ਬਠਿੰਡਾ 'ਚ ਇੱਕ ਨੌਜਵਾਨ ਨੇ ਆਪਣੇ ਹੀ ਟੱਬਰ ਨੂੰ ਵੱਢਿਆ, ਪਤਨੀ ਦੀ ਮੌਤ ਬਾਕੀ ਗੰਭੀਰ

Last Updated: Jun 19 2019 18:12
Reading time: 0 mins, 54 secs

ਗ਼ੁੱਸਾ ਰਿਸ਼ਤਿਆਂ ਨੂੰ ਕਦੋਂ ਤਾਰ-ਤਾਰ ਕਰ ਦੇਵੇ ਪਤਾ ਹੀ ਨਹੀਂ ਲੱਗਦਾ ਤੇ ਗ਼ੁੱਸੇ 'ਚ ਆਇਆ ਇਨਸਾਨ ਕਿਹੜਾ ਖ਼ਤਰਨਾਕ ਕਦਮ ਚੁੱਕ ਲਵੇ ਇਹ ਵੀ ਪਤਾ ਨਹੀਂ ਲੱਗਦਾ। ਬਠਿੰਡਾ ਜ਼ਿਲ੍ਹਾ ਦੇ ਪਿੰਡ ਰਾਇਕੇ ਖ਼ੁਰਦ ਦੇ ਹਰਦੀਪ ਸਿੰਘ ਨੇ ਆਪਣੇ ਹੀ ਟੱਬਰ ਤੇ ਹਮਲਾ ਕਰਨ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਹਰਦੀਪ ਸਿੰਘ ਨਾਮਕ ਨੌਜਵਾਨ ਦਾ ਆਪਣੀ ਪਤਨੀ ਰਾਜਵੀਰ ਕੌਰ ਨਾਲ ਝਗੜਾ ਰਹਿੰਦਾ ਸੀ ਜਿਸ ਕਰਕੇ ਉਹ ਹਰ ਰੋਜ਼ ਕਹਿੰਦਾ ਸੀ ਕਿ ਉਹ ਸਾਰੇ ਪਰਿਵਾਰ ਨੂੰ ਹੀ ਮਾਰ ਦੇਵੇਗਾ। ਬੀਤੀ ਰਾਤ ਹਰਦੀਪ ਆਪਣੇ ਦੋਸਤ ਨਾਲ ਆਪਣੇ ਘਰ ਦਾਖ਼ਲ ਹੋਇਆ ਅਤੇ ਲਾਈਟ ਬੰਦ ਕਰਕੇ ਆਪਣੇ ਪਰਿਵਾਰ ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਰਾਜਵੀਰ ਕੌਰ ਦੀ ਮੌਤ ਹੋ ਗਈ ਅਤੇ ਹਰਦੀਪ ਦੇ ਮਾਤਾ, ਪਿਤਾ ਅਤੇ ਭਰਾ ਗੰਭੀਰ ਜ਼ਖਮੀ ਹੋ ਗਏ ਜਿੰਨਾ ਨੂੰ ਸਿਵਲ ਹਸਪਤਾਲ ਬਠਿੰਡਾ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਹਰਦੀਪ ਦੇ ਪਿਤਾ ਅਤੇ ਭਰਾ ਦੀ ਹਾਲਤ ਗੰਭੀਰ ਹੋਣ ਕਰਕੇ ਉਨ੍ਹਾਂ ਨੂੰ ਨਿੱਜੀ ਹਸਪਤਾਲ ਰੈਫ਼ਰ ਕਰ ਦਿੱਤਾ ਹੈ। ਉੱਧਰ ਪੁਲਿਸ ਨੇ ਮੁਲਜ਼ਮ ਦੀ ਮਾਤਾ ਚਰਨਜੀਤ ਕੌਰ ਦੇ ਬਿਆਨ ਦੇ ਅਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ ਤੇ ਪੁਲਿਸ ਮੁਤਾਬਿਕ ਹਰਦੀਪ ਸਿੰਘ ਪੁਲਿਸ ਦੀ ਪਕੜ 'ਚੋ ਹਾਲੇ ਤੱਕ ਬਾਹਰ ਹੈ।