ਹੈਰੋਇਨ ਅਤੇ ਅਫੀਮ ਰੱਖਣ ਦੇ ਦੋਸ਼ 'ਚ ਮਹਿਲਾ ਸਮੇਤ 2 ਗ੍ਰਿਫਤਾਰ

Jatinder Singh
Last Updated: Feb 13 2018 19:12

ਮਾਛੀਵਾੜਾ ਪੁਲਿਸ ਵੱਲੋਂ ਹੈਰੋਇਨ ਅਤੇ ਅਫੀਮ ਸਮੇਤ ਇੱਕ ਵਿਅਕਤੀ ਤੇ ਉਸਦੀ ਸਾਥੀ ਮਹਿਲਾ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਕਾਬੂ ਕੀਤੇ ਆਰੋਪੀਆਂ 'ਤੇ ਦੋਸ਼ ਹੈ ਕਿ ਉਹ ਹੈਰੋਇਨ, ਅਫੀਮ ਅਤੇ ਹੋਰ ਨਸ਼ਿਆਂ ਦਾ ਧੰਦਾ ਕਰਦੇ ਹਨ। ਕਾਬੂ ਦੋਨਾਂ ਆਰੋਪੀਆਂ ਦੇ ਖਿਲਾਫ ਪੁਲਿਸ ਥਾਣਾ ਮਾਛੀਵਾੜਾ ਸਾਹਿਬ 'ਚ ਐਨਡੀਪੀਐਸ ਐਕਟ ਦੇ ਅਧੀਨ ਮਾਮਲਾ ਦਰਜ ਕਰਕੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਸਬੰਧੀ ਪੁਲਿਸ ਜ਼ਿਲ੍ਹਾ ਖੰਨਾ ਨਵਜੋਤ ਸਿੰਘ ਮਾਹਲ ਨੇ ਅੱਜ ਬਾਅਦ ਦੁਪਹਿਰ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਅਤੇ ਅਪਰਾਧਕ ਕਿਸਮ ਦੇ ਲੋਕਾਂ ਨੂੰ ਕਾਬੂ ਕਰਨ ਸਬੰਧੀ ਚਲਾਈ ਮੁਹਿੰਮ ਦੇ ਦੌਰਾਨ ਡੀਐਸਪੀ (ਸਮਰਾਲਾ) ਹਰਸਿਮਰਤ ਸਿੰਘ ਅਤੇ ਐਸਐਚਓ ਮਾਛੀਵਾੜਾ ਇੰਸਪੈਕਟਰ ਸੁਰਿੰਦਰਪਾਲ ਸਿੰਘ ਦੀ ਨਿਗਰਾਨੀ 'ਚ ਸਹਾਇਕ ਥਾਣੇਦਾਰ ਸੰਤੋਖ ਸਿੰਘ ਵੱਲੋਂ ਸਾਥੀ ਪੁਲਿਸ ਮੁਲਾਜ਼ਮਾਂ ਦੇ ਮਾਛੀਵਾੜਾ ਸ਼ਹਿਰ ਦੇ ਦੁਸ਼ਹਿਰਾ ਗਰਾਉਂਡ ਕੋਲ ਗਸ਼ਤ ਦੌਰਾਨ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ।

ਇਸ ਦੌਰਾਨ ਗਨੀ ਖਾਂ ਨਬੀ ਖਾਂ ਗੇਟ ਵਾਲੀ ਸਾਈਡ ਤੋਂ ਆ ਰਹੀ ਸਫੇਦ ਰੰਗ ਦੀ ਇੱਕ ਸਕੂਟਰੀ (ਨੰ.ਪੀ.ਬੀ-10 ਐਫ-5191) 'ਤੇ ਸਵਾਰ ਵਿਅਕਤੀ ਅਤੇ ਮਹਿਲਾ ਨੂੰ ਸ਼ੱਕ ਦੇ ਅਧਾਰ 'ਤੇ ਰੋਕਕੇ ਪੁਲਿਸ ਵੱਲੋਂ ਚੈਕਿੰਗ ਕੀਤੀ ਗਈ ਤਾਂ ਤਲਾਸ਼ੀ ਦੌਰਾਨ ਸਕੂਟਰੀ ਚਲਾ ਰਹੇ ਵਿਅਕਤੀ ਦੇ ਕਬਜ਼ੇ ਚੋਂ ਕਥਿਤ ਤੌਰ 'ਤੇ ਪਾਲੀਥੀਨ ਲਿਫਾਫੇ 'ਚ ਰੱਖੀ 40 ਗ੍ਰਾਮ ਅਫੀਮ ਬਰਾਮਦ ਹੋਈ। ਜਦਕਿ ਉਸਦੇ ਨਾਲ ਪਿੱਛੇ ਸੀਟ 'ਤੇ ਬੈਠੀ ਮਹਿਲਾ ਕੋਲੋਂ ਕਥਿਤ ਤੌਰ 'ਤੇ 15 ਗ੍ਰਾਮ ਹੈਰੋਇਨ ਬਰਾਮਦ ਹੋਈ। ਐਸਐਸਪੀ ਮਾਹਲ ਨੇ ਅੱਗੇ ਦੱਸਿਆ ਕਿ ਇਸਦੇ ਬਾਅਦ ਪੁਲਿਸ ਮੁਲਾਜ਼ਮਾਂ ਨੇ ਵਿਅਕਤੀ ਅਤੇ ਮਹਿਲਾ ਨੂੰ ਕਾਬੂ ਕਰ ਲਿਆ ਅਤੇ ਉਨ੍ਹਾਂ ਪਾਸੋਂ ਕੀਤੀ ਗਈ ਪੁੱਛਗਿਛ ਦੇ ਬਾਅਦ ਉਨਾਂ ਦੀ ਪਹਿਚਾਣ ਜਸਪਾਲ ਸਿੰਘ ਉਰਫ ਰਾਜੂ ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਬਹਿਲੋਲਪੁਰ (ਥਾਣਾ ਮਾਛੀਵਾੜਾ ਸਾਹਿਬ) ਅਤੇ ਬਲਵਿੰਦਰ ਕੌਰ ਉਰਫ ਬਿੰਦਰ ਕੌਰ ਉਰਫ ਬਿੰਦਰ ਪਤਨੀ ਪਰਮਿੰਦਰ ਸਿੰਘ ਉਰਫ ਟਿੱਡਾ ਵਾਸੀ ਨਜ਼ਦੀਕ ਸ਼ਕਤੀ ਪਬਲਿਕ ਸਕੂਲ ਮਾਛੀਵਾੜਾ ਸਾਹਿਬ ਵਜੋਂ ਹੋਈ ਹੈ।