ਕਰ ਲਓ ਘਿਓ ਨੂੰ ਭਾਂਡਾ, ਡਾਕਟਰ ਗਾਂਧੀ ਤੇ ਰੱਖੜਾ ਖ਼ਿਲਾਫ਼ ਪਰਚਾ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: May 19 2019 16:06
Reading time: 1 min, 27 secs

ਆਖ਼ਰ, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਅਤੇ ਨਵਾਂ ਪੰਜਾਬ ਦੇ ਪ੍ਰਧਾਨ ਡਾਕਟਰ ਧਰਮਵੀਰ ਗਾਂਧੀ ਨੂੰ ਸ਼ਰਾਬ ਫੜਾਉਣੀ ਮਹਿੰਗੀ ਪੈ ਹੀ ਗਈ ਕਿਉਂਕਿ, ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਕੁਮਾਰ ਅਮਿਤ ਦੀ ਸਿਫ਼ਾਰਿਸ਼ ਤੇ ਜ਼ਿਲ੍ਹਾ ਪੁਲਿਸ ਮੁਖੀ ਨੇ ਇਹਨਾਂ ਦੋਹਾਂ ਉਮੀਦਵਾਰਾਂ ਦੇ ਖ਼ਿਲਾਫ਼ ਪਰਚਾ ਦਰਜ ਕਰ ਦਿੱਤਾ ਹੈ। 

ਪੁਲਿਸ ਨੇ ਦਰਜ ਮੁਕੱਦਮੇ ਵਿੱਚ, ਰੱਖੜਾ ਅਤੇ ਗਾਂਧੀ ਤੇ ਨੈਸ਼ਨਲ ਹਾਈਵੇ ਤੇ ਧਰਨਾ ਮਾਰਕੇ ਆਵਾਜਾਈ 'ਚ ਵਿਘਨ ਪਾਉਣ ਤੇ ਸਰਕਾਰੀ ਨੌਕਰੀ ਵਿੱਚ ਵਿਘਨ ਪਾਉਣ ਦੇ ਇਲਜ਼ਾਮ ਲਗਾਏ ਹਨ। ਇਹਨਾਂ ਲੀਡਰਾਂ ਦਾ ਕਸੂਰ ਸਿਰਫ਼ ਇੰਨਾ ਹੀ ਸੀ ਕਿ, ਇਹਨਾਂ ਨੇ ਪਟਿਆਲਾ ਸਮਾਣਾ ਮਾਰਗ ਤੇ ਸਥਿਤ ਪਿੰਡ ਫ਼ਤਿਹਪੁਰ ਦੇ ਸ਼ੈਲਰ 'ਚੋਂ ਸ਼ਰਾਬ ਹੋਣ ਦੀ ਸੂਚਨਾ ਮਿਲਣ ਦੇ ਬਾਅਦ ਨੈਸ਼ਨਲ ਹਾਈਵੇ ਤੇ ਧਰਨਾ ਦੇ ਕੇ ਪੁਲਿਸ ਨੂੰ ਸ਼ਰਾਬ ਬਰਾਮਦ ਕਰਨ ਲਈ ਮਜਬੂਰ ਕਰ ਦਿੱਤਾ ਸੀ। 

ਕਾਬਿਲ-ਏ-ਗੌਰ ਹੈ ਕਿ, ਸ਼ਨਿੱਚਰਵਾਰ ਤੜਕਸਾਰ ਸੁਰਜੀਤ ਸਿੰਘ ਰੱਖੜਾ ਅਤੇ ਡਾਕਟਰ ਗਾਂਧੀ ਨੇ ਪਿੰਡ ਫ਼ਤਿਹਪੁਰ ਵਿਖੇ ਸਥਿਤ ਸ਼ੈਲਰ ਵਿੱਚ ਭਾਰੀ ਮਾਤਰਾ ਵਿੱਚ ਸ਼ਰਾਬ ਉੱਤਰਨ ਦੀ ਸੂਚਨਾ ਮਿਲਣ ਦੇ ਬਾਅਦ ਸਾਥੀਆਂ ਸਣੇ ਸ਼ੈਲਰ ਨੂੰ ਘੇਰ ਲਿਆ ਸੀ। ਇਲਜ਼ਾਮ ਹੈ ਕਿ, ਪੁਲਿਸ ਕਾਰਵਾਈ ਕਰਨੋਂ ਗੁਰੇਜ਼ ਕਰ ਰਹੀ ਸੀ, ਜਿਸਦੇ ਚਲਦਿਆਂ ਇਹਨਾਂ ਲੀਡਰਾਂ ਨੇ ਸੜਕ ਤੇ ਚੌਂਕੜੇ ਮਾਰ ਲਏ ਸਨ। 

ਜ਼ਿਲ੍ਹਾ ਚੋਣ ਅਫ਼ਸਰ ਨੇ ਨਾ ਕੇਵਲ ਰੱਖੜਾ ਤੇ ਗਾਂਧੀ ਦੇ ਖ਼ਿਲਾਫ਼ ਪਰਚਾ ਦਰਜ ਕਰਨ ਦੀ ਹੀ ਸਿਫ਼ਾਰਿਸ਼ ਕੀਤੀ ਬਲਕਿ ਡੀ.ਐੱਸ.ਪੀ. ਸਮਾਣਾ ਅਤੇ ਸਿਟੀ ਸਮਾਣਾ ਦੇ ਇੰਚਾਰਜ ਦਾ ਤਬਾਦਲਾ ਵੀ ਕਰਵਾ ਦਿੱਤਾ। ਨਿਊਜ਼ਨੰਬਰ ਨੇ ਤਾਂ ਕੁਝ ਨਹੀਂ ਲੈਣਾ ਪਰ ਅਲੋਚਕਾਂ ਦਾ ਮੰਨਣੈ ਕਿ, ਜੇਕਰ ਚੋਣ ਅਫ਼ਸਰ, ਪੁਲਿਸ ਵਾਲਿਆਂ ਤੇ ਆਪਣਾ ਨਜ਼ਲਾ ਸੁੱਟਣ ਅਤੇ ਰੱਖੜਾ ਤੇ ਗਾਂਧੀ ਦੇ ਖ਼ਿਲਾਫ਼ ਪਰਚਾ ਦਰਜ ਕਰਨ ਦੀ ਥਾਂ ਤੇ ਉਨ੍ਹਾਂ ਵੱਲੋਂ ਲਗਾਏ ਗਏ ਇਲਜ਼ਾਮਾਂ ਦੀ ਜਾਂਚ ਕਰਵਾਉਂਦੇ ਤਾਂ ਸ਼ਾਇਦ ਜਨਤਾ ਵਿੱਚ ਵੀ ਸੁਨੇਹਾ ਜਾਂਦਾ ਕਿ, ਸਾਡੇ ਚੋਣ ਅਫ਼ਸਰ ਕਿਸੇ ਦੇ ਪ੍ਰਭਾਵ ਥੱਲੇ ਕੰਮ ਨਹੀਂ ਕਰਦੇ। ਅਲੋਚਕ ਕੀ ਕਹਿੰਦੇ ਹਨ? ਉਹ ਕੀ ਚਾਹੁੰਦੇ ਹਨ? ਨਿਊਜ਼ਨੰਬਰ ਦਾ ਉਸ ਨਾਲ ਕੋਈ ਲੈਣ-ਦੇਣ ਨਹੀਂ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।