ਆਖ਼ਰ ਜਨਾਨੀਆਂ ਜਿਤਾਉਣ 'ਚ ਕਾਮਯਾਬ ਹੋ ਹੀ ਗਏ ਕੈਪਟਨ ਤੇ ਸੁਖਬੀਰ!! (ਵਿਅੰਗ)

Last Updated: May 23 2019 15:45
Reading time: 1 min, 26 secs

ਆਖ਼ਰ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਆਪੋ ਆਪਣੀਆਂ ਜਨਾਨੀਆਂ ਜਿਤਾਉਣ ਵਿੱਚ ਕਾਮਯਾਬ ਹੋ ਹੀ ਗਏ। ਇਸ ਜਿੱਤ ਦੀ ਵਜ੍ਹਾ, ਉਨ੍ਹਾਂ ਦੀ ਸੂਬੇ ਦੀ ਜਨਤਾ ਵਿੱਚ ਹਰਮਿਆਨ ਪਿਆਰਤਾ ਹੈ? ਜਾਂ ਉਨ੍ਹਾਂ ਦੀ ਇਸ ਜਿੱਤ ਦੇ ਪਿੱਛੇ ਕਿਸੇ ਕਾਲੇ ਇਲਮ ਜਾਂ ਗੈਬੀ ਸ਼ਕਤੀ ਦਾ ਹੱਥ ਹੈ? ਇਨ੍ਹਾਂ ਦੋਹਾਂ ਸਵਾਲਾਂ ਦੇ ਨਾਲ ਸਾਡਾ ਕੋਈ ਲੈਣ ਦੇਣ ਨਹੀਂ ਹੈ, ਇਸ ਦਾ ਜਵਾਬ ਉਨ੍ਹਾਂ ਲੋਕਾਂ ਤੇ ਹੀ ਛੱਡ ਦਿਓ ਜਿਨ੍ਹਾਂ ਨੇ ਪਟਿਆਲਾ ਤੇ ਬਠਿੰਡਾ ਸੀਟਾਂ ਨੂੰ ਫਰੈਂਡਲੀ ਮੈਚ ਦੱਸਿਆ ਸੀ। 

ਦੋਸਤੋ, ਭਾਵੇਂ ਕਿ ਲੋਕ ਸਭਾ ਚੋਣਾਂ ਦੇ ਨਤੀਜੇ ਅੱਜ ਆਏ ਹਨ ਪਰ, ਨਿਊਜ਼ ਨੰਬਰ ਨੇ 15 ਮਈ ਦੀ ਆਪਣੀ ਵਿਸ਼ੇਸ਼ ਖ਼ਬਰ ਵਿੱਚ ਪਹਿਲਾਂ ਤੋਂ ਹੀ ਪ੍ਰਨੀਤ ਕੌਰ ਅਤੇ ਹਰਸਿਮਰਤ ਕੌਰ ਬਾਦਲ ਦੀ ਜਿੱਤ ਦੀ ਭਵਿੱਖਬਾਣੀ ਕਰ ਦਿੱਤੀ ਸੀ, ਭਾਵੇਂ ਕਿ ਇਹ ਭਵਿੱਖਬਾਣੀ ਕੁਝ ਸਿਆਸੀ ਲੋਕਾਂ ਵੱਲੋਂ ਇਹਨਾਂ ਆਗੂਆਂ ਤੇ ਲਗਾਏ ਗਏ ਸੰਗੀਨ ਇਲਜ਼ਾਮਾਂ ਵਿੱਚ ਹੀ ਛਿਪੀ ਹੋਈ ਸੀ। 

ਦੋਸਤੋ, ਪਟਿਆਲਾ ਤੋਂ ਪ੍ਰਨੀਤ ਕੌਰ ਅਤੇ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਜਿੱਤ ਹਾਸਲ ਕਰ ਚੁੱਕੇ ਹਨ। ਪਰ ਇਨ੍ਹਾਂ ਦੋਹਾਂ ਦੀ ਜਿੱਤ ਨੇ ਕਈ ਵੱਡੀ ਸਿਆਸੀ ਚਿਹਰਿਆਂ ਨੂੰ ਮੂੰਹ ਵਿਖਾਉਣ ਜੋਗਾ ਨਹੀਂ ਛੱਡਿਆ। ਪਟਿਆਲਾ ਤੋਂ ਅਕਾਲੀ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਅਤੇ ਬਠਿੰਡਾ ਤੋਂ ਕਾਂਗਰਸੀ ਉਮੀਦਵਾਰ ਰਾਜ ਵੜਿੰਗ ਬੁਰੀ ਤਰਾਂ ਨਾਲ ਵੜ ਚੁੱਕੇ ਹਨ। ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਦੋਹਾਂ ਲੀਡਰਾਂ ਦਾ ਸਿਆਸੀ ਭਵਿੱਖ ਕੀ ਹੋਵੇਗਾ, ਇਹ ਤਾਂ ਬਿਹਤਰ ਇਹ ਖ਼ੁਦ ਹੀ ਬਿਆਨ ਕਰ ਸਕਦੇ ਹਨ ਅਤੇ ਜਾਂ ਫਿਰ ਬਿਆਨ ਕਰ ਸਕਦੇ ਹਨ, ਇਨ੍ਹਾਂ ਦੇ ਆਕਾ, ਜਿਨ੍ਹਾਂ ਨੇ ਇਨ੍ਹਾਂ ਨੂੰ ਸਭ ਕੁਝ ਜਾਣਦੇ ਬੁੱਝਦੇ ਹੋਏ ਵੀ ਬਲੀ ਦਾ ਬੱਕਰਾ ਬਣਾਇਆ ਸੀ, ਜੇਕਰ ਸਿੱਧੂ ਨੇ ਉਸ ਦਿਨ ਕੁਝ ਗ਼ਲਤ ਨਹੀਂ ਸੀ ਬੋਲਿਆ ਤਾਂ। ਸਾਰੀਆਂ ਗੱਲਾਂ ਛੱਡੋ, ਜੋ ਵੀ ਹੈ, ਕੈਪਟਨ ਤੇ ਸੁਖਬੀਰ ਆਪੋ ਆਪਣੀਆਂ ਜ਼ਨਾਨੀਆਂ ਜਿਤਾਉਣ ਵਿੱਚ ਕਾਮਯਾਬ ਹੋ ਹੀ ਗਏ, ਜ਼ਰੂਰੀ ਨਹੀਂ ਸਿੱਧੂ ਸਹੀ ਹੀ ਹੋਣ, ਇਹ ਲੋਕਾਂ ਦਾ ਆਪਣੇ ਲੀਡਰਾਂ ਪ੍ਰਤੀ ਪਿਆਰ ਤੇ ਸਤਿਕਾਰ ਵੀ ਹੋ ਸਕਦਾ ਹੈ।