ਚੋਣ ਮੈਨੀਫੈਸਟੋ 'ਚ ਕੀਤੇ ਵਾਅਦੇ ਆਖ਼ਿਰ ਕਦੋਂ ਹੋਣਗੇ ਪੂਰੇ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: May 23 2019 12:47
Reading time: 2 mins, 30 secs

ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀ ਸੱਤਾ ਸੰਭਾਲਣ ਤੋਂ ਪਹਿਲੋਂ ਸਮੂਹ ਪੰਜਾਬ ਵਾਸੀਆਂ ਦੇ ਨਾਲ ਵਾਅਦੇ ਕੀਤੇ ਸਨ ਕਿ ਕਿਸਾਨਾਂ ਦੇ ਕਰਜ਼ ਮੁਆਫ਼ ਕੀਤੇ ਜਾਣਗੇ, ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ, ਬੇਰੁਜ਼ਗਾਰਾਂ ਨੂੰ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇਗਾ, ਨੌਜਵਾਨਾਂ ਸਮਾਰਟ ਫੋਨ ਦਿੱਤੇ ਜਾਣੇ, ਬੁਢਾਪਾ ਪੈਨਸ਼ਨ ਵਿੱਚਵਾਧਾ ਕੀਤਾ ਜਾਵੇਗਾ ਆਦਿ। ਅਜਿਹੇ ਬਹੁਤ ਸਾਰੇ ਵਾਅਦੇ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਪੰਜਾਬ ਦੀ ਸੱਤਾ ਸੰਭਾਲਣ ਤੋਂ ਪਹਿਲੋਂ ਕੀਤੇ ਗਏ ਸਨ।
 
ਇਨ੍ਹਾਂ ਵਾਅਦਿਆਂ ਦੇ ਵਿੱਚ ਕਰਜ਼ ਮੁਆਫ਼ੀ ਦਾ ਵਾਅਦਾ ਦਾ ਅੱਧਾ ਕੁ ਪੂਰਾ ਹੋ ਚੁੱਕਿਆ ਹੈ। ਕਿਉਂਕਿ ਇਸ ਕਰਜ਼ ਮੁਆਫ਼ੀ ਦਾ ਲਾਭ ਵੱਡੇ ਕਿਸਾਨਾਂ ਨੂੰ ਹੀ ਮਿਲ ਰਿਹਾ ਹੈ, ਜਦੋਂਕਿ ਗ਼ਰੀਬ ਕਿਸਾਨ ਤਾਂ ਹੁਣ ਵੀ ਖੁਦਕੁਸ਼ੀਆਂ ਦੇ ਰਾਹ ਪਿਆ ਹੋਇਆ ਹੈ। ਵੇਖਿਆ ਜਾਵੇ ਤਾਂ ਹਰ ਕਿਸੇ ਦੀ ਜ਼ੁਬਾਨ 'ਤੇ ਅੱਜ ਇਹ ਹੀ ਗੱਲ ਸੁਣਨ ਨੂੰ ਮਿਲ ਰਹੀ ਹੈ ਕਿ ਕਰੀਬ ਢਾਈ ਸਾਲ ਪਹਿਲੋਂ ਪੰਜਾਬ ਦੀ ਸੱਤਾ ਵਿੱਚ ਆਈ ਕਾਂਗਰਸ ਸਰਕਾਰ ਆਪਣੇ ਚੋਣ ਮੈਨੀਫੈਸਟੋ ਵਿੱਚ ਕੀਤੇ ਵਾਅਦਿਆਂ ਨੂੰ ਕਦੋਂ ਪੂਰਾ ਕਰੇਗੀ ਅਤੇ ਕਦੋਂ ਲੋਕ ਖ਼ੁਸ਼ਹਾਲ ਹੋਣਗੇ? 

ਜਦੋਂ 'ਨਿਊਜ਼ਨੰਬਰ' ਨੇ ਕੈਪਟਨ ਸਰਕਾਰ ਦੇ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਚੋਣ ਮੈਨੀਫੈਸਟੋ ਵਿੱਚ ਕੀਤੇ ਵਾਅਦਿਆਂ ਅਤੇ ਦਾਅਵਿਆਂ ਸਬੰਧੀ ਕੁਝ ਲੋਕਾਂ ਦੇ ਵਿਚਾਰ ਜਾਣੇ ਤਾਂ ਪੰਜਾਬ ਦੇ ਲੋਕ ਪਿਛਲੀ ਅਕਾਲੀ ਭਾਜਪਾ ਸਰਕਾਰ ਦੀ ਤਰ੍ਹਾਂ ਕੈਪਟਨ ਸਰਕਾਰ ਨੂੰ ਵੀ ਕੋਸਦੇ ਨਜ਼ਰੀ ਆਏ। ਲੋਕਾਂ ਦਾ ਕਹਿਣਾ ਸੀ ਕਿ ਅਕਾਲੀ ਭਾਜਪਾ ਸਰਕਾਰ ਨੇ 10 ਸਾਲ ਲਗਾਤਾਰ ਪੰਜਾਬ 'ਤੇ ਰਾਜ ਕੀਤਾ ਅਤੇ 10 ਸਾਲ ਪੰਜਾਬ ਨੂੰ ਕਰਜ਼ਾਈ ਕਰਨ ਤੋਂ ਇਲਾਵਾ ਅਕਾਲੀ ਭਾਜਪਾ ਸਰਕਾਰ ਨੇ ਕੋਈ ਕੰਮ ਨਹੀਂ ਕੀਤਾ। 

ਅਕਾਲੀ ਭਾਜਪਾ ਸਰਕਾਰ ਦੇ ਸਮੇਂ ਜਿੱਥੇ ਬੇਰੁਜ਼ਗਾਰ ਸੜਕਾਂ 'ਤੇ ਆਪਣੀਆਂ ਹੱਕੀ ਮੰਗਾਂ ਦੇ ਲਈ ਧੱਕੇ ਖਾਂਦੇ ਰਹੇ, ਕੈਪਟਨ ਰਾਜ ਦੇ ਵਿੱਚ ਵੀ ਬੇਰੁਜ਼ਗਾਰ ਸੜਕਾਂ 'ਤੇ ਹੀ ਧੱਕੇ ਖਾ ਰਹੇ ਹਨ। ਕੁਲ ਮਿਲਾ ਕੇ ਵੇਖੀਏ ਤਾਂ ਸਮੇਂ ਦੀਆਂ ਸਰਕਾਰਾਂ ਨੇ ਆਪਣੇ ਚੋਣ ਮੈਨੀਫੈਸਟੋ ਜਾਰੀ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਹੀ ਕੋਸ਼ਿਸ਼ ਕੀਤੀ ਹੈ, ਹੋਰ ਕੋਈ ਕੰਮ ਨਹੀਂ ਕੀਤਾ। ਕਿਸਾਨਾਂ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਚੋਣ ਮੈਨੀਫੈਸਟੋ ਦੇ ਵਿੱਚ ਕਿਸਾਨਾਂ ਦੇ ਕਰਜ਼ ਮੁਆਫ਼ ਕਰਨ ਸਬੰਧੀ ਜੋ ਵਾਅਦੇ ਸਰਕਾਰ ਦੇ ਵੱਲੋਂ ਕੀਤੇ ਗਏ ਸਨ। ਉਹ ਵਾਅਦੇ ਹੁਣ ਤੱਕ ਪੂਰੇ ਨਹੀਂ ਹੋ ਸਕੇ। ਕਿਸਾਨਾਂ ਦਾ ਦੋਸ਼ ਸੀ ਕਿ ਕੈਪਟਨ ਸਰਕਾਰ ਦੇ ਵੱਲੋਂ ਧਨਾਢ ਕਿਸਾਨਾਂ ਦੇ ਕਰਜ਼ ਮੁਆਫ਼ ਕਰ ਦਿੱਤੇ ਗਏ, ਜਦੋਂਕਿ ਗ਼ਰੀਬ ਕਿਸਾਨ, ਮਜ਼ਦੂਰ ਦੇ ਰਤਾ ਵੀ ਕਰਜ਼ ਮੁਆਫ਼ ਨਹੀਂ ਕੀਤੇ ਗਏ। ਜਿਸ ਦੇ ਕਾਰਨ ਕਿਸਾਨ ਅਤੇ ਮਜ਼ਦੂਰ ਪ੍ਰੇਸ਼ਾਨ ਨਜ਼ਰੀ ਆ ਰਹੇ ਹਨ। ਕਿਸਾਨਾਂ ਦਾ ਇਹ ਵੀ ਦੋਸ਼ ਸੀ ਕਿ ਸਰਕਾਰ ਦੀਆਂ ਕਥਿਤ ਗ਼ਲਤ ਨੀਤੀਆਂ ਤੋਂ ਤੰਗ ਆ ਕੇ ਪੰਜਾਬ ਦਾ ਕਿਸਾਨ ਖੁਦਕੁਸ਼ੀਆਂ ਦੇ ਰਾਹ ਪਿਆ ਹੋਇਆ ਹੈ ਅਤੇ ਨੌਜਵਾਨ ਰੁਜ਼ਗਾਰ ਨਾ ਮਿਲਣ ਦੇ ਕਾਰਨ ਨਸ਼ਿਆਂ ਨੂੰ ਗਲੇ ਲਗਾ ਰਿਹਾ ਹੈ।
 
ਕਿਸਾਨਾਂ ਨੇ ਮੰਗ ਕੀਤੀ ਕਿ ਆਵਾਰਾ ਪਸ਼ੂਆਂ, ਆਵਾਰਾ ਕੁੱਤੇ ਅਤੇ ਜੰਗਲੀ ਸੂਰ ਜੋ ਕਿ ਕਿਸਾਨਾਂ ਵਾਸਤੇ ਇਸ ਵਕਤ ਸਭ ਤੋਂ ਵੱਡੀ ਮੁਸੀਬਤ ਬਣੀ ਹੈ, ਸਰਕਾਰ ਇਸ ਮੁਸੀਬਤ ਤੋਂ ਨਿਜਾਤ ਦਿਵਾਉਣ ਲਈ ਉਚਿੱਤ ਪ੍ਰਬੰਧ ਕਰੇ। ਸਰਕਾਰ ਦੇ ਚੋਣ ਮੈਨੀਫੈਸਟੋ ਵਿੱਚ ਜੋ ਕਿਸਾਨਾਂ ਦਾ ਸਮੁੱਚਾ ਕਰਜ਼ਾ ਮੁਆਫ਼ ਕਰਨ ਦਾ ਵਾਅਦਾ ਕੀਤਾ ਸੀ ਉਸ ਨੂੰ ਤੁਰੰਤ ਲਾਗੂ ਕੀਤਾ ਜਾਵੇ, ਨਹੀਂ ਤਾਂ ਪੰਜਾਬ ਦੇ ਕਿਸਾਨ ਮੁੜ ਤੋਂ ਸੰਘਰਸ਼ ਦੇ ਰਾਹ 'ਤੇ ਤੁਰ ਪੈਣਗੇ। ਸਰਕਾਰ ਨੇ ਚੋਣਾਂ ਵੇਲੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਨਸ਼ੇ ਨੂੰ ਚਾਰ ਹਫ਼ਤਿਆਂ ਵਿੱਚਖ਼ਤਮ ਕੀਤਾ ਜਾਵੇ, ਉਸ 'ਤੇ ਕਾਰਵਾਈ ਕੀਤੀ ਜਾਵੇ। ਦੇਖਣਾ ਹੁਣ ਇਹ ਹੋਵੇਗਾ ਕਿ ਕੈਪਟਨ ਸਰਕਾਰ ਚੋਣ ਮੈਨੀਫੈਸਟੋ ਵਿੱਚ ਕੀਤੇ ਵਾਅਦਿਆਂ ਨੂੰ ਕਦੋਂ ਪੂਰਾ ਕਰਦੀ ਹੈ?