ਨਸ਼ਿਆਂ ਦੇ ਖ਼ਾਤਮੇ ਲਈ ਘਰ-ਘਰ ਦਿੱਤਾ ਜਾ ਰਿਹਾ ਹੋਕਾ- ਸੋਨੀ

Last Updated: Jul 07 2018 18:11

ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖ਼ਾਤਮੇ ਲਈ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਤੇਜ਼ ਕਰਨ ਲਈ ਅੱਜ ਸਿੱਖਿਆ ਵਿਭਾਗ ਵੱਲੋਂ ਬੱਚਿਆਂ ਦੀ ਮੈਰਾਥਨ ਦੌੜ ਕਰਵਾਈ ਗਈ। ਜਲਿਆਂ ਵਾਲਾ ਬਾਗ ਤੋਂ ਇਸ ਦੌੜ ਨੂੰ ਸ਼ੁਰੂ ਕਰਵਾਉਣ ਲਈ ਪਹੁੰਚੇ ਸਿੱਖਿਆ ਤੇ ਵਾਤਾਵਰਨ ਮੰਤਰੀ ਪੰਜਾਬ ਸ੍ਰੀ ਓ.ਪੀ. ਸੋਨੀ ਨੇ ਕਿਹਾ ਕਿ ਨਸ਼ਿਆਂ ਨੂੰ ਮੁਕੰਮਲ ਰੂਪ ਵਿੱਚ ਖ਼ਤਮ ਕਰਨ ਲਈ ਸਰਕਾਰ ਦ੍ਰਿੜ੍ਹ ਹੈ ਅਤੇ ਇਸ ਲਈ ਨਸ਼ਿਆਂ ਖਿਲਾਫ਼ ਘਰ-ਘਰ ਹੋਕਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅੱਜ ਦੀ ਮੈਰਾਥਨ ਵੀ ਇਸੇ ਲੜੀ ਦਾ ਹਿੱਸਾ ਹੈ, ਕਿਉਂਕਿ ਬੱਚਿਆਂ ਨੂੰ ਇਸ ਭੈੜੀ ਅਲਾਮਤ ਤੋਂ ਬਚਾਉਣਾ ਬੇਹੱਦ ਜ਼ਰੂਰੀ ਹੈ ਅਤੇ ਇਹ ਤਾਂ ਹੀ ਸੰਭਵ ਹੈ ਜੇਕਰ ਬੱਚੇ ਨਸ਼ਿਆਂ ਦੇ ਮਾੜੇ ਨਤੀਜਿਆਂ ਤੋਂ ਜਾਣੂੰ ਹੋਣ। ਉਨ੍ਹਾਂ ਕਿਹਾ ਕਿ ਨਸ਼ੇ ਦੇ ਸੌਦਾਗਰਾਂ ਨੂੰ ਫੜ ਕੇ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਹੈ ਅਤੇ ਨਸ਼ੇ ਕਰਨ ਵਾਲਿਆਂ ਦਾ ਇਲਾਜ ਮੁਫ਼ਤ ਕਰਵਾਇਆ ਜਾ ਰਿਹਾ ਹੈ। 

ਉਨ੍ਹਾਂ ਲੋਕਾਂ ਨੂੰ ਵੀ ਸੱਦਾ ਦਿੱਤਾ ਕਿ ਉਹ ਆਪਣੇ ਜਾਣਕਾਰ ਘੇਰੇ ਵਿੱਚੋਂ ਜੇਕਰ ਕਿਸੇ ਨਸ਼ਈ ਵਿਅਕਤੀ ਨੂੰ ਜਾਣਦੇ ਹਨ, ਤਾਂ ਉਸਨੂੰ ਇਲਾਜ ਲਈ ਨਸ਼ਾ ਛੁਡਾਊ ਕੇਂਦਰ ਲੈ ਕੇ ਆਉਣ, ਨਾ ਕਿ ਉਸ ਨੂੰ ਨਫ਼ਰਤ ਦਾ ਪਾਤਰ ਬਣਾਉਣ, ਕਿਉਂਕਿ ਨਸ਼ਾ ਇੱਕ ਬਿਮਾਰੀ ਹੈ ਅਤੇ ਬਿਮਾਰੀ ਕੇਵਲ ਇਲਾਜ ਨਾਲ ਹੀ ਠੀਕ ਹੋ ਸਕਦੀ ਹੈ। ਇਸ ਮੈਰਾਥਨ ਦੌੜ ਵਿੱਚ ਵੱਖ-ਵੱਖ ਸਕੂਲਾਂ ਦੇ ਕਰੀਬ 2000 ਵਿਦਿਆਰਥੀਆਂ ਨੇ ਭਾਗ ਲਿਆ। ਸਿੱਖਿਆ ਮੰਤਰੀ ਨੇ ਇਸ ਦੌੜ ਨੂੰ ਝੰਡੀ ਵਿਖਾ ਕੇ ਰਵਾਨਾ ਕੀਤਾ। ਦੌੜ ਬਾਗ ਤੋਂ ਸ਼ੁਰੂ ਹੋ ਕੇ ਕੰਪਨੀ ਬਾਗ ਵਿਖੇ ਮਹਾਤਮਾ ਗਾਂਧੀ ਦੇ ਬੁੱਤ ਕੋਲ ਪਹੁੰਚ ਕੇ ਸਮਾਪਤ ਹੋਈ। ਇਸ ਮੌਕੇ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਜੁਗਲ ਕਿਸ਼ੋਰ ਸ਼ਰਮਾ, ਕੌਸ਼ਲ ਵਿਕਾਸ ਸੋਨੀ, ਜ਼ਿਲ੍ਹਾ ਸਿੱਖਿਆ ਅਧਿਕਾਰੀ ਸੁਨੀਤਾ ਕਿਰਨ, ਡਿਪਟੀ ਡੀ ਈ ਓ ਰੇਖਾ ਮਹਾਜਨ ਤੇ ਹੋਰ ਹਸਤੀਆਂ ਹਾਜ਼ਰ ਸਨ।