ਹੁਨਰ ਵਿਕਾਸ ਦੇ ਖੇਤਰ ਵਿੱਚ ਮੋਹਰੀ ਜ਼ਿਲ੍ਹਾ ਬਣਕੇ ਉੱਭਰਿਆ ਕਪੂਰਥਲਾ: ਮੁਹੰਮਦ ਤਇਅਬ

Last Updated: Jan 11 2018 19:09

ਬੇਰੁਜ਼ਗਾਰ ਨੌਜਵਾਨਾਂ ਨੂੰ ਕਿੱਤਾਮੁਖੀ ਸਿੱਖਿਆ ਦੇਕੇ ਉਨ੍ਹਾਂ ਨੂੰ ਆਪਣੇ ਪੈਰਾਂ 'ਤੇ ਖੜਾ ਕਰਨ ਦੇ ਮਕਸਦ ਨਾਲ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਹੁਨਰ ਵਿਕਾਸ ਮੁਹਿੰਮ ਨੂੰ ਕਪੂਰਥਲਾ ਵਿੱਚ ਵੱਡੀ ਕਾਮਯਾਬੀ ਮਿਲ ਰਹੀ ਹੈ ਅਤੇ ਇੱਥੇ ਕਾਫੀ ਗਿਣਤੀ 'ਚ ਨੌਜਵਾਨ ਕਿੱਤਾਮੁਖੀ ਟ੍ਰੇਨਿੰਗ ਹਾਸਲ ਕਰਕੇ ਆਪਣੇ ਪੈਰਾਂ 'ਤੇ ਖੜੇ ਹੋ ਚੁੱਕੇ ਹਨ। ਇਸੇ ਮੁਹਿੰਮ ਤਹਿਤ 'ਉੱਤਰੀ ਭਾਰਤ ਤਕਨੀਕੀ ਸਲਾਹਕਾਰ ਸੰਗਠਨ' (ਨਿਟਕਾਨ) ਵੱਲੋਂ ਵਿਸ਼ੇਸ਼ ਕੇਂਦਰੀ ਸਹਾਇਤਾ ਸਕੀਮ ਤਹਿਤ ਵੱਖ-ਵੱਖ ਕਿੱਤਿਆਂ ਦੀ ਤਿੰਨ ਮਹੀਨੇ ਦੀ ਮੁਫ਼ਤ ਟ੍ਰੇਨਿੰਗ ਹਾਸਲ ਕਰਨ ਵਾਲੇ ਜ਼ਿਲ੍ਹੇ ਦੇ 150 ਬੇਰੁਜ਼ਗਾਰ ਲੜਕੇ-ਲੜਕੀਆਂ ਨੂੰ ਅੱਜ ਟੂਲ ਕਿੱਟਾਂ ਅਤੇ ਸਰਟੀਫਿਕੇਟ ਤਕਸੀਮ ਕੀਤੇ ਗਏ। ਇਸ ਸਬੰਧੀ ਸਥਾਨਕ ਵਿਰਸਾ ਵਿਹਾਰ ਵਿਖੇ ਇੱਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਡਿਪਟੀ ਕਮਿਸ਼ਨਰ ਮੁਹੰਮਦ ਤਇਅਬ ਮੁੱਖ ਮਹਿਮਾਨ ਵਜੋਂ ਪਹੁੰਚੇ। ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੀ ਤਰਫੋਂ ਉਨ੍ਹਾਂ ਦੇ ਨਿੱਜੀ ਸਹਾਇਕ ਮਨਜੀਤ ਸਿੰਘ ਨਿੱਝਰ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ।

ਡਿਪਟੀ ਕਮਿਸ਼ਨਰ ਮੁੰਹਮਦ ਤਇਅਬ ਨੇ ਕਿਹਾ ਕਿ ਕਪੂਰਥਲਾ ਹੁਨਰ ਵਿਕਾਸ ਦੇ ਖੇਤਰ ਵਿੱਚ ਇੱਕ ਮੋਹਰੀ ਜਿਲ੍ਹਾ ਬਣ ਕੇ ਉੱਭਰਿਆ ਹੈ, ਜਿਥੇ 'ਨਿਟਕਾਨ' ਅਤੇ 'ਆਰ.ਸੇਟੀ' ਵਰਗੇ ਅਦਾਰਿਆਂ ਦੇ ਸਹਿਯੋਗ ਨਾਲ ਵੱਡੀ ਗਿਣਤੀ 'ਚ ਨੌਜਵਾਨਾਂ ਨੂੰ ਮੁਫਤ ਕਿੱਤਾਮੁਖੀ ਸਿਖਲਾਈ ਦੇਕੇ ਆਪਣੇ ਪੈਰਾਂ 'ਤੇ ਖੜੇ ਹੋਣ ਦੇ ਯੋਗ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਇਸ ਨਾਲ ਨਾ ਕੇਵਲ ਨਸ਼ਿਆਂ ਤੋਂ ਦੂਰ ਰਹਿਣਗੇ ਬਲਕਿ ਆਪਣੇ ਕੰਮ-ਧੰਦੇ ਸ਼ੁਰੂ ਕਰਕੇ ਸਵੈ-ਨਿਰਭਰ ਵੀ ਬਣਨਗੇ। ਮਨਜੀਤ ਸਿੰਘ ਨਿੱਝਰ ਨੇ ਇਸ ਮੌਕੇ ਜ਼ਿਲ੍ਹੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਰੁਜ਼ਗਾਰ ਸਕੀਮਾਂ ਅਤੇ ਹੁਨਰ ਵਿਕਾਸ ਕੇਂਦਰਾਂ ਦਾ ਵੱਧ ਤੋਂ ਵੱਧ ਲਾਹਾ ਲੈਣ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਵਤਾਰ ਸਿੰਘ ਭੁੱਲਰ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਮੁਹੰਮਦ ਤਇਅਬ ਦੀ ਅਗਵਾਈ ਹੇਠ ਜ਼ਿਲੇ ਨੂੰ ਹੁਨਰ ਵਿਕਾਸ ਦੇ ਖੇਤਰ 'ਚ ਬੁਲੰਦੀਆਂ 'ਤੇ ਪਹੁੰਚਾਉਣ ਲਈ ਜੀਅ-ਤੋੜ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਇਸ ਮੌਕੇ ਐਲ.ਡੀ.ਐਮ ਕਰਮਜੀਤ ਸਿੰਘ, ਡੀ.ਆਈ.ਸੀ ਦੇ ਫੰਕਸ਼ਨਲ ਮੈਨੇਜਰ ਰਵਿੰਦਰ ਕੁਮਾਰ ਅਤੇ ਰੁਜ਼ਗਾਰ ਅਫ਼ਸਰ ਹਰਮੇਸ਼ ਕੁਮਾਰ ਨੇ ਵੀ ਨੌਜਵਾਨਾਂ ਨੂੰ ਆਪਣੇ ਪੈਰਾਂ 'ਤੇ ਖੜੇ ਕਰਨ ਲਈ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਤੋਂ ਵਿਸਥਾਰ ਨਾਲ ਜਾਣੂ ਕਰਵਾਇਆ। 'ਨਿਟਕਾਨ' ਦੇ ਸੀਨੀਅਰ ਮੈਨੇਜਰ ਪ੍ਰਵੀਨ ਭਾਰਗਵ ਨੇ ਦੱਸਿਆ ਕਿ ਇਨ੍ਹਾਂ ਸਿਖਿਆਰਥੀਆਂ ਨੂੰ ਡਾਇਰੈਕਟੋਰੇਟ ਆਫ਼ ਸ਼ਡਿਊਲਡ ਕਾਸਟਸ ਸਬ ਪਲਾਨ ਵੈਲਫੇਅਰ ਡਿਪਾਰਟਮੈਂਟ ਪੰਜਾਬ ਅਤੇ ਡੀ.ਆਰ.ਡੀ.ਏ ਕਪੂਰਥਲਾ ਦੇ ਸਹਿਯੋਗ ਨਾਲ 'ਨਿਟਕਾਨ' ਵੱਲੋਂ ਵਿਸ਼ੇਸ਼ ਕੇਂਦਰੀ ਸਹਾਇਤਾ ਸਕੀਮ ਤਹਿਤ ਕਪੂਰਥਲਾ ਅਤੇ ਫਗਵਾੜਾ ਦੇ ਵੱਖ-ਵੱਖ ਹੁਨਰ ਵਿਕਾਸ ਕੇਂਦਰਾਂ 'ਚ ਵੱਖ-ਵੱਖ ਕਿੱਤਿਆਂ ਦੀ ਟ੍ਰੇਨਿੰਗ ਦਿੱਤੀ ਗਈ ਹੈ, ਜਿਨ੍ਹਾਂ ਵਿੱਚ ਫੈਸ਼ਨ ਡਿਜ਼ਾਈਨਿੰਗ, ਕੰਪਿਊਟਰ ਟੈਲੀ, ਬਿਊਟੀਸ਼ੀਅਨ ਅਤੇ ਮੋਬਾਈਲ ਫੋਨ ਰਿਪੇਅਰਿੰਗ ਆਦਿ ਦੀ ਟ੍ਰੇਨਿੰਗ ਸ਼ਾਮਿਲ ਹੈ। ਇਸ ਮੌਕੇ ਸਿਖਿਆਰਥੀਆਂ ਵੱਲੋਂ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ।