ਹੁਣ ਕੀ ਬਣੇਗਾ ਜਾਖੜ ਦਾ ਸਿਆਸਤ ਵਿੱਚ , ਚੱਲੀ ਚਰਚਾ

Last Updated: May 23 2019 15:46
Reading time: 2 mins, 29 secs

ਲੋਕ-ਸਭਾ ਚੋਣਾ ਦੇ ਆਏ ਰੁਝਾਨਾਂ ਵਿੱਚ ਜਿਸ ਤਰ੍ਹਾਂ ਪੰਜਾਬ ਵਿੱਚ ਸੱਤਾਧਾਰੀ ਕਾਂਗਰਸ ਪਾਰਟੀ ਵਲੋਂ 13 ਸੀਟਾਂ ਜਿੱਤਣ ਦੇ ਦਾਅਵੇ ਕੀਤੇ ਜਾ ਰਹੇ ਸਨ ਅਜਿਹਾ ਹੁੰਦਾ ਦਿਖਾਈ ਤਾਂ ਨਹੀਂ ਦੇ ਰਿਹਾ ਹੈ ਪਰ ਅੱਠ ਸੀਟਾਂ ਤੱਕ ਹੀ ਸਿਮਟ ਕੇ ਰਹਿ ਗਈ ਕਾਂਗਰਸ ਨੂੰ ਜਿੱਥੇ ਆਤਮ ਮੰਥਨ ਦੀ ਲੋੜ ਹੈ ਉੱਥੇ ਨਾਲ ਹੀ ਸਭ ਤੋਂ ਵੱਡੀ ਸੱਟ ਜੋ ਸੱਤਾਧਾਰੀ ਕਾਂਗਰਸ ਪਾਰਟੀ ਨੂੰ ਵੱਜੀ ਹੈ ਉਹ ਹੈ ਪਾਰਟੀ ਦੇ ਪੰਜਾਬ ਪ੍ਰਧਾਨ ਦੀ ਹਾਰ ਦੀ। ਜਿਸ ਤਰ੍ਹਾਂ ਰੁਝਾਨਾਂ ਵਿੱਚ ਵੇਖਣ ਨੂੰ ਮਿਲ ਰਿਹਾ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਭਾਜਪਾ ਦੇ ਉਮੀਦਵਾਰ ਸੰਨੀ ਦਿਓਲ ਤੋਂ ਵੱਡੀ ਲੀਡ ਨਾਲ ਹਾਰਦੇ ਨਜ਼ਰ ਆ ਰਹੇ ਹਨ ਅਜਿਹੇ ਵਿੱਚ ਚਰਚਾ ਚੱਲਣ ਲੱਗ ਪਈ ਹੈ ਕਿ ਹੁਣ ਜਾਖੜ ਦਾ ਸਿਆਸਤ ਵਿੱਚ ਕੀ ਬਣੇਗਾ। ਦੱਸਣਾ ਬਣਦਾ ਹੈ ਕਿ ਵਿਧਾਨ ਸਭਾ 2017 ਦੀਆਂ ਚੋਣਾ ਵਿੱਚ ਸੁਨੀਲ ਜਾਖੜ ਆਪਣੇ ਹਲਕੇ ਅਬੋਹਰ ਤੋਂ ਵਿਧਾਨ ਸਭਾ ਦੀ ਚੋਣ ਹਾਰ ਗਏ ਸਨ ਜਿਸ ਤੋਂ ਬਾਅਦ ਭਾਵੇਂ ਕਿ ਪੰਜਾਬ ਵਿੱਚ ਸਰਕਾਰ ਕਾਂਗਰਸ ਦੀ ਆ ਗਈ ਸੀ ਤੇ ਮੁੱਖ ਮੰਤਰੀ ਵੱਜੋ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ਸੰਭਾਲੀ ਸੀ ਅਤੇ ਬਾਅਦ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਹੀ ਸੁਨੀਲ ਜਾਖੜ ਨੂੰ ਪੰਜਾਬ ਪ੍ਰਦੇਸ ਕਾਂਗਰਸ ਦਾ ਪ੍ਰਧਾਨ ਬਣਾ ਦਿੱਤਾ ਸੀ। ਸੁਨੀਲ ਜਾਖੜ ਨੂੰ ਪੰਜਾਬ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਭਾਵੇਂ ਕਿ ਜਾਖੜ ਦੀ ਸਿਆਸੀ ਸਥਿਤੀ ਕਾਫ਼ੀ ਮਜਬੂਤ ਹੋ ਗਈ ਸੀ ਜਿਸ ਨੇ ਉਨ੍ਹਾਂ ਦੀ ਵਿਧਾਨ ਸਭਾ ਦੀ ਹਾਰ ਦਾ ਸਾਰਾ ਮਲਾਲ ਦੂਰ ਕਰ ਦਿੱਤਾ ਸੀ। ਇਸ ਤੋਂ ਬਾਅਦ 2017 ਵਿੱਚ ਹੀ ਗੁਰਦਾਸਪੁਰ ਤੋਂ ਤਤਕਾਲੀ ਸੰਸਦ ਮੈਂਬਰ ਵਿਨੋਦ ਖੰਨਾ ਦੇ ਦੇਹਾਂਤ ਤੋਂ ਬਾਅਦ ਇੱਥੇ ਜ਼ਿਮਨੀ ਚੋਣ ਹੋਈ ਸੀ ਜਿਸ ਵਿੱਚ ਜਾਖੜ ਨੇ ਵੱਡੀ ਲੀਡ ਨਾਲ ਜਿੱਤ ਦਰਜ ਕਰਵਾਈ ਸੀ ਤੇ 2019 ਦੀਆਂ ਆਮ ਚੋਣਾ ਵਿੱਚ ਵੀ ਪਾਰਟੀ ਹਾਈਕਮਾਨ ਵਲੋਂ ਜਾਖੜ ਤੇ ਹੀ ਭਰੋਸਾ ਪ੍ਰਗਟਾਇਆ ਗਿਆ ਸੀ ਤੇ ਇੱਕ ਵਾਰ ਮੁੜ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਸੀ ਪਰ ਇਸ ਵਾਰ ਜਾਖੜ ਨੂੰ ਸੰਨੀ ਦਿਓਲ ਵਲੋਂ ਜ਼ਬਰਦਸਤ ਟੱਕਰ ਦਿੱਤੀ ਗਈ ਸੀ ਤੇ ਜਾਖੜ ਦੇ ਚੋਣ ਹਾਰਨ ਦਾ ਰਾਹ ਉਸ ਵੇਲੇ ਹੀ ਪੱਧਰਾ ਹੋ ਗਿਆ ਦੱਸਿਆ ਜਾ ਰਿਹਾ ਸੀ ਜਦੋਂ ਸੰਨੀ ਦਿਓਲ ਨੇ ਇੱਥੋਂ ਹੁੰਕਾਰ ਭਰੀ ਸੀ। ਭਾਵੇਂ ਕਿ ਅਜੇ ਚੋਣਾ ਦੇ ਅੰਤਿਮ ਨਤੀਜੇ ਘੋਸ਼ਿਤ ਹੋਣੇ ਹਨ ਪਰ ਜਿਸ ਤਰ੍ਹਾਂ ਸੰਨੀ ਦਿਓਲ ਨੇ ਬੜ੍ਹਤ ਬਣਾਈ ਹੋਈ ਹੈ ਉਸ ਤੋਂ ਸਪਸ਼ਟ ਹੋ ਗਿਆ ਹੈ ਕਿ ਲੋਕ-ਸਭਾ ਹਲਕਾ ਗੁਰਦਾਸਪੁਰ ਦੇ ਲੋਕਾਂ ਨੇ ਜਾਖੜ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ ਜਿਸ ਦੇ ਨਾਲ ਹੀ ਇਹ ਚਰਚਾ ਵੀ ਚੱਲਣ ਲੱਗ ਪਈ ਹੈ ਕਿ ਹੁਣ ਜੱਦ ਕਿ ਜਾਖੜ ਸੰਸਦ ਦੀ ਚੋਣ ਵੀ ਹਾਰ ਗਏ ਹਨ ਤੇ ਵਿਧਾਨ ਸਭਾ ਦੀ ਚੋਣ ਉਹ ਪਹਿਲਾਂ ਹੀ ਇੱਕ ਕੌਂਸਲਰ ਕੋਲੋਂ ਹਾਰ ਚੁੱਕੇ ਹਨ ਦੀ ਪੰਜਾਬ ਪ੍ਰਧਾਨਗੀ ਦੀ ਕੁਰਸੀ ਵੀ ਖ਼ਤਰੇ ਵਿੱਚ ਚਲੀ ਜਾਵੇਗੀ। ਸੁਣਨ ਵਿੱਚ ਮਿਲ ਰਿਹਾ ਹੈ ਕਿ ਜਲਦੀ ਹੀ ਪੰਜਾਬ ਦੀ ਪ੍ਰਧਾਨਗੀ ਵੀ ਜਾਖੜ ਕੋਲੋਂ ਜਾ ਸਕਦੀ ਹੈ ਜਿਸ ਤੋਂ ਬਾਅਦ ਜਾਖੜ ਲਈ ਸਿਆਸੀ ਹਾਲਾਤ ਆਮ ਨਹੀਂ ਰਹਿਣਗੇ। ਲੋਕਾਂ ਦਾ ਕਹਿਣਾ ਹੈ ਕਿ ਹੁਣ ਜਾਖੜ ਦਾ ਕੀ ਬਣੇਗਾ ਜੇਕਰ ਪ੍ਰਧਾਨਗੀ ਵੀ ਉਨ੍ਹਾਂ ਕੋਲੋਂ ਖੋਹ ਲਈ ਜਾਂਦੀ ਹੈ ਅਜਿਹੇ ਵਿੱਚ ਜਾਖੜ ਹੁਣ ਵਾਪਸ ਅਬੋਹਰ ਚਲੇ ਜਾਣਗੇ ਤੇ ਮੁੜ ਆਪਣਾ ਸਿਆਸੀ ਸਫ਼ਰ ਉੱਥੇ ਹੀ ਸ਼ੁਰੂ ਕਰਨਗੇ ਜਾਂ ਫੇਰ ਗੁਰਦਾਸਪੁਰ ਵਿਖੇ ਟਿਕਣ ਦਾ ਯਤਨ ਕਰਨਗੇ ਇਸ ਬਾਰੇ ਆਉਂਦੇ ਦਿਨਾ ਵਿੱਚ ਪਤਾ ਚੱਲੇਗਾ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।