ਵੋਟਾਂ ਪੈਣ ਮਗਰੋਂ ਖੁੱਲ੍ਹਾ ਈ. ਵੀ. ਐੱਮ. ਮਸ਼ੀਨਾਂ ਲੁੱਟੇ ਜਾਣ ਦਾ ਰਾਜ਼ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: May 23 2019 12:19
Reading time: 1 min, 52 secs

ਭਾਵੇਂ ਕਿ, ਇਸ ਘਟਨਾ ਦਾ ਪਟਿਆਲਾ ਜਾਂ ਪੰਜਾਬ ਨਾਲ ਕੋਈ ਵੀ ਸਬੰਧ ਨਹੀਂ ਹੈ ਪਰ, ਬਾਵਜੂਦ ਇਸ ਦੇ ਇਹ ਖ਼ਬਰ ਸਾਡੇ ਪਾਠਕਾਂ ਲਈ ਬੜੀ ਵੱਡੀ ਅਹਿਮੀਅਤ ਰੱਖਦੀ ਹੈ ਕਿ, ਆਖ਼ਰ ਅਜਿਹਾ ਕੀ ਕਾਰਨ ਹੈ ਕਿ, ਅਰੁਣਾਚਲ ਪ੍ਰਦੇਸ਼ ਵਿੱਚ ਈ. ਐੱਮ. ਮਸ਼ੀਨਾਂ ਦੀ ਲੁੱਟ ਦੇ ਮਾਮਲੇ ਨੂੰ ਪੂਰੇ 72 ਘੰਟੇ ਤੱਕ ਦੱਬੀ ਰੱਖਿਆ ਗਿਆ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ, ਇਹ ਵੱਡੀ ਖ਼ਬਰ ਅਖ਼ਬਾਰਾਂ ਤੇ ਟੀ. ਵੀ. ਚੈਨਲ ਵਾਲਿਆਂ ਦੀ ਨਜ਼ਰਾਂ ਤੋਂ ਵੀ ਦੂਰ ਰਹੀ। ਦੋਸਤੋ, ਇਹ ਖ਼ਬਰ ਮੀਡੀਆ ਦੀਆਂ ਨਜ਼ਰਾਂ ਵਿੱਚ ਆਈ ਹੀ ਨਹੀਂ ਜਾਂ ਫਿਰ ਉਨ੍ਹਾਂ ਨੇ ਜਾਣ ਬੁੱਝ ਕੇ ਆਪਣੀਆਂ ਅੱਖਾਂ ਮਿਚੀ ਰੱਖੀਆਂ? ਇਹ ਇੱਕ ਵੱਖਰਾ ਤੇ ਖੋਜ ਦਾ ਵਿਸ਼ਾ ਹੈ। 

ਕਬਿਲ-ਏ-ਗੌਰ ਹੈ ਕਿ, ਅਰੁਣਾਚਲ ਪ੍ਰਦੇਸ਼ 'ਚ ਐਤਵਾਰ ਰਾਤ, ਲਗਭਗ 500 ਹਥਿਆਰਬੰਦ ਨਕਾਬਪੋਸ਼, ਚੋਣ ਅਧਿਕਾਰੀਆਂ ਤੇ ਹਮਲੇ ਕਰਕੇ ਦਰਜਨਾਂ ਹੀ ਈ. ਵੀ. ਐਮ. ਮਸ਼ੀਨਾਂ ਲੁੱਟ ਕੇ ਫ਼ਰਾਰ ਹੋ ਗਏ ਸਨ। ਇੱਥੇ ਹੀ ਬੱਸ ਨਹੀਂ ਜਾਣਕਾਰਾਂ ਅਨੁਸਾਰ, ਇਸ ਖ਼ਬਰ ਦਾ ਖ਼ੁਲਾਸਾ ਜ਼ਿਲ੍ਹਾ ਮੈਜਿਸਟ੍ਰੇਟ ਰੀਡੋ ਤਾਰਕ ਨੇ ਮੰਗਲਵਾਰ ਵੋਟਾਂ ਪੈ ਜਾਣ ਦੇ ਅਗਲੇ ਦਿਨ ਬੁੱਧਵਾਰ ਸ਼ਾਮ ਨੂੰ ਈ. ਵੀ. ਐੱਮ. ਮਸ਼ੀਨਾਂ ਦੀ ਲੁੱਟ ਦੀ ਵਾਰਦਾਤ ਤੋਂ ਪਰਦਾ ਚੁੱਕਿਆ ਸੀ। 

ਅਰੁਣਾਚਲ ਪ੍ਰਦੇਸ਼ ਦੇ ਸਰਕਾਰੀ ਬਿਆਨ ਅਨੁਸਾਰ, ਐਤਵਾਰ ਰਾਤ ਜਦੋਂ, ਚੋਣ ਅਫ਼ਸਰਾਂ ਦੀ ਇੱਕ ਟੀਮ ਕੋਲੋਰਿਆਂਗ 'ਚ ਮੁੜ ਵੋਟਿੰਗ ਲਈ ਜਾ ਰਹੀ ਸੀ ਤਾਂ, ਰਸਤੇ ਵਿੱਚ ਘਾਤ ਲਗਾ ਕੇ ਬੈਠੇ ਨਕਾਬਪੋਸ਼ਾਂ ਨੇ ਉਨ੍ਹਾਂ ਦੇ ਕਾਫ਼ਲੇ ਤੇ ਹਮਲਾ ਕਰਕੇ ਦਰਜਨਾਂ ਹੀ ਈ. ਵੀ. ਐਮ. ਮਸ਼ੀਨਾਂ ਲੁੱਟ ਲਈਆਂ ਸਨ। ਦੱਸਿਆ ਜਾ ਰਿਹੈ ਕਿ ਇਸ ਹਮਲੇ ਦੇ ਦੌਰਾਨ ਗੋਲੀਆਂ ਦਾ ਵਟਾਂਦਰਾ ਵੀ ਹੋਇਆ ਸੀ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ, ਅਰੁਣਾਚਲ ਪ੍ਰਦੇਸ਼ ਦੇ ਕੋਲੋਰਿਆਂਗ 'ਚ ਅਪ੍ਰੈਲ 'ਚ ਹੋਈਆਂ ਚੋਣਾਂ ਦੌਰਾਨ ਗੜਬੜੀ ਹੋਣ ਦੀ ਸ਼ਿਕਾਇਤ ਮਿਲਣ ਦੇ ਬਾਅਦ ਮੰਗਲਵਾਰ ਯਾਨੀ ਕਿ 21 ਮਈ ਨੂੰ ਮੁੜ ਵੋਟਾਂ ਪਈਆਂ ਸਨ।

ਦੋਸਤ, ਭਾਵੇਂ ਕਿ ਚੋਣ ਕਮਿਸ਼ਨ, ਈ. ਵੀ. ਐੱਮ. ਮਸ਼ੀਨਾਂ ਦੀ ਸੁਰੱਖਿਆ ਪ੍ਰਤੀ ਹੁਣ ਤੱਕ ਪੂਰੀ ਤਰ੍ਹਾਂ ਨਾਲ ਵਚਨਬੱਧਤਾ ਜ਼ਾਹਿਰ ਕਰਦਾ ਆ ਰਿਹਾ ਹੈ, ਪਰ ਬਾਵਜੂਦ ਇਸ ਦੇ ਦਰਜਨਾਂ ਮਸ਼ੀਨਾਂ ਲੁੱਟੀਆਂ ਵੀ ਗਈਆਂ ਅਤੇ ਲੁੱਟ ਦੀ ਇਸ ਵਾਰਦਾਤ ਨੂੰ ਪੂਰੇ 72 ਘੰਟੇ ਦੱਬ ਕੇ ਵੀ ਰੱਖਿਆ ਗਿਆ, ਉਦੋਂ ਤੱਕ ਜਦੋਂ ਕਿ, ਮੁੜ ਵੋਟਾਂ ਨਹੀਂ ਪੈ ਗਈਆਂ। ਵੱਡਾ ਸਵਾਲ ਤਾਂ ਇਹ ਪੈਦਾ ਹੁੰਦਾ ਹੈ ਕਿ, ਆਖ਼ਰ ਇਸ ਲੁੱਟ ਪਿੱਛੇ ਨਕਾਬਪੋਸ਼ਾਂ ਦਾ ਮਕਸਦ ਕੀ ਸੀ। ਜ਼ਾਹਿਰ ਹੀ ਹੈ ਕਿ, ਇਹ ਮਸ਼ੀਨਾਂ ਕਿਸੇ ਪਾਰਟੀ ਵਿਸ਼ੇਸ਼ ਨੂੰ ਫ਼ਾਇਦਾ ਪਹੁੰਚਾਉਣ ਦੇ ਮਕਸਦ ਲਈ ਹੀ ਲੁੱਟੀਆਂ ਗਈਆਂ ਹੋਣਗੀਆਂ, ਵਰਨਾਂ ਉਨ੍ਹਾਂ ਕਿਹੜਾ, ਇਨ੍ਹਾਂ ਮਸ਼ੀਨਾਂ ਦਾ ਅਚਾਰ ਪਾਉਣਾ ਸੀ। 

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।