ਲੀਡਰਾਂ ਤੇ ਨਹੀਂ, ਪੁਲਿਸ ਤੇ ਹੀ ਡਿੱਗਾ ਚੋਣ ਕਮਿਸ਼ਨ ਦਾ ਨਜ਼ਲਾ!! (ਵਿਅੰਗ)

Last Updated: May 19 2019 13:12
Reading time: 1 min, 23 secs

ਲੰਘੇ ਦਿਨ ਪਟਿਆਲਾ ਦੇ ਇੱਕ ਸ਼ੈਲਰ 'ਚੋਂ ਸ਼ਰਾਬ ਦਾ ਜਿਹੜਾ ਵੱਡਾ ਜ਼ਖ਼ੀਰਾ ਬਰਾਮਦ ਹੋਇਆ ਸੀ, ਸ਼ਰਾਬ ਦੇ ਉਸ ਜ਼ਖੀਰੇ ਦਾ ਅਸਲ ਮਾਲਕ ਕੌਣ ਸੀ? ਉਸਦਾ ਸਬੰਧਿਤ ਕਿਸ ਸਿਆਸੀ ਪਾਰਟੀ ਨਾਲ ਸੀ? ਕੀ ਇਹ ਸ਼ਰਾਬ ਵੋਟਰਾਂ ਵਿੱਚ ਵਰਤਾਈ ਜਾਣੀ ਸੀ ਜਾਂ ਫਿਰ ਕਿਸੇ ਪਾਰਟੀ ਵਿਸ਼ੇਸ਼ ਦੇ ਸਮਰਥਾਂ ਦੀ ਥਕਾਵਟ ਉਤਾਰਨ ਲਈ? ਸਾਨੂੰ ਇਹਨਾਂ ਵਿੱਚੋਂ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਚਾਹੀਦਾ ਪਰ, ਡਾ. ਗਾਂਧੀ ਅਤੇ ਅਕਾਲੀ ਦਲ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਦਾ ਇਹੋ ਇਲਜ਼ਾਮ ਹੈ ਕਿ ਇਹ ਸ਼ਰਾਬ ਮਹਿਲਾਂ ਵਾਲਿਆਂ ਨੇ ਉਕਤ ਸ਼ੈਲਰ ਵਿੱਚ ਰਖਵਾਈ ਸੀ। ਸੱਚਾਈ ਕੀ ਹੈ, ਇਹ ਡਾਕਟਰ ਤੇ ਰੱਖੜਾ ਜਾਨਣ ਜਾਂ ਫਿਰ ਜਾਨਣ ਮਹਿਲਾਂ ਵਾਲੇ। ਅਸੀਂ ਕੀ ਲੈਣਾ?

ਗੱਲ ਕਰੀਏ ਜੇਕਰ ਚੋਣ ਕਮਿਸ਼ਨ ਦੇ ਰੋਲ ਦੀ ਤਾਂ ਇੱਕ ਵਾਰ ਫਿਰ ਉਸਦਾ ਨਜ਼ਲਾ ਪੁਲਿਸ ਵਾਲਿਆਂ ਤੇ ਹੀ ਡਿੱਗਾ ਹੈ। ਇਸ ਗੱਲ ਦੀ ਡੂੰਘਾਈ ਤੱਕ ਜਾਣ ਦੀ ਥਾਂ ਤੇ ਕਿ ਸ਼ਰਾਬ ਦਾ ਇਹ ਜ਼ਖੀਰਾ ਕਿਸ ਸਿਆਸੀ ਪਾਰਟੀ ਨਾਲ ਸਬੰਧਿਤ ਹੈ? ਲੰਘੀ ਦੇਰ ਸ਼ਾਮ ਜ਼ਿਲ੍ਹਾ ਪੁਲਿਸ ਮੁਖੀ ਨੇ ਚੋਣ ਕਮਿਸ਼ਨ ਦੀ ਸਿਫ਼ਾਰਿਸ਼ ਦੇ ਬਾਅਦ ਡੀ.ਐੱਸ.ਪੀ. ਸਮਾਣਾ ਅਤੇ ਸਿਟੀ ਸਮਾਣਾ ਦੇ ਥਾਣਾ ਇੰਚਾਰਜ ਦਾ ਤਬਾਦਲਾ ਕਰ ਦਿੱਤਾ ਹੈ।

ਵੈਸੇ ਤਾਂ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ, ਜਦੋਂ ਕਦੇ ਵੀ ਪੁਲਿਸ ਵਾਲੇ ਸੱਤਾਧਾਰੀ ਸਿਆਸੀ ਲੀਡਰਾਂ ਨਾਲ ਜਰਾ ਨਰਮਾਈ ਨਾਲ ਪੇਸ਼ ਆਉਂਦੇ ਹਨ, ਉਨ੍ਹਾਂ ਨੂੰ ਉਸਦਾ ਖ਼ਮਿਆਜਾ ਭੁਗਤਣਾ ਪੈਂਦਾ ਹੈ। ਇਲਜ਼ਾਮ ਹੈ ਕਿ ਪੁਲਿਸ ਨੇ ਸ਼ਰਾਬ ਬਰਾਮਦਗੀ ਦੇ ਉਕਤ ਮਾਮਲੇ ਵਿੱਚ ਪਰਚਾ ਦਰਜ ਕਰਨ ਲੱਗਿਆ ਦੇਰੀ ਕੀਤੀ ਸੀ। ਇਹ ਤਾਂ ਉਹ ਗੱਲ ਹੋਈ ਕਿ, ''ਡਿੱਗੀ ਖੋਤੇ ਤੋਂ ਗੁੱਸਾ ਘਮਿਆਰ ਤੇ''। ਅਲੋਚਕਾਂ ਦਾ ਮੰਨਣੈ ਕਿ ਚਾਹੀਦਾ ਤਾਂ ਇਹ ਸੀ ਕਿ ਚੋਣ ਕਮਿਸ਼ਨ ਇਸ ਸਵਾਲ ਦਾ ਜਵਾਬ ਲੱਭਦਾ ਕਿ ਬਰਾਮਦ ਹੋਈ ਸ਼ਰਾਬ ਕਿਸ ਉਮੀਦਵਾਰ ਨਾਲ ਸਬੰਧਿਤ ਹੈ ਪਰ ਉਸਨੇ ਆਪਣਾ ਨਜ਼ਲਾ ਪੁਲਿਸ ਵਾਲਿਆਂ ਤੇ ਹੀ ਡੇਗ ਕੇ ਡੰਗ ਟਪਾ ਲਿਆ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।