ਸੜਕ ਹਾਦਸਿਆਂ ਦੌਰਾਨ ਬਜ਼ੁਰਗ ਸਮੇਤ ਦੋ ਵਿਅਕਤੀ ਹੋਏ ਜਖਮੀ

Last Updated: Jan 13 2018 16:11

ਇਲਾਕੇ 'ਚ ਹੋਏ ਦੋ ਵੱਖ-ਵੱਖ ਸਜ਼ਕ ਹਾਦਸਿਆਂ ਦੌਰਾਨ ਦੋ ਵਿਅਕਤੀ ਗੰਭੀਰ ਰੂਪ 'ਚ ਜਖਮੀ ਹੋ ਗਏ। ਦੋਨਾਂ ਜਖਮੀਆਂ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਹਾਦਸੇ ਸਬੰਧੀ ਹਸਪਤਾਲ ਚੋਂ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ। ਪਹਿਲੇ ਹਾਦਸੇ ਦੌਰਾਨ ਸਥਾਨਕ ਨੈਸ਼ਨਲ ਹਾਈਵੇ 'ਤੇ ਪੈਂਦੇ ਪਿੰਡ ਕੋਟਾਂ ਸਥਿਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੇ ਨਜ਼ਦੀਕ ਬੀਤੀ ਰਾਤ ਆਪਣੀ ਡਿਊਟੀ 'ਤੇ ਜਾ ਰਹੇ ਇੱਕ ਰਾਹਗੀਰ ਨੂੰ ਇੱਕ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। ਵਾਹਨ ਦੀ ਟੱਕਰ ਲੱਗਣ ਕਾਰਨ ਰਾਹਗੀਰ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਮਿਲੀ ਜਾਣਕਾਰੀ ਦੇ ਮੁਤਾਬਕ ਨਜ਼ਦੀਕੀ ਪਿੰਡ ਕੋਟਾਂ ਦਾ ਰਹਿਣ ਵਾਲਾ ਹਰਹੋਬਿੰਦ ਪਾਂਡੇ ਪੁੱਤਰ ਸਿਆਰਾਮ ਵਾਸੀ ਰੋਹਤਾਸ (ਬਿਹਾਰ) ਬੀਤੀ ਸ਼ਾਮ ਦੋਰਾਹਾ ਸਥਿਤ ਧਾਗਾ ਫੈਕਟਰੀ 'ਚ ਆਪਣੀ ਡਿਊਟੀ 'ਤੇ ਜਾ ਰਿਹਾ ਸੀ।

ਰਸਤੇ 'ਚ ਜਾਂਦੇ ਸਮੇਂ ਪਿੱਛੋਂ ਆ ਰਹੇ ਅਣਪਛਾਤੇ ਵਾਹਨ ਨੇ ਉਸਨੂੰ ਟੱਕਰ ਮਾਰ ਦਿੱਤੀ, ਜਿਸਦੇ ਚੱਲਦੇ ਉਹ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ। ਸੜਕ 'ਤੇ ਜਖਮੀ ਹਾਲਤ 'ਤੇ ਪਿਆ ਦੇਖਕੇ ਉਸਨੂੰ ਰਾਹਗੀਰਾਂ ਨੇ ਐਂਬੂਲੈਂਸ ਨੂੰ ਮੌਕੇ 'ਤੇ ਬੁਲਾਕੇ ਇਲਾਜ ਲਈ ਖੰਨਾ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ। ਹਸਪਤਾਲ 'ਚ ਇਲਾਜ ਕਰਨ ਵਾਲੇ ਡਾਕਟਰ ਦੇ ਮੁਤਾਬਕ ਹਰਗੋਬਿੰਦ ਪਾਂਡੇ ਦੀ ਇਕ ਲੱਤ ਦੀ ਹੱਡੀ ਫਰੈਕਚਰ ਹੋ ਗਈ ਹੈ ਅਤੇ ਉਸਦੇ ਸਿਰ ਤੋਂ ਇਲਾਵਾ ਸ਼ਰੀਰ ਦੇ ਹੋਰ ਥਾਵਾਂ 'ਤੇ ਗੰਭੀਰ ਸੱਟਾਂ ਲੱਗੀਆਂ ਹਨ।

ਦੂਸਰੇ ਹਾਦਸੇ ਦੌਰਾਨ ਜੀ.ਟੀ ਰੋਡ ਸਥਿਤ ਨਜ਼ਦੀਕੀ ਪਿੰੜ ਲਿਬੜਾ ਕੋਲ ਸਕੂਟਰ 'ਤੇ ਜਾ ਰਹੇ ਇੱਕ ਬਜੁਰਗ ਨੂੰ ਇੱਕ ਵਾਹਨ ਨੇ ਟੱਕਰ ਮਾਰ ਦਿੱਤੀ। ਵਾਹਨ ਦੀ ਟੱਕਰ ਲੱਗਣ ਕਾਰਨ ਸਕੂਟਰ ਸਵਾਰ ਵਾਹਨ ਸਮੇਤ ਸੜਕ 'ਤੇ ਡਿੱਗਕੇ ਜਖਮੀ ਹੋ ਗਿਆ। ਜਾਣਕਾਰੀ ਮੁਤਾਬਕ ਮਾਡਲ ਟਾਊਨ ਨੇੜੇ ਪੈਂਦੇ ਗੁਰੂ ਨਾਨਕ ਨਗਰ ਇਲਾਕੇ 'ਚ ਰਹਿਣ ਵਾਲਾ ਚਮਨ ਸਿੰਘ (64) ਘੁੰਮ-ਫਿਰ ਕੇ ਗੈਸ ਦੇ ਚੁੱਲੇ ਅਤੇ ਕੁੱਕਰ ਰਿਪੇਅਰ ਕਰਨ ਦਾ ਕੰਮ ਕਰਦਾ ਹੈ। ਜਦੋਂ ਉਹ ਆਪਣੇ ਵਾਹਨ ਤੇ ਜਾ ਰਿਹਾ ਸੀ ਤਾਂ ਲਿਬੜਾ ਪਿੰਡ ਕੋਲ ਪਹੁੰਚਣ ਦੇ ਬਾਅਦ ਪਿੱਛੋਂ ਆ ਰਹੇ ਕਿਸੇ ਅਣਪਛਾਤੇ ਵਾਹਨ ਨੇ ਸਕੂਟਰ ਨੂੰ ਲਪੇਟ 'ਚ ਲੈ ਲਿਆ, ਜਿਸ ਕਾਰਨ ਸਕੂਟਰ ਸਵਾਰ ਬਜੁਰਗ ਚਮਨ ਸਿੰਘ ਜਖਮੀ ਹੋ ਗਿਆ। ਘਟਨਾ ਵਾਲੀ ਥਾਂ ਇਕੱਠੇ ਹੋਏ ਰਾਹਗੀਰਾਂ ਨੇ ਉਸਨੂੰ ਸੰਭਾਲਦੇ ਹੋਏ ਸਥਾਨਕ ਸਿਵਲ ਹਸਪਤਾਲ ਪਹੁੰਚਾਇਆ। ਹਾਦਸੇ ਸਬੰਧੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ।