਅਸਥਾਨ ਤੇ ਰਾਤ ਠਹਿਰਨ ਤੋਂ ਬਾਅਦ ਗੋਬਿੰਦ ਧਾਮ ਲਈ ਪਹਾੜੀ ਖੇਤਰ ਵਿੱਚ ਜਾਣਾ ਪੈਂਦਾ ਹੈ। ਗੋਬਿੰਦ ਧਾਮ ਤੋਂ ਸ੍ਰੀ ਹੇਮਕੁੰਟ ਸਾਹਿਬ ਤੱਕ ਦੀ ਚੜ੍ਹਾਈ ਕੁਝ ਜ਼ਿਆਦਾ ਹੀ ਕਠਿਨਾਈ ਭਰੀ ਹੈ ਪਰ ਸੰਗਤਾਂ ਵਾਹਿਗੁਰੂ ਨਾਮ ਦਾ ਜਾਪ ਕਰਦਿਆਂ ਚਲਦੀਆਂ ਰਹਿੰਦੀਆਂ ਹਨ। ਬਜ਼ੁਰਗ, ਬੱਚੇ, ਔਰਤਾਂ ਅਤੇ ਮਰਦ, ਹਰ ਉਮਰ ਦੇ ਲੋਕ ਇਸ ਯਾਤਰਾ ਤੇ ਆਉਂਦੇ ਹਨ।

ਗੋਬਿੰਦ ਧਾਮ ਤੋਂ ਸ੍ਰੀ ਹੇਮਕੁੰਟ ਸਾਹਿਬ ਦਾ ਸਫ਼ਰ ਕਾਫੀ ਰੋਚਕ ਤੇ ਮਨਮੋਹਕ ਵੀ ਹੁੰਦਾ ਹੈ, ਇੱਕ ਪਾਸੇ ਉੱਚੀਆਂ-ਉੱਚੀਆਂ ਪਹਾੜੀਆਂ ਅਤੇ ਦੂਜੇ ਪਾਸੇ ਡੂੰਘੀਆਂ-ਡੂੰਘੀਆਂ ਖੱਡਾਂ ਹਨ। ਇਸ ਸਫ਼ਰ ਦੌਰਾਨ ਕਈ ਵਾਰ ਥੋੜ੍ਹੀ ਬਹੁਤ ਸਾਹ ਦੀ ਮੁਸ਼ਕਿਲ ਆਉਣ ਦੇ ਨਾਲ-ਨਾਲ ਬਲੱਡ ਦਾ ਪ੍ਰੈਸ਼ਰ ਵੀ ਵੱਧ ਜਾਂਦਾ ਹੈ ਪਰ ਸਾਰੇ ਰਸਤੇ ਦੌਰਾਨ ਹਰ ਤਰ੍ਹਾਂ ਦੀ ਡਾਕਟਰੀ ਸਹਾਇਤਾ ਮਿਲਦੀ ਰਹਿੰਦੀ ਹੈ ਤੇ ਪ੍ਰਬੰਧਕਾ ਵੱਲੋਂ ਢੁੱਕਵੇਂ ਪ੍ਰਬੰਧ ਕੀਤੇ ਗਏ ਹੁੰਦੇ ਹਨ। ਜਦੋਂ ਸੰਗਤ ਸ੍ਰੀ ਹੇਮਕੁੰਟ ਸਾਹਿਬ ਵਿਖੇ ਪਹੁੰਚ ਜਾਂਦੀ ਹੈ ਤਾਂ ਚਾਰੇ ਪਾਸੇ ਬਰਫ਼ ਲੱਦੀਆਂ ਪਹਾੜੀਆਂ ਦਾ ਦ੍ਰਿਸ਼ ਮਨਮੋਹਕ ਲੱਗਦਾ ਹੈ ਤੇ ਇੱਥੇ ਪਹੁੰਚ ਕੇ ਸੰਗਤਾਂ ਠੰਡੇ ਬਰਫ਼ੀਲੇ ਪਾਣੀ ਵਾਲੇ ਸਰੋਵਰ ਵਿੱਚ ਇਸ਼ਨਾਨ ਵੀ ਕਰਦੀਆਂ ਹਨ ਤੇ ਗੁਰੂ ਜੀ ਨੂੰ ਸ਼ਰਧਾ ਭੇਂਟ ਕਰਦੀਆਂ ਹਨ। ਯਾਤਰਾ ਦੇ ਸਫ਼ਰ ਦੌਰਾਨ ਗੁਰਦੁਆਰਾ ਮੈਨੇਜਮੈਂਟਾਂ ਵੱਲੋਂ ਸੰਗਤਾਂ ਦੀ ਸਹੂਲਤ ਲਈ ਹਰ ਤਰ੍ਹਾਂ ਦਾ ਪ੍ਰਬੰਧ ਕੀਤਾ ਹੁੰਦਾ ਹੈ ਤਾਂ ਜੋ ਕਿਸੇ ਨੂੰ ਕੋਈ ਦਿੱਕਤ ਦਰਪੇਸ਼ ਨਾ ਆਵੇ। ਉਨ੍ਹਾਂ ਦੱਸਿਆ ਕਿ ਹਰ ਮਨੁੱਖ ਨੂੰ ਇੱਕ ਵਾਰ ਤਾਂ ਜ਼ਰੂਰ ਹੀ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਕਰਨੀ ਚਾਹੀਦੀ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।