ਫ਼ਰੀਦਕੋਟ 'ਚ ਬੇਅਦਬੀ, ਬਠਿੰਡਾ 'ਚ 84 ਤੇ ਫ਼ਿਰੋਜ਼ਪੁਰ 'ਚ ਜਾਤੀ ਮੁੱਦੇ ਵੋਟਾਂ ਤੇ ਭਾਰੀ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: May 19 2019 12:40
Reading time: 3 mins, 17 secs

ਦੇਸ਼ ਦੀ 17ਵੀਂ ਲੋਕ ਸਭਾ ਦੇ ਲਈ ਅੱਜ ਆਖ਼ਰੀ ਗੇੜ ਦੀ ਪੋਲਿੰਗ ਜਾਰੀ ਹੈ ਅਤੇ ਇਸ ਵਿੱਚ ਪੰਜਾਬ ਦੀਆਂ 13 ਸੀਟਾਂ ਵੀ ਸ਼ਾਮਿਲ ਹਨ। ਇਹਨਾਂ 13 ਦੇ ਵਿੱਚੋਂ ਤਿੰਨ ਸੀਟਾਂ ਦੇ ਹਾਲਾਤ ਦੇ ਬਾਰੇ ਨਿਊਜ਼ਨੰਬਰ ਵੱਲੋਂ ਅੱਜ ਚੋਣਾਂ ਦੇ ਦਿਨ ਤੇ ਇਹ ਖ਼ਾਸ ਰਿਪੋਰਟ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਹਨਾਂ ਤਿੰਨ ਸੀਟਾਂ ਦੇ ਵਿੱਚ ਮਾਲਵਾ ਬੈਲਟ ਦੇ ਦੀਆਂ ਤਿੰਨ ਸੀਟਾਂ ਫ਼ਰੀਦਕੋਟ, ਬਠਿੰਡਾ ਅਤੇ ਫ਼ਿਰੋਜ਼ਪੁਰ ਸ਼ਾਮਿਲ ਹਨ ਜਿਨ੍ਹਾਂ ਦੇ ਵਿੱਚ ਕੇ ਪੰਜਾਬ ਦੇ ਸੱਤ ਜ਼ਿਲ੍ਹੇ ਅਤੇ 27 ਵਿਧਾਨ ਸਭਾ ਹਲਕੇ ਆਉਂਦੇ ਹਨ।
 
ਜੇਕਰ ਗੱਲ ਕੀਤੀ ਜਾਵੇ ਲੋਕ ਸਭਾ ਹਲਕਾ ਫ਼ਰੀਦਕੋਟ (ਰਾਖਵਾਂ) ਦੀ ਤਾਂ ਬੇਅਦਬੀ ਦਾ ਕੇਂਦਰ ਰਹੇ ਇਸ ਹਲਕੇ ਦੇ ਵਿੱਚ ਮੁੱਖ ਚੋਣ ਮੁੱਦਾ ਵੀ ਬੇਅਦਬੀ ਦਾ ਹੀ ਰਿਹਾ ਹੈ। ਕਾਂਗਰਸ ਦੇ ਮੁਹੰਮਦ ਸਦੀਕ, ਅਕਾਲੀ-ਭਾਜਪਾ ਦੇ ਗੁਲਜ਼ਾਰ ਸਿੰਘ ਰਣੀਕੇ, ਆਪ ਦੇ ਮੌਜੂਦਾ ਸਾਂਸਦ ਪ੍ਰੋ. ਸਾਧੂ ਸਿੰਘ ਅਤੇ ਪੀ.ਡੀ.ਏ. ਦੇ ਮਾਸਟਰ ਬਲਦੇਵ ਸਿੰਘ ਇੱਥੋਂ ਚੋਣ ਮੈਦਾਨ ਦੇ ਮੁੱਖ ਉਮੀਦਵਾਰ ਹਨ। ਫ਼ਰੀਦਕੋਟ ਦੇ ਵਿੱਚ ਬੇਅਦਬੀ ਦਾ ਮੁੱਦਾ ਹੀ ਮੁੱਖ ਚੋਣ ਮੁੱਦਾ ਬਣਿਆ ਰਿਹਾ ਹੈ ਅਤੇ ਇਸ ਮੁੱਦੇ ਦੇ ਸਾਹਮਣੇ ਲੋਕ ਵਿਕਾਸ ਅਤੇ ਸਮੱਸਿਆਵਾਂ ਦੇ ਹੱਲ ਵਾਲੇ ਸਾਰੇ ਮੁੱਦੇ ਹੀ ਫਿੱਕੇ ਪੈ ਗਏ ਤੇ ਦੱਬ ਕੇ ਰਹਿ ਗਏ ਹਨ। ਕੈਂਸਰ ਅਤੇ ਕਾਲੇ ਪੀਲੀਏ ਜਿਹੀਆਂ ਕਈ ਬਿਮਾਰੀਆਂ ਦੀ ਸਮੱਸਿਆ ਨਾਲ ਜੂਝ ਰਹੇ ਫ਼ਰੀਦਕੋਟ, ਮੋਗਾ ਅਤੇ ਮੁਕਤਸਰ ਦੇ ਗਿੱਦੜਬਾਹਾ ਹਲਕੇ ਦੇ ਲੋਕ ਇਸ ਸੀਟ ਦੇ ਉਮੀਦਵਾਰਾਂ ਕੋਲੋਂ ਇਹਨਾਂ ਸਮੱਸਿਆਵਾਂ ਦੇ ਹੱਲ ਦੀ ਉਮੀਦ ਵਿੱਚ ਹਨ ਪਰ ਚੋਣਾਂ ਦੇ ਦਿਨ ਤੱਕ ਵੀ ਇਹ ਮਾਮਲੇ ਬੇਅਦਬੀ ਕਾਂਡ ਦੇ ਥੱਲੇ ਹੀ ਦੱਬੇ ਰਹੇ ਹਨ।

ਦੂਜੇ ਪਾਸੇ ਬਠਿੰਡਾ ਲੋਕ ਸਭਾ ਸੀਟ ਦੇ ਵਿੱਚ ਵੀ ਮੁਕਾਬਲਾ ਬਹੁਤ ਜ਼ਿਆਦਾ ਸਖ਼ਤ ਹੈ ਅਤੇ ਇਸ ਸੀਟ ਨੂੰ ਪੰਜਾਬ ਦੀ ਹੋਟ ਸੀਟ ਵੀ ਕਿਹਾ ਜਾ ਰਿਹਾ ਹੈ। ਬਠਿੰਡਾ ਦੇ ਸਖ਼ਤ ਮੁਕਾਬਲੇ ਦਾ ਅੰਦਾਜ਼ਾ ਇੱਥੋਂ ਲਗਾਇਆ ਜਾ ਸਕਦਾ ਹੈ ਇੱਥੇ ਖ਼ੁਦ ਪ੍ਰਧਾਨ ਮੰਤਰੀ ਮੋਦੀ ਅਤੇ ਪ੍ਰਿਯੰਕਾ ਗਾਂਧੀ ਜਿਹੇ ਦਿੱਗਜ ਚੋਣ ਪ੍ਰਚਾਰ ਕਰਕੇ ਗਏ ਹਨ। ਬਾਦਲ ਪਰਿਵਾਰ ਦੀ ਨੂੰਹ ਹਰਸਿਮਰਤ ਬਾਦਲ ਇੱਥੋਂ ਤੀਜੀ ਵਾਰ ਮੈਦਾਨ ਵਿੱਚ ਹਨ ਅਤੇ ਉਨ੍ਹਾਂ ਦਾ ਮੁਕਾਬਲਾ ਕਾਂਗਰਸੀ ਵਿਧਾਇਕ ਰਾਜਾ ਵੜਿੰਗ, ਆਪ ਦੇ ਬਾਗੀ ਪੀ.ਡੀ.ਏ. ਉਮੀਦਵਾਰ ਸੁਖਪਾਲ ਖਹਿਰਾ ਅਤੇ ਆਪ ਦੀ ਬੀਬੀ ਬਲਜਿੰਦਰ ਕੌਰ ਨਾਲ ਹੈ। ਇਸ ਸੀਟ ਤੇ ਬੇਅਦਬੀ ਅਤੇ 84 ਸਿੱਖ ਕਤਲੇਆਮ ਦਾ ਮਾਮਲਾ ਮੁੱਖ ਚੋਣ ਮੁੱਦਾ ਬਣਿਆ ਰਿਹਾ ਹੈ। ਅਕਾਲੀ ਅਤੇ ਕਾਂਗਰਸੀ ਇੱਥੋਂ 84 ਮਾਮਲੇ ਤੇ ਇੱਕ-ਦੂਜੇ ਨਾਲ ਆਹਮਣੇ-ਸਾਹਮਣੇ ਰਹੇ ਹਨ। ਰਾਜਾ ਵੜਿੰਗ ਇਸ ਮੁਕਾਬਲੇ ਨੂੰ ਸਧਾਰਨ ਇਨਸਾਨ ਅਤੇ ਅਮੀਰਾਂ ਦਾ ਮੁਕਾਬਲਾ ਕਹਿ ਰਹੇ ਹਨ ਤੇ ਦੂਜੇ ਪਾਸੇ ਖਹਿਰਾ ਇਸਨੂੰ ਅਕਾਲੀ-ਕਾਂਗਰਸੀਆਂ ਦਾ ਦੋਸਤਾਨਾ ਮੈਚ ਕਹਿ ਰਹੇ ਹਨ। ਬਠਿੰਡਾ ਦੇ ਵਿਕਾਸ ਦੇ ਦਾਅਵਿਆਂ ਤੇ ਜਿੱਤਣ ਵਾਲੀ ਬੀਬੀ ਬਾਦਲ ਅਤੇ ਮਨਪ੍ਰੀਤ ਬਾਦਲ ਦੇ ਇਹ ਮੁਕਾਬਲੇ ਚੋਣ ਪ੍ਰਚਾਰ ਸ਼ੁਰੂ ਹੋਣ ਸਮੇਂ ਤੋਂ ਧਾਰਮਿਕ ਮਸਲਿਆਂ ਤੇ ਜ਼ਿਆਦਾ ਕੇਂਦਰਿਤ ਹੋ ਕੇ ਰਹਿ ਗਏ ਸਨ। ਬਠਿੰਡਾ ਦਾ ਮੁਕਾਬਲਾ ਕਈ ਵੱਡੇ ਆਗੂਆਂ ਦੇ ਵਕਾਰ ਦਾ ਸਵਾਲ ਵੀ ਬਣਿਆ ਹੋਇਆ ਹੈ। 

ਇਸੇ ਤਰ੍ਹਾਂ ਫ਼ਿਰੋਜ਼ਪੁਰ ਦਾ ਮੁਕਾਬਲਾ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਪਾਰਟੀ ਤੋਂ ਬਾਗੀ ਹੋ ਕੇ ਕਾਂਗਰਸੀ ਹੋਏ ਸ਼ੇਰ ਸਿੰਘ ਘੁਬਾਇਆ ਦੇ ਵਿੱਚ ਇੱਕ ਗੁਰੂ ਚੇਲੇ ਦੀ ਲੜਾਈ ਵਰਗਾ ਹੈ। ਫ਼ਿਰੋਜ਼ਪੁਰ, ਫ਼ਾਜ਼ਿਲਕਾ ਅਤੇ ਮੁਕਤਸਰ ਜ਼ਿਲ੍ਹਿਆਂ ਦੇ ਸੁਮੇਲ ਨਾਲ ਬਣੇ ਇਸ ਹਲਕੇ ਦੇ ਵਿੱਚ ਲੜਾਈ ਦਾ ਮੁੱਖ ਮੁੱਦਾ ਜਾਤੀ ਅਧਾਰਿਤ ਵੋਟਾਂ ਤੇ ਟਿਕਿਆ ਹੋਇਆ ਹੈ। ਰਾਅ ਸਿੱਖ ਜਾਤੀ ਨਾਲ ਸਬੰਧਿਤ ਸ਼ੇਰ ਸਿੰਘ ਘੁਬਾਇਆ ਨੇ ਅਕਾਲੀ ਦਲ ਦਾ ਸਾਥ ਛੱਡ ਕਾਂਗਰਸ ਦਾ ਪੱਲਾ ਫੜਿਆ ਹੈ ਅਤੇ ਇਸੇ ਬਿਰਾਦਰੀ ਦੀ ਵੱਧ ਵੋਟ ਹੋਣ ਦੇ ਚੱਲਦੇ ਉਹ ਜਨਰਲ ਸੀਟ ਤੋਂ ਵੀ ਤੀਜੀ ਵਾਰ ਇੱਕ ਰਾਖਵੀਂ ਜਾਤੀ ਦਾ ਉਮੀਦਵਾਰ ਹੋਣ ਦੇ ਕਾਰਨ ਚੋਣ ਲੜ ਰਹੇ ਹਨ। ਘੁਬਾਇਆ ਦੀ ਮਜ਼ਬੂਤੀ ਅਤੇ ਅਕਾਲੀ ਦਲ ਦੀ ਕਮਜ਼ੋਰ ਹਾਲਤ ਦੇਖ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਖ਼ੁਦ ਇੱਥੋਂ ਮੈਦਾਨ ਵਿੱਚ ਉੱਤਰੇ ਹਨ ਅਤੇ ਉਨ੍ਹਾਂ ਨੇ ਸਾਰੇ ਜਾਤੀ ਸਮੀਕਰਨ ਬਦਲ ਕੇ ਰੱਖ ਦਿੱਤੇ ਹਨ। ਜਾਤੀ ਦੀ ਵੋਟ ਤੇ ਜਿੱਤ ਦੇ ਦਾਅਵੇ ਕਰਨ ਵਾਲੇ ਘੁਬਾਇਆ ਦੇ ਲਈ ਹੁਣ ਜਾਤੀ ਦੇ ਆਧਾਰ ਤੇ ਇਹ ਚੋਣ ਜਿੱਤਣੀ ਕੋਈ ਸੌਖਾ ਕੰਮ ਨਹੀਂ ਜਾਪਦਾ ਹੈ ਕਿਉਂਕਿ ਚਾਹੇ ਅਕਾਲੀ ਦਲ ਦੇ ਹਾਲਾਤ ਕਿੰਨੇ ਵੀ ਮਾੜੇ ਹਨ ਪਰ ਸੁਖਬੀਰ ਸਿੰਘ ਬਾਦਲ ਜਿਹੇ ਉਮੀਦਵਾਰ ਨੂੰ ਹਰਾਉਣ ਦਾ ਕੰਮ ਕੋਈ ਸੌਖਾ ਨਹੀਂ ਹੈ। 

ਅੱਜ ਇਹ ਤਿੰਨ ਹਲਕਿਆਂ ਦੇ ਸਮੇਤ ਦੇਸ਼ ਭਰ ਦੇ 59 ਹਲਕਿਆਂ ਦੇ ਵਿੱਚ ਹਜ਼ਾਰਾਂ ਉਮੀਦਵਾਰਾਂ ਦੀ ਕਿਸਮਤ ਵੋਟਿੰਗ ਮਸ਼ੀਨਾਂ ਵਿੱਚ ਬੰਦ ਹੋ ਜਾਣੀ ਹੈ ਅਤੇ 23 ਮਈ ਨੂੰ ਦੇਸ਼ ਭਰ ਦੇ ਨਤੀਜੇ ਹੀ ਦੱਸਣਗੇ ਕਿ ਕੌਣ-ਕੌਣ ਬਾਜ਼ੀ ਮਾਰਦਾ ਹੈ ਅਤੇ ਕੇਂਦਰ ਦੇ ਵਿੱਚ ਕਿਸਦੀ ਸਰਕਾਰ ਆਉਂਦੀ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।