ਹਥਿਆਰ ਅਤੇ ਗੈਂਗਸਟਰ ਕਲਚਰ ਦੇ ਗੀਤਾਂ ਨੂੰ ਰੋਕਣ ਪ੍ਰਤੀ ਐਸਐਸਪੀ ਨੇ ਗਾਇਕਾਂ ਤੇ ਗੀਤਕਾਰਾਂ ਨਾਲ ਕੀਤੀ ਮੀਟਿੰਗ

Last Updated: Feb 13 2018 19:44

ਵਿਆਹ-ਸ਼ਾਦੀਆਂ ਸਮਾਰੋਹਾਂ ਦੌਰਾਨ ਅਤੇ ਫਿਲਮ ਐਲਬਮਾਂ 'ਚ ਹਥਿਆਰਾਂ, ਗੈਂਗਸਟਰਾਂ ਦੀ ਲਾਈਫ ਸਟਾਈਲ ਤੇ ਸ਼ਰਾਬ ਦੇ ਇਸਤੇਮਾਲ ਸਬੰਧੀ ਗਾਇਕਾਂ ਅਤੇ ਗੀਤਕਾਰਾਂ ਵੱਲੋਂ ਗਾਏ ਜਾਣ ਵਾਲੇ ਗਾਣਿਆਂ 'ਤੇ ਨੁਕੇਲ ਲਗਾਉਣ ਪ੍ਰਤੀ ਪੁਲਿਸ ਦੇ ਐਸਐਸਪੀ ਨਵਜੋਤ ਸਿੰਘ ਨੇ ਖੰਨਾ ਸ਼ਹਿਰ ਅਤੇ ਆਸਪਾਸ ਦੇ ਇਲਾਕਿਆਂ ਦੇ ਗਾਇਕਾਂ, ਗੀਤਕਾਰਾਂ ਤੇ ਵੀਡਿਓਗ੍ਰਾਫਰਾਂ ਨਾਲ ਐਸਐਸਪੀ ਆਫਿਸ 'ਚ ਮੀਟਿੰਗ ਕੀਤੀ। ਮੀਟਿੰਗ ਦੌਰਾਨ ਪੁਲਿਸ ਅਧਿਕਾਰੀ ਵੱਲੋਂ ਗਾਇਕਾਂ ਅਤੇ ਗੀਤਕਾਰਾਂ ਦੇ ਨਾਲ ਮੌਜੂਦਾ ਸਮੇਂ ਦੌਰਾਨ ਗੀਤਾਂ 'ਚ ਹਥਿਆਰਾਂ, ਗੈਂਗਸਟਰਾਂ ਅਤੇ ਲੱਚਰਤਾ 'ਤੇ ਰੋਕਥਾਮ ਲਗਾਉਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ।

ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਮੌਜੂਦਾ ਸਮੇਂ ਦੋਰਾਨ ਸੱਭਿਆਚਰਕ ਗੀਤਾਂ ਵਿੱਚ ਚੱਲ ਰਹੇ ਗੈਂਗਸਟਰ ਲਾਈਫ ਸਟਾਈਲ, ਗੰਨ ਕਲਚਰ ਨੂੰ ਨੱਥ ਪਾਉਣਾ ਅੱਜ ਦੇ ਸਮੇਂ ਦੀ ਮੁੱਖ ਮੰਗ ਹੈ। ਹਥਿਆਰਾਂ, ਗੈਂਗਸਟਰਾਂ ਸੰਬਧੀ ਪੇਸ਼ ਕੀਤੇ ਜਾ ਰਹੇ ਗਾਣਿਆਂ ਦੇ ਕਾਰਨ ਅੱਜ ਦੀ ਨੌਜਵਾਨ ਪੀੜ੍ਹੀ 'ਤੇ ਬੁਰਾ ਪ੍ਰਭਾਵ ਪੈ ਰਿਹਾ ਹੈ। ਇਸੇ ਪ੍ਰਭਾਵ ਦੇ ਚੱਲਦੇ ਅੱਜ-ਕੱਲ ਵਿਆਹ ਸ਼ਾਦੀਆਂ ਦੇ ਸਮਾਰੋਹਾਂ ਦੌਰਾਨ ਹਥਿਆਰਾਂ ਦਾ ਇਸਤੇਮਾਲ ਕਰਕੇ ਹਵਾਈ ਫਾਇਰਿੰਗ ਦੇ ਮਾਮਲੇ ਵੱਧ ਗਏ ਹਨ।

ਇਸਤੋਂ ਇਲਾਵਾ ਵਿਆਹ ਸਮਾਰੋਗ ਮੌਕੇ ਹਥਿਆਰਾਂ ਦ ਪ੍ਰਯੋਗ ਕਰਨ ਨਾਲ ਕਈ ਵਿਅਕਤੀਆਂ ਦੀ ਜਾਨਾਂ ਅਜਾਈ ਦਾ ਚੁੱਕੀਆਂ ਹਨ। ਇਸ ਲਈ ਯੁਵਾ ਪੀੜ੍ਹੀ ਨੂੰ ਅਜਿਹੇ ਗੀਤਾਂ ਦੇ ਪ੍ਰਭਾਵ ਤੋਂ ਬਚਾਉਣ ਅਤੇ ਵਿਆਹਾਂ ਮੌਕੇ ਫਾਇਰਿੰਗ ਕਰਨ ਦੀਆਂ ਘਟਨਾਵਾਂ 'ਤੇ ਰੋਕ ਲਗਾਉਣਾ ਜਰੂਰੀ ਹੋ ਗਿਆ ਹੈ। ਇਸਦੇ ਲਈ ਗਾਇਕਾਂ, ਗੀਤਕਾਰਾਂ ਅਤੇ ਵੀਡਿਓਗ੍ਰਾਫਰਾਂ ਨੂੰ ਵੱਧਦੇ ਰੁਝਾਨ ਨੂੰ ਹਟਾਉਣ ਲਈ ਸੱਭਿਆਚਰਕ ਤੇ ਸਮਾਜਿਕ ਕਿਸਮ ਦੇ ਗੀਤ ਲਿਖਣ, ਗਾਉਣ ਅਤੇ ਵੀਡੀਓਗ੍ਰਾਫੀ ਕਰਨ ਸਬੰਧੀ ਪੂਰੀ ਡੂੰਘਾਈ ਨਾਲ ਪ੍ਰੇਰਿਤ ਕੀਤਾ ਗਿਆ।