ਅੱਜ ਦੇ ਭਾਰਤ-ਪਾਕਿਸਤਾਨ ਮੈਚ ਲਈ ਬਠਿੰਡਾ ਵਾਸੀਆਂ ਵਿੱਚ ਉਤਸ਼ਾਹ ਸਿਖ਼ਰਾਂ ਤੇ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jun 16 2019 16:16
Reading time: 1 min, 41 secs

ਖੇਡਾਂ ਦੀ ਦੁਨੀਆ ਵਿੱਚ ਜੇਕਰ ਕਿਸੇ ਮੈਚ ਨੂੰ ਜੰਗ ਬਰਾਬਰ ਦੇਖਿਆ ਜਾ ਸਕਦਾ ਹੈ ਤਾਂ ਉਹ ਸਿਰਫ਼ ਕ੍ਰਿਕੇਟ ਵਿੱਚ ਭਾਰਤ-ਪਾਕਿਸਤਾਨ ਦਾ ਮੈਚ ਹੀ ਹੋ ਸਕਦੇ ਹਨ। ਭਾਰਤ ਅਤੇ ਪਾਕਿਸਤਾਨ ਦੇ ਸੰਬੰਧ ਹਮੇਸ਼ਾ ਤੋਂ ਚੰਗੇ ਨਹੀਂ ਰਹੇ ਹਨ ਤੇ ਭਾਰਤ ਅਤੇ ਪਾਕਿਸਤਾਨ 3-4 ਜੰਗਾਂ ਵੀ ਲੜ ਚੁੱਕੇ ਹਨ। ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਵੱਲੋਂ ਕੀਤੀ ਗਈ ਏਅਰ ਸਟ੍ਰਾਈਕ ਨਾਲ ਭਾਰਤ ਅਤੇ ਪਾਕਿਸਤਾਨ ਜੰਗ ਦੇ ਮੁਹਾਣੇ ਤੇ ਖੜੇ ਦਿਖਾਈ ਦਿੰਦੇ ਸਨ। ਇਸ ਵਾਰ ਰੱਬ ਦੀ ਬਖ਼ਸ਼ੀਸ਼ ਨਾਲ ਦੋਹਾਂ ਦੇਸ਼ਾਂ ਵਿੱਚ ਜੰਗ ਤਾਂ ਟਲ ਗਈ ਪਰ ਵਿਸ਼ਵ ਕੱਪ ਵਿੱਚ ਭਾਰਤ ਅਤੇ ਪਾਕਿਸਤਾਨ ਦਾ ਮੈਚ ਆ ਗਿਆ। ਇਸ ਮੈਚ ਨੂੰ ਲੈ ਕੇ ਦੋਹਾਂ ਦੇਸ਼ਾਂ ਦੇ ਬਾਸ਼ਿੰਦੇ ਅਤਿ ਉਤਸ਼ਾਹਿਤ ਹਨ ਅਤੇ ਹਰ ਹਾਲ ਵਿੱਚ ਆਪੋ ਆਪਣੇ ਦੇਸ਼ ਦੀ ਟੀਮ ਨੂੰ ਮੈਚ ਜਿੱਤਦੇ ਦੇਖਣਾ ਚਾਹੁੰਦੇ ਹਨ।

ਨਿਊਜ਼ਨੰਬਰ ਨੇ ਵੀ ਬਠਿੰਡਾ ਦੇ ਕੁਝ ਲੋਕਾਂ ਨਾਲ ਇਸ ਮੈਚ ਬਾਰੇ ਗੱਲ ਕੀਤੀ ਤਾਂ ਲੋਕਾਂ ਨੇ ਆਪਣੀਆਂ ਉਮੀਦਾਂ ਆਸਾਂ ਅਤੇ ਤਿਆਰੀਆਂ ਦਾ ਜ਼ਿਕਰ ਕੀਤਾ। ਜਨਤਾ ਨਗਰ ਬਠਿੰਡਾ ਵਿੱਚ ਰਹਿੰਦੇ ਸਾਹਿਲ ਸਿੱਧੂ ਨੇ ਕਿਹਾ ਕਿ ਇਸ ਵਾਰ ਭਾਰਤੀ ਕ੍ਰਿਕੇਟ ਟੀਮ ਪੁਲਵਾਮਾ ਹਮਲੇ ਦਾ ਬਦਲਾ ਪਾਕਿਸਤਾਨ ਨੂੰ ਹਰਾ ਕੇ ਲਵੇਗੀ ਅਤੇ ਉਨ੍ਹਾਂ ਨੂੰ ਦੱਸੇਗੀ ਕਿ ਤਾਕਤਵਰ ਕੌਣ ਹੈ, ਲੁੱਕ ਕੇ ਲੜਨ ਨਾਲੋਂ ਆਹਮੋ ਸਾਹਮਣੇ ਆਉਣ ਤੇ ਪਤਾ ਲਗਦਾ ਹੈ। ਜਸਵੀਰ ਗਣੇਸ਼ਾ ਬਸਤੀ ਦੇ ਰਹਿਣ ਵਾਲੇ ਹਨ ਤੇ ਉਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ ਨੇ ਆਪਣੇ ਸਾਰੇ ਕੰਮਕਾਜ ਅੱਜ ਛੱਡ ਦਿੱਤੇ ਹਨ ਅਤੇ ਉਹ ਮੈਚ ਦਾ ਅਨੰਦ ਲੈਣਾ ਚਾਹੁੰਦੇ ਹਨ। ਜਸਵੀਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਘਰ ਆਪਣੇ ਦੋਸਤ ਲਈ ਪਾਰਟੀ ਦਾ ਵੀ ਪ੍ਰਬੰਧ ਕੀਤਾ ਹੋਇਆ ਹੈ।

ਸਿਰਕੀ ਬਜ਼ਾਰ ਦੇ ਰਹਿਣ ਵਾਲੇ ਸ਼ਿਵ ਕੁਮਾਰ ਨੇ ਤਾਂ ਬਹੁਤ ਵੱਡੀ ਆਤਿਸ਼ਬਾਜ਼ੀ ਦਾ ਵੀ ਪ੍ਰਬੰਧ ਕੀਤਾ ਹੋਇਆ ਹੈ। ਉਨ੍ਹਾਂ ਅਨੁਸਾਰ ਭਾਰਤ ਇਹ ਮੈਚ 200 ਪ੍ਰਤੀਸ਼ਤ ਜਿੱਤ ਰਿਹਾ ਹੈ। ਸੁਧੀਰ ਕੁਮਾਰ ਹਨੂੰਮਾਨ ਚੌਂਕ ਦੇ ਲਾਗੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਦਾ ਅੱਜ ਦਾ ਦਿਨ ਭਾਰਤੀ ਟੀਮ ਦੀ ਜਿੱਤ ਦੀ ਦੁਆਵਾਂ ਕਰਨ ਲਈ ਬੀਤੇਗਾ। ਉਨ੍ਹਾਂ ਕਿਹਾ ਕਿ ਉਹ ਮੈਚ ਨਹੀਂ ਦੇਖਦੇ ਸਿਰਫ਼ ਦੁਆਵਾਂ ਕਰਨਗੇ। ਇਸ ਮੈਚ ਲਈ ਬਠਿੰਡਾ ਵਾਸੀਆਂ ਦਾ ਉਤਸ਼ਾਹ ਦੇਖਣ ਵਾਲਾ ਤਾਂ ਹੈ ਪਰ ਇਸ ਮੈਚ ਤੇ ਮੀਂਹ ਦਾ ਵੀ ਸਾਇਆ ਹੈ ਜੇਕਰ ਮੀਂਹ ਪੈਂਦਾ ਹੈ ਤਾਂ ਇਹ ਸਿਰਫ਼ ਮੈਚ ਤੇ ਨਹੀਂ ਪਵੇਗਾ, ਇਹ ਮੀਂਹ ਕਰੋੜਾਂ ਪ੍ਰਸੰਸਕਾਂ ਦੀਆਂ ਉਮੀਦਾਂ ਤੇ ਵੀ ਪੈ ਸਕਦਾ ਹੈ।