ਆਪਣਿਆਂ ਨੂੰ ਤਾਂ ਇਨਸਾਫ਼ ਦੁਆ ਨਹੀਂ ਸਕੇ, ਤੇ ਦੂਜਿਆਂ ਨੂੰ ਕੀ ਦਿਵਾਉਣਗੇ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jun 16 2019 18:36
Reading time: 4 mins, 24 secs

ਪੰਜਾਬ ਪੁਲਿਸ ਵਿੱਚ ਇਮਾਨਦਾਰ ਅਫਸਰਾਂ ਦੀ ਕੋਈ ਕਮੀ ਨਹੀਂ ਅਤੇ ਇਮਾਨਦਾਰ ਅਫਸਰ ਆਪਣੀ ਇਮਾਨਦਾਰੀ ਵਿਖਾਉਂਦੇ ਹੋਏ ਕਈ ਵਾਰ ਕੁਰਸੀ ਵੀ ਛੱਡ ਜਾਂਦੇ ਹਨ। ਵੇਖਿਆ ਜਾਵੇ ਤਾਂ ਭਾਵੇਂ ਹੀ ਇਸ 21ਵੀਂ ਸਦੀ ਦੇ ਵਿੱਚ ਜਮਾਨਾ ਪੈਸੇ ਵਾਲਿਆਂ ਦਾ ਹੈ, ਪਰ ਫਿਰ ਵੀ ਕਈ ਪੁਲਿਸ ਅਧਿਕਾਰੀ ਅਤੇ ਸਿਵਲ ਅਧਿਕਾਰੀ ਹੁੰਦੇ ਹਨ, ਜੋ ਪੈਸੇ ਤੋਂ ਬਿਨ੍ਹਾਂ ਹੀ ਕੰਮ ਕਰ ਦਿੰਦੇ ਹਨ। ਦਰਅਸਲ, ਇਸ ਵੇਲੇ ਪੰਜਾਬ ਦੇ ਅੰਦਰ ਨਸ਼ਿਆਂ ਦਾ ਕਾਫ਼ੀ ਰੌਲਾ ਪਿਆ ਹੋਇਆ ਹੈ ਅਤੇ ਨਸ਼ਿਆਂ ਦੇ ਮਾਮਲੇ ਨੂੰ ਲੈ ਕੇ ਸਰਕਾਰ ਸਖ਼ਤ ਵਿਖਾਈ ਦੇ ਰਹੀ ਹੈ।

ਸਰਕਾਰ ਦੇ ਵੱਲੋਂ ਪੰਜਾਬ ਪੁਲਿਸ ਦੇ ਉੱਪਰ ਦਬਾਅ ਪਾਇਆ ਜਾ ਰਿਹਾ ਹੈ ਕਿ ਉਹ ਸਮਗਲਰਾਂ ਨੂੰ ਫੜ ਕੇ ਛੇਤੀ ਤੋਂ ਛੇਤੀ ਜੇਲ੍ਹ ਅੰਦਰ ਸੁੱਟੇ, ਪਰ ਕੁਝ ਕੁ ਜਗ੍ਹਾਵਾਂ 'ਤੇ ਸਮਗਲਰ ਹੀ ਪੁਲਿਸ 'ਤੇ ਹਾਵੀ ਹੋ ਰਹੇ ਹਨ। ਸਿਆਸਤਦਾਨਾਂ ਦੀ ਸ਼ਹਿ 'ਤੇ 'ਤਿੜੇ ਫਿਰਦੇ' ਸਮਗਲਰ ਪੁਲਿਸ 'ਤੇ ਹੀ ਹਮਲੇ ਕਰ ਰਹੇ ਹਨ। ਪੁਲਿਸ ਦੇ ਵੱਲੋਂ ਪੰਜਾਬ ਦੇ ਅੰਦਰੋਂ ਨਸ਼ੇ ਦੇ ਕੋਹੜ ਨੂੰ ਖ਼ਤਮ ਕਰਨ ਦੇ ਲਈ ਨਸ਼ਾ ਵਿਰੋਧੀ ਸੈਮੀਨਾਰ ਕਰਵਾਏ ਜਾ ਰਹੇ ਹਨ ਅਤੇ ਇਨ੍ਹਾਂ ਸੈਮੀਨਾਰਾਂ ਦੇ ਵਿੱਚ ਪੰਜਾਬ ਪੁਲਿਸ ਤੋਂ ਇਲਾਵਾ ਐਸਟੀਐਫ ਦੇ ਸੀਨੀਅਰ ਅਧਿਕਾਰੀ ਪਹੁੰਚ ਰਹੇ ਹਨ।

ਫਿਰੋਜ਼ਪੁਰ ਵਿਖੇ ਬੀਤੇ ਦਿਨੀਂ ਕਰਵਾਏ ਗਏ ਇੱਕ ਸੈਮੀਨਾਰ ਦੇ ਵਿੱਚ ਜ਼ਿਲ੍ਹਾ ਪੁਲਿਸ ਮੁਖੀ ਫਿਰੋਜ਼ਪੁਰ ਸੰਦੀਪ ਗੋਇਲ ਪਹੁੰਚੇ, ਜਿਨ੍ਹਾਂ ਨੇ ਆਪਣੇ ਸੰਬੋਧਨ ਦੌਰਾਨ ਜਿੱਥੇ ਨਸ਼ਾ ਤਸਕਰਾਂ ਨੂੰ ਤਾੜਣਾ ਕੀਤੀ, ਉੱਥੇ ਹੀ ਆਪਣੇ ਪੁਲਿਸ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਉਹ ਰਿਸ਼ਵਤ ਨਾ ਲੈਣ ਅਤੇ ਜਨਤਾ ਨੂੰ ਜਿੰਨੀ ਛੇਤੀ ਹੋ ਸਕੇ ਇਨਸਾਫ ਦਿਵਾਉਣ। ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਗੋਇਲ ਨੇ ਆਪਣੇ ਭਾਸ਼ਣ ਦੇ ਦੌਰਾਨ ਸਮਗਲਰਾਂ 'ਤੇ ਜਿੱਥੇ ਜਬਰਦਸਤ ਭਾਸ਼ਣ ਦਿੱਤਾ, ਉੱਥੇ ਹੀ ਨਸ਼ੇ ਨਾਲ ਲਿਪਤ ਹੋਏ ਨੌਜਵਾਨਾਂ ਦੀਆਂ ਮਾਵਾਂ ਦੇ ਦੁਖੜੇ ਵੀ ਸੁਣੇ।

ਦੋਸਤੋਂ, ਤੁਹਾਨੂੰ ਦੱਸ ਦਈਏ ਕਿ ਇਸ ਸੈਮੀਨਾਰ ਦੇ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਨੇ ਜਿਹੜੀ ਸਭ ਤੋਂ ਅਹਿਮ ਗੱਲ 8 ਮਿੰਟਾਂ ਵਿੱਚ ਬੋਲੀ, ਉਹ ਗੱਲ ਪੁਲਿਸ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਰਿਸ਼ਵਤ ਤੋਂ ਬਗੈਰ ਕੰਮ ਕਰਨ ਦੀ ਸੀ ਅਤੇ ਛੇਤੀ ਤੋਂ ਛੇਤੀ ਨਸ਼ਾ ਸਮਗਲਰਾਂ ਨੂੰ ਜੇਲ੍ਹ ਅੰਦਰ ਸੁੱਟਣ ਦੀ ਸੀ। ਦੋਸਤੋਂ, ਇਸ ਭਾਸ਼ਣ ਦੇ ਦੌਰਾਨ ਆਪਣੇ ਆਪ ਜ਼ਿਲ੍ਹਾ ਪੁਲਿਸ ਮੁਖੀ ਫਿਰੋਜ਼ਪੁਰ ਸੰਦੀਪ ਗੋਇਲ ਦੇ ਵੱਲੋਂ ਸੱਚਾ ਸੁੱਚਾ ਪੁਲਿਸ ਵਾਲਾ ਦੱਸਿਆ ਗਿਆ ਅਤੇ ਕਿਹਾ ਕਿ ਉਹ ਕਦੇ ਵੀ ਰਿਸ਼ਵਤ ਨਹੀਂ ਲੈਂਦਾ ਅਤੇ ਜਿਹੜਾ ਵੀ ਕੋਈ ਮੁਲਾਜ਼ਮ ਰਿਸ਼ਵਤ ਲੈਂਦਾ ਪਾਇਆ ਜਾਂਦਾ ਹੈ, ਉਸ ਦੇ ਵਿਰੁੱਧ ਸਖ਼ਤ ਕਾਰਵਾਈ ਹੁੰਦੀ ਹੈ।

ਪਰ.!! ਦੋਸਤੋਂ, ਇਸ ਸੈਮੀਨਾਰ ਤੋਂ ਹੱਟ ਕੇ ਜੇਕਰ ਪੰਜਾਬ ਪੁਲਿਸ ਦੇ ਕੰਮਾਂ 'ਤੇ ਨਿਗਾਹ ਮਾਰੀਏ ਤਾਂ ਫਿਰੋਜ਼ਪੁਰ ਪੁਲਿਸ ਪਹਿਲੋਂ ਹੀ ਕਈ ਮਾਮਲਿਆਂ ਤੋਂ ਇਲਾਵਾ ਕੁਝ ਮੁਲਾਜ਼ਮਾਂ ਦੇ ਚੰਗੇ ਕੰਮਾਂ ਦੇ ਕਾਰਨ ਚਰਚਾ ਵਿੱਚ ਹੈ। ਕੁਝ ਕੁ ਜਗ੍ਹਾਵਾਂ 'ਤੇ ਪੁਲਿਸ ਦੇ ਵੱਲੋਂ ਸਿਆਸਤਦਾਨਾਂ ਦੇ ਦਬਾਅ ਹੇਠ ਜ਼ਰੂਰ ਗੈਰ ਕਾਨੂੰਨੀ ਕੰਮਾਂ ਤੋਂ ਇਲਾਵਾ ਮੁਕੱਦਮੇ ਦਰਜ ਕੀਤੇ ਜਾ ਰਹੇ ਹਨ, ਪਰ ਕੁਲ ਮਿਲਾ ਕੇ ਫਿਰੋਜ਼ਪੁਰ ਪੁਲਿਸ ਦੇ ਵੱਲੋਂ ਠੀਕ ਠਾਕ ਜਿਹੀ ਡਿਊਟੀ ਕੀਤੀ ਜਾ ਰਹੀ ਹੈ। ਕਈ ਜਗ੍ਹਾਵਾਂ 'ਤੇ ਤਾਂ ਸਹੀ ਡਿਊਟੀ ਕਰ ਰਹੇ ਪੁਲਿਸ ਵਾਲਿਆਂ 'ਤੇ ਕਈ ਸੱਤਾਧਿਰ ਦੇ ਲੀਡਰ ਪੁਲਿਸ ਨੂੰ ਧਮਕਾ ਰਹੇ ਹਨ।

ਮਾਮਲਾ ਫਿਰੋਜ਼ਪੁਰ ਦੇ ਸਿਟੀ ਥਾਣੇ ਦਾ ਸਾਹਮਣੇ ਆਉਂਦਾ ਹੈ। ਲੋਕ ਸਭਾ ਚੋਣਾਂ ਦੌਰਾਨ ਲੱਗੇ ਚੋਣ ਜ਼ਾਬਤੇ ਤੋਂ ਕੁਝ ਦਿਨ ਪਹਿਲੋਂ ਥਾਣਾ ਸਿਟੀ ਫਿਰੋਜ਼ਪੁਰ ਦੇ ਵੱਲੋਂ ਕੁਝ ਬਦਮਾਸ਼ੀਆਂ ਕਰਦੇ ਮੁੰਡਿਆਂ ਨੂੰ ਰੋਕਿਆ ਗਿਆ। ਦਰਅਸਲ, ਉਕਤ ਮੁੰਡੇ ਕਾਂਗਰਸ ਪਾਰਟੀ ਦੇ ਨਾਲ ਸਬੰਧ ਰੱਖਦੇ ਸਨ। ਮੁੰਡਿਆਂ ਦੇ ਵੱਲੋਂ ਪੁਲਿਸ ਮੁਲਾਜ਼ਮਾਂ ਨੂੰ ਹੀ ਧਮਕਾਇਆ ਗਿਆ ਅਤੇ ਇੱਥੋਂ ਤੱਕ ਕਿ ਇੱਕ ਸੀਨੀਅਰ ਅਫਸਰ ਦੇ ਵੀ ਉਕਤ ਮੁੰਡੇ ਗਲ ਪੈ ਗਏ। ਮਾਮਲਾ ਇੱਥੋਂ ਤੱਕ ਵੱਧ ਗਿਆ ਕਿ ਇੱਕ ਕਾਂਗਰਸੀ ਵਰਕਰ ਨੇ ਪੁਲਿਸ ਮੁਲਾਜ਼ਮ ਦੀ ਵਰਦੀ ਤੱਕ ਪਾੜ ਦਿੱਤੀ।

ਪੁਲਿਸ ਦੇ ਵੱਲੋਂ ਇਸ ਸਬੰਧ ਵਿੱਚ ਮੁਕੱਦਮਾ ਦਰਜ ਕਰ ਲਿਆ ਗਿਆ। ਦੱਸ ਦਈਏ ਕਿ ਕਾਂਗਰਸੀਆਂ ਦੇ ਵੱਲੋਂ ਕੀਤੀ ਗਈ ਪੁਲਿਸ 'ਤੇ ਗੁੰਡਾਗਰਦੀ ਦਾ ਨੰਗਾ ਨਾਚ ਸਰੇ ਬਜ਼ਾਰ ਸਭ ਨੇ ਵੇਖਿਆ। ਪਰ ਦੁੱਖ ਉਦੋਂ ਹੋਇਆ, ਜਦੋਂ ਇੱਕ ਸੀਨੀਅਰ ਕਾਂਗਰਸੀ ਨੇ ਆਪਣੇ ਬੰਦੇ ਥਾਣੇ ਦੇ ਅੰਦਰੋਂ ਹੀ ਛੁਡਾ ਲਏ। ਸੱਤਾਧਿਰ ਦੇ ਲੀਡਰਾਂ ਦਾ ਦਬਾਅ ਇੰਨਾਂ ਸੀ ਕਿ ਪੁਲਿਸ ਮੁਲਾਜ਼ਮਾਂ ਨੂੰ ਉਕਤ ਮਾਮਲੇ ਵਿੱਚ ਰਾਜ਼ੀਨਾਮਾ ਕਰਨ ਤੱਕ ਕਹਿ ਦਿੱਤਾ ਗਿਆ ਅਤੇ ਰਾਜ਼ੀਨਾਮਾ ਨਾ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਦੀ ਬਦਲੀ ਕਰਨ ਦੀ ਧਮਕੀ ਦੇ ਦਿੱਤੀ ਗਈ।

ਸੋ ਖ਼ੈਰ.!! ਉਕਤ ਮਾਮਲਾ ਹਾਲੇ ਵਿੱਚਾਰ ਅਧੀਨ ਹੈ ਅਤੇ ਰਾਜ਼ੀਨਾਮਾ ਹੋਣ ਦੀ ਗੱਲ ਫਿਲਹਾਲ ਕੋਈ ਹੁਣ ਤੱਕ ਸਾਹਮਣੇ ਨਹੀਂ ਆਈ। ਪਰ.!! ਦੋਸਤੋਂ, ਇੱਥੇ ਦੱਸਣਾ ਬਣਦਾ ਹੈ ਕਿ ਜਿਹੜਾ ਜ਼ਿਲ੍ਹਾ ਪੁਲਿਸ ਮੁਖੀ ਫਿਰੋਜ਼ਪੁਰ ਸੰਦੀਪ ਗੋਇਲ ਸੈਮੀਨਾਰਾਂ ਦੇ ਦੌਰਾਨ ਵੱਡੀਆਂ ਵੱਡੀਆਂ ਗੱਲਾਂ ਕਰਦਾ ਹੈ ਅਤੇ ਉਸ ਦੀਆਂ ਵੀਡੀਓ ਵਾਇਰਲ ਹੋ ਜਾਂਦੀਆਂ ਹਨ ਕਿ ਪੁਲਿਸ ਵਾਲੇ ਸਾਫ਼ ਸੁਥਰਾ ਕੰਮ ਨਹੀਂ ਕਰਦੇ, ਕੀ ਅਜਿਹੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਥਾਣਾ ਸਿਟੀ ਫਿਰੋਜ਼ਪੁਰ ਦੇ ਪੁਲਿਸ ਮੁਲਾਜ਼ਮਾਂ 'ਤੇ ਹੋਇਆ ਹਮਲਾ ਨਜ਼ਰੀ ਨਹੀਂ ਆਉਂਦਾ?

ਵੇਖਿਆ ਜਾਵੇ ਤਾਂ ਜਿੰਨ੍ਹਾਂ ਪੁਲਿਸ ਮੁਲਾਜ਼ਮਾਂ 'ਤੇ ਕਾਂਗਰਸੀ ਗੁੰਡਿਆਂ ਨੇ ਹਮਲਾ ਕੀਤਾ, ਉਨ੍ਹਾਂ ਦੇ ਤਾਂ ਹਾਲੇ ਜ਼ਖਮ ਵੀ ਨਹੀਂ ਸਨ ਭਰੇ, ਕਿ ਪੁਲਿਸ 'ਤੇ ਸਿਆਸੀ ਦਬਾਅ ਵੀ ਪੈਣਾ ਸ਼ੁਰੂ ਹੋ ਗਿਆ ਸੀ ਕਿ ਰਾਜ਼ੀਨਾਮਾ ਕੀਤਾ ਜਾਵੇ। ਪਰ ਦੋਸਤੋਂ, ਬੜੇ ਦੁੱਖ ਦੀ ਗੱਲ ਹੈ ਕਿ ਇੱਕ ਜ਼ਿਲ੍ਹੇ ਦਾ ਐਸਐਸਪੀ ਨੂੰ ਪੁਲਿਸ ਮੁਲਾਜ਼ਮਾਂ ਦੇ ਤਾਂ ਗਲਤ ਕੰਮ ਦਿੱਤੇ ਗਏ, ਪਰ ਜੋ ਕੁਝ ਪੁਲਿਸ ਵਾਲਿਆਂ 'ਤੇ ਕਾਂਗਰਸੀ ਨੇ ਹਮਲਾ ਕੀਤਾ, ਉਹ ਨਹੀਂ ਦਿੱਸਿਆ। ਜਦੋਂ ਪੁਲਿਸ ਮੁਲਾਜ਼ਮਾਂ 'ਤੇ ਹੋਏ ਹਮਲੇ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਫਿਰੋਜ਼ਪੁਰ ਸੰਦੀਪ ਗੋਇਲ ਦੇ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਫੋਨ ਚੁੱਕਣਾ ਮੁਨਾਸਿਫ਼ ਨਾ ਸਮਝਿਆ।

ਦੂਜੇ ਪਾਸੇ ਦੋਸਤੋਂ, ਦੇਖਣਾ ਹੁਣ ਇਹ ਹੋਵੇਗਾ ਕਿ ਆਖ਼ਿਰ ਕਦੋਂ ਸਿਟੀ ਪੁਲਿਸ ਦੇ ਮੁਲਾਜ਼ਮਾਂ ਨੂੰ ਇਨਸਾਫ਼ ਮਿਲੇਗਾ? ਕੀ ਆਉਣ ਵਾਲੇ ਸਮੇਂ ਵਿੱਚ ਵੀ ਪੁਲਿਸ 'ਤੇ ਇਸੇ ਤਰ੍ਹਾਂ ਹੀ ਸਿਆਸੀ ਲੋਕ ਹਮਲੇ ਕਰਦੇ ਰਹਿਣਗੇ ਅਤੇ ਪੁਲਿਸ ਚੁੱਕ ਕਰਕੇ ਬੈਠ ਜਾਵੇਗੀ? ਕੀ ਜ਼ਿਲ੍ਹਾ ਪੁਲਿਸ ਮੁਖੀ ਦਾ ਫਰਜ਼ ਨਹੀਂ ਬਣਦਾ ਕਿ ਉਕਤ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇ, ਜਿਨ੍ਹਾਂ ਨੇ ਪੁਲਿਸ ਵਾਲਿਆਂ 'ਤੇ ਸਰੇ ਬਜ਼ਾਰ ਹਮਲਾ ਕੀਤਾ? ਕੀ ਜ਼ਿਲ੍ਹੇ ਵਿੱਚ ਵਿੱਕ ਰਹੇ ਖੁੱਲ੍ਹੇਆਮ ਨਸ਼ੇ ਨੂੰ ਜ਼ਿਲ੍ਹਾ ਪੁਲਿਸ ਮੁਖੀ ਬੰਦ ਕਰਵਾ ਪਾਉਣਗੇ ਜਾਂ ਨਹੀਂ, ਜਾਂ ਫਿਰ ਸਿਆਸੀ ਧਿਰ ਦਾ ਦਬਾਅ ਇਸੇ ਤਰ੍ਹਾਂ ਹੀ ਕਾਇਮ ਰਹੇਗਾ? ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਕਿ ਕੀ ਬਣਦਾ ਹੈ?

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।