ਜਿੱਥੇ ਦੀ ਮੌਤ ਇੰਨੀ ਸਸਤੀ ਹੋਵੇ, ਉਹ ਦੇਸ਼ ਕਦੇ ਅੱਗੇ ਨਹੀਂ ਸਕਦਾ ਵੱਧ!!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jun 16 2019 12:50
Reading time: 3 mins, 56 secs

ਸਾਡਾ ਭਾਰਤ ਦੇਸ਼ ਜਦੋਂ ਦਾ ਆਜ਼ਾਦ ਹੋਇਆ ਹੈ, ਉਦੋਂ ਤੋਂ ਲੈ ਕੇ ਹੀ ਸਮੇਂ ਦੀਆਂ ਸਰਕਾਰਾਂ ਦੇ ਵੱਲੋਂ ਕਿਸਾਨਾਂ ਦੇ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਜਿਹੜੇ ਦੇਸ਼ ਦਾ ਕਿਸਾਨ ਕਦੇ ਅੰਨਦਾਤਾ ਕਹਿਲਾਇਆ ਕਰਦਾ ਸੀ, ਉਹ ਅੱਜ ਖੁਦ ਦੋ 'ਢੰਗ' ਦੀ ਰੋਟੀ ਨੂੰ ਤਰਸ ਰਿਹਾ ਹੈ। ਦਰਅਸਲ, ਸਮੇਂ ਸਮੇਂ ਦੀਆਂ ਸਰਕਾਰ ਦੇ ਵੱਲੋਂ ਬਣਾਏ ਗਏ ਐਕਟਾਂ ਨੇ ਕਿਸਾਨਾਂ ਨੂੰ ਅਜਿਹਾ ਲਤਾੜਿਆ ਹੈ ਕਿ ਕਿਸਾਨ ਕੋਲ ਖੁਦਕੁਸ਼ੀ ਕਰਨ ਤੋਂ ਇਲਾਵਾ ਹੋਰ ਕੋਈ ਵੀ ਚਾਰਾ ਨਹੀਂ ਰਹਿ ਗਿਆ। ਕਿਸਾਨ ਦੇ ਕੋਲ ਇਸ ਵੇਲੇ ਭਾਵੇਂ ਹੀ ਮੌਤ ਤੋਂ ਇਲਾਵਾ ਕੁਝ ਨਹੀਂ।

ਪਰ ਫਿਰ ਵੀ ਕਿਸਾਨ ਭੁੱਖੇ ਢਿੱਡ ਸੰਘਰਸ਼ ਕਰ ਰਿਹਾ ਹੈ। ਧੁੱਪ ਵਿੱਚ ਚੰਮ ਸਾੜ ਕੇ ਦੇਸ਼ ਦਾ ਢਿੱਡ ਭਰਨ ਵਾਲੇ ਕਿਸਾਨ ਪ੍ਰਤੀ ਜਿੱਥੇ ਸਰਕਾਰਾਂ ਧਿਆਨ ਨਹੀਂ ਦੇ ਰਹੀਆਂ, ਉੱਥੇ ਹੀ ਕਿਸਾਨਾਂ ਦੀਆਂ ਜ਼ਮੀਨਾਂ ਹੜੱਪਣ ਤੋਂ ਬਾਅਦ ਫੈਕਟਰੀ ਬਣਾਈ ਬੈਠੇ ਧਨਾਢ ਲੋਕਾਂ ਦੇ ਵੱਲੋਂ ਵੀ ਕਿਸਾਨਾਂ ਦੀਆਂ ਮੁਸ਼ਕਲਾਂ ਦੇ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਦੱਸ ਦਈਏ ਕਿ ਕਿਸਾਨ ਦੀ ਇਸ ਵੇਲੇ ਹਾਲਤ ਸਾਰੇ ਵਰਗਾਂ ਦੇ ਨਾਲੋਂ ਮਾੜੀ ਇਸ ਕਰਕੇ ਹੋਈ ਪਈ ਹੈ, ਕਿਉਂਕਿ ਕਿਸਾਨ ਦੀ ਕੋਈ ਵੀ ਸਰਕਾਰ ਸੁਣ ਨਹੀਂ ਰਹੀ ਅਤੇ ਕਿਸਾਨ ਤੰਗ ਆ ਕੇ ਮੌਤ ਨੂੰ ਗਲੇ ਲਗਾ ਰਿਹਾ ਹੈ।

ਸਾਡੇ ਦੇਸ਼ ਦੇ ਅੰਦਰ ਰੋਜ਼ਾਨਾ ਹੀ ਦਰਜਨਾਂ ਕਿਸਾਨ ਇਸ ਕਰਕੇ ਖੁਦਕੁਸ਼ੀਆਂ ਕਰ ਜਾਂਦੇ ਹਨ, ਕਿਉਂਕਿ ਉਨ੍ਹਾਂ ਦੇ ਸਿਰ ਚੜ੍ਹਿਆ ਕਰਜ਼ਾ ਹੀ ਉਨ੍ਹਾਂ ਕੋਲੋਂ ਲਹਿ ਨਹੀਂ ਪਾਉਂਦਾ। ਕਿਸਾਨਾਂ ਉੱਪਰ ਚੜ੍ਹੇ ਕਰਜ਼ੇ ਨੂੰ ਖ਼ਤਮ ਕਰਨ ਦੇ ਲਈ ਭਾਵੇਂ ਹੀ ਸਮੇਂ ਦੀਆਂ ਸਰਕਾਰਾਂ ਦੇ ਵੱਲੋਂ ਕਈ ਤਰ੍ਹਾਂ ਦੀ ਬਿਆਨਬਾਜੀ ਕੀਤੀ ਜਾਂਦੀ ਰਹਿੰਦੀ ਹੈ, ਪਰ ਇਹ ਬਿਆਨਬਾਜੀ ਸਭ ਫੋਕੀ ਹੀ ਸਾਬਤ ਹੁੰਦੀ ਹੈ। ਕਿਉਂਕਿ ਸਰਕਾਰਾਂ ਦੇ ਵੱਲੋਂ ਆਪਣੇ ਧਨਾਢ ਬੰਦਿਆਂ ਦਾ ਹੀ ਕਰਜ਼ ਮੁਆਫ ਕੀਤਾ ਜਾਂਦਾ ਹੈ, ਜਦਕਿ ਅੰਨ ਪੈਦਾ ਕਰਨ ਵਾਲੇ ਕਿਸਾਨ ਦੀਆਂ ਮੰਗਾਂ ਵੱਲ ਕਦੇ ਧਿਆਨ ਨਹੀਂ ਦਿੱਤਾ ਜਾਂਦਾ।

ਦਰਅਸਲ, ਇਹ ਸਭ ਕੁਝ ਸਰਕਾਰਾਂ ਜਾਣਦੀਆਂ ਹੋਈਆਂ ਵੀ ਕਿਸਾਨ ਦੀਆਂ ਮੰਗਾਂ ਨੂੰ ਅਣਗੌਲਿਆ ਕਰ ਰਹੀਆਂ ਹਨ। ਅੱਜ ਭਾਰਤ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਖੇਤੀ ਇਸ ਕਰਕੇ ਨਹੀਂ ਹੋ ਰਹੀ, ਕਿਉਂਕਿ ਉੱਥੇ ਪਾਣੀ ਦੀ ਕਮੀ ਹੈ ਅਤੇ ਪਾਣੀ ਦੀ ਕਮੀ ਦੇ ਕਾਰਨ ਉੱਥੋਂ ਦੀਆਂ ਜ਼ਮੀਨਾਂ ਖੰਡਰ ਹੁੰਦੀਆਂ ਜਾ ਰਹੀਆਂ ਹਨ। ਜਿਸ ਦੇ ਕਾਰਨ ਕਿਸਾਨ ਜਿੱਥੇ ਆਪ ਭੁੱਖੇ ਮਰ ਰਹੇ ਹਨ, ਉੱਥੇ ਹੀ ਆਸ ਪਾਸ ਦੇ ਲੋਕਾਂ ਤੋਂ ਇਲਾਵਾ ਕਿਸਾਨਾਂ ਦੇ ਪਰਿਵਾਰਾਂ ਨੂੰ ਵੀ ਦੋ ਵੇਲੇ ਦੀ ਰੋਟੀ ਨਸੀਬ ਨਹੀਂ ਹੋ ਰਹੀ।

ਭਾਵੇਂ ਹੀ ਸਮੇਂ ਦੀਆਂ ਸਰਕਾਰਾਂ ਦੇ ਵੱਲੋਂ ਕਿਸਾਨਾਂ ਦਾ ਮਨੋਬਲ ਉੱਚਾ ਚੁੱਕਣ ਦੇ ਲਈ ਕਈ ਤਰ੍ਹਾਂ ਦੇ ਉਪਰਾਲੇ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਅਫਸੋਸ ਹੈ ਕਿ ਉਕਤ ਉਪਰਾਲੇ ਸਿਰਫ ਤੇ ਸਿਰਫ ਅਖਬਾਰਾਂ ਅਤੇ ਟੀਵੀ ਚੈਨਲਾਂ ਤੱਕ ਹੀ ਸੀਮਤ ਹਨ। ਕੇਂਦਰ ਦੀ ਮੋਦੀ ਸਰਕਾਰ ਤੋਂ ਲੈ ਕੇ ਪੰਜਾਬ ਦੀ ਕੈਪਟਨ ਸਰਕਾਰ ਤੱਕ ਕੋਈ ਵੀ ਸਰਕਾਰ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਧਿਆਨ ਨਹੀਂ ਦੇ ਰਹੀ। ਅੱਜ ਅੰਨਦਾਤੇ ਦੀ ਹਾਲਤ ਇਸ ਕਦਰ ਖ਼ਰਾਬ ਹੋਈ ਪਈ ਹੈ ਕਿ ਕੋਈ ਕਹਿਣ ਦੀ ਹੱਦ ਨਹੀਂ।

ਸਾਰਾ ਸਾਲ ਜਦੋਂ ਖੇਤ ਵਿੱਚ ਆਪਣਾ ਚੰਮ ਸਾੜ ਕੇ ਫਸਲ ਉਗਾਈ ਜਾਂਦੀ ਹੈ ਤਾਂ ਮੰਡੀ ਲਿਜਾਣ ਤੋਂ ਬਾਅਦ ਕਿਸਾਨ ਨੂੰ ਉਸ ਦੀ ਫਸਲ ਦਾ ਸਹੀ ਭਾਅ ਹੀ ਨਹੀਂ ਮਿਲ ਪਾਉਂਦਾ। ਜ਼ਿਆਦਾਤਰ ਕਿਸਾਨ ਤਾਂ ਇਸ ਕਰਕੇ ਹੀ ਖੁਦਕੁਸ਼ੀ ਕਰ ਜਾਂਦੇ ਹਨ। ਕਿਉਂਕਿ ਠੇਕੇ 'ਤੇ ਲਈਆਂ ਜ਼ਮੀਨਾਂ ਤੋਂ ਇਲਾਵਾ ਆਪਣੀ ਜ਼ਮੀਨ ਵਿੱਚ ਬੀਜੀ ਫਸਲ 'ਤੇ ਖਾਦ ਦਵਾਈ ਅਤੇ ਜ਼ਮੀਨ ਦੀ ਵੁਆਹੀ 'ਤੇ ਆਇਆ ਖ਼ਰਚ ਜਦੋਂ ਕਿਸਾਨ ਨਹੀਂ ਝੱਲ ਪਾਉਂਦਾ ਤਾਂ ਕਿਸਾਨ ਦੇ ਉੱਪਰ ਕਰਜ਼ ਚੜ ਜਾਂਦਾ ਹੈ ਅਤੇ ਕਿਸਾਨ ਦੇ ਕੋਲ ਖੁਦਕੁਸ਼ੀ ਕਰਨ ਤੋਂ ਇਲਾਵਾ ਹੋਰ ਕੋਈ ਵੀ ਚਾਰਾ ਨਹੀਂ ਹੁੰਦਾ।

ਦੱਸ ਦਈਏ ਕਿ ਸ਼ਾਹੂਕਾਰਾਂ ਅਤੇ ਬੈਂਕਾਂ ਵਾਲਿਆਂ ਦਾ ਸਤਾਇਆ ਕਿਸਾਨ ਆਖ਼ਰ ਮੌਤ ਨੂੰ ਗਲੇ ਲਗਾਉਣ ਤੋਂ ਬਾਅਦ ਆਪਣੇ ਹੋਰ ਕਿਸਾਨ ਸਾਥੀਆਂ ਨੂੰ ਆਖ ਜਾਂਦਾ ਹੈ ਕਿ ਉਹ ਸੰਘਰਸ਼ ਕਰਕੇ ਕਿਸਾਨਾਂ ਨੂੰ ਖੁਦਕੁਸ਼ੀਆਂ ਤੋਂ ਰੋਕਣ। ਵੇਖਿਆ ਜਾਵੇ ਤਾਂ ਸਮੇਂ ਦੀਆਂ ਸਰਕਾਰਾਂ ਦੇ ਵੱਲੋਂ ਕਦੇ ਵੀ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦਾ ਹੁਣ ਤੱਕ ਐਕਟ ਨਹੀਂ ਬਣਾਇਆ। ਜੇਕਰ ਸਰਕਾਰਾਂ ਦੇ ਵੱਲੋਂ ਆਜ਼ਾਦੀ ਤੋਂ ਮਗਰੋਂ ਕਿਸਾਨ ਦੀ ਹਾਲਤ 'ਤੇ ਨਿਗਾਹ ਮਾਰੀ ਹੁੰਦੀ ਤਾਂ ਅੱਜ ਦੇਸ਼ ਦਾ ਕਿਸਾਨ ਖੁਦਕੁਸ਼ੀਆਂ ਦੇ ਰਾਹ ਨਾ ਪਿਆ ਹੁੰਦਾ।

ਦੋਸਤੋਂ, ਇੱਥੇ ਦੁੱਖ ਦੀ ਗੱਲ ਤਾਂ ਇਹ ਹੈ ਕਿ ਜੇਕਰ ਕਿਸਾਨ ਕਰਜ਼ ਲੈਣ ਲਈ ਬੈਂਕ ਜਾਂਦਾ ਹੈ ਤਾਂ ਉਸ ਦੇ ਕੋਲੋਂ ਬੈਂਕਾਂ ਵਾਲੇ ਜ਼ਮੀਨ ਗਹਿਣੇ ਰਖਾਉਣ ਤੋਂ ਬਾਅਦ ਉਸ ਦੇ ਕੋਲੋਂ ਖਾਲੀ ਚੈੱਕਾਂ ਉੱਪਰ ਦਸਤਖ਼ਤ ਕਰਵਾ ਲੈਂਦੇ ਹਨ ਅਤੇ ਫਿਰ ਕਰਜ਼ ਦਿੰਦੇ ਹਨ। ਪਰ ਵੇਖਿਆ ਜਾਵੇ ਤਾਂ ਜਦੋਂ ਬੈਂਕ ਨੇ ਜ਼ਮੀਨ ਹੀ ਗਹਿਣੇ ਰੱਖ ਲਈ ਤਾਂ ਫਿਰ ਖਾਲੀ ਚੈੱਕ ਰੱਖਣ ਦੀ ਕੋਈ ਤੁਕ ਨਹੀਂ ਬਣਦੀ ਹੈ। ਦੂਜੇ ਪਾਸੇ ਜੇਕਰ ਧਨਾਢ ਲੋਕਾਂ ਦੇ ਵੱਲੋਂ ਲਏ ਜਾਂਦੇ ਕਰਜ਼ਿਆਂ ਦੀ ਗੱਲ ਕਰੀਏ ਤਾਂ ਬੈਂਕਾਂ ਵਾਲੇ ਸਿਰਫ ਤੇ ਸਿਰਫ ਧਨਾਢ ਬੰਦੇ ਦਾ ਮੂੰਹ ਹੀ ਵੇਖਦੇ ਹਨ ਅਤੇ ਕਰੋੜਾਂ ਰੁਪਏ ਕੱਢ ਕੇ ਹੱਥ ਫੜਾਉਂਦੇ ਹਨ।

ਜਦੋਂ ਕਿਸਾਨ ਬੈਂਕ ਵਿੱਚ ਆਪਣਾ ਲਿਆ ਕਰਜ਼ ਨਹੀਂ ਤਾਰ ਪਾਉਂਦਾ ਤਾਂ ਸਰਕਾਰ ਅਤੇ ਬੈਂਕਾਂ ਵਾਲੇ ਨੋਟਿਸ ਜਾਰੀ ਕਰ ਦਿੰਦੇ ਹਨ, ਜਿਸ ਤੋਂ ਤੰਗ ਆਇਆ ਕਿਸਾਨ ਜਾਂ ਤਾਂ ਖੁਦਕੁਸ਼ੀ ਕਰ ਲੈਂਦਾ ਹੈ ਜਾਂ ਫਿਰ ਆਪਣੇ ਆਪ ਨੂੰ ਗ੍ਰਿਫਤਾਰ ਕਰਵਾ ਦਿੰਦਾ ਹੈ। ਵੇਖਿਆ ਜਾਵੇ ਤਾਂ ਸਰਕਾਰਾਂ ਦੇ ਵੱਲੋਂ ਕਦੇ ਵੀ ਧਨਾਢ ਲੋਕਾਂ ਨੂੰ ਗ੍ਰਿਫਤਾਰ ਕਰਨਾ ਠੀਕ ਨਹੀਂ ਸਮਝਿਆ, ਉਹ ਭਾਵੇਂ ਨੀਰਵ ਮੋਦੀ ਹੋਵੇ, ਵਿਜੈ ਮਾਲਿਆ ਜਾਂ ਫਿਰ ਕੋਈ ਹੋਰ। ਕਿਸਾਨ 'ਤੇ ਭਾਰੂ ਪਈਆਂ ਸਰਕਾਰਾਂ, ਕਿਸਾਨ ਨੂੰ ਇੱਕ ਦਿਨ ਖ਼ਤਮ ਕਰਕੇ ਹੀ ਸਾਹ ਲੈਣਗੀਆਂ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।