ਸੀਵਰੇਜ ਦਾ ਢੱਕਣ ਨਾ ਹੋਣ ਕਾਰਨ ਹੋ ਰਹੇ ਹਨ ਹਾਦਸੇ

Last Updated: Jan 11 2018 21:43

ਦੇਸ਼ ਵਿੱਚ ਵਿਵਸਥਾ ਦੀ ਕਮੀ ਕਹੀ ਜਾਵੇ ਜਾਂ ਫਿਰ ਕੁੱਝ ਹੋਰ ਪਰ ਵੱਖ-ਵੱਖ ਵਿਭਾਗਾਂ ਵਿੱਚ ਆਪਸੀ ਤਾਲਮੇਲ ਦੀ ਕਮੀ ਦਾ ਨਤੀਜਾ ਆਮ ਲੋਕਾਂ ਨੂੰ ਹੀ ਭੁਗਤਣਾ ਪੈਂਦਾ ਹੈ। ਇਸ ਤਰ੍ਹਾਂ ਹੀ ਕੁੱਝ ਵਿਰਾਸਤੀ ਸ਼ਹਿਰ ਦੇ ਤੌਰ 'ਤੇ ਜਾਣੇ ਜਾਂਦੇ ਕਪੂਰਥਲਾ ਸ਼ਹਿਰ ਦੇ ਸਭ ਤੋਂ ਵੱਧ ਆਵਾਜਾਈ ਵਾਲੇ ਬੱਸ ਸਟੈਂਡ ਰੋਡ ਦੀ ਸੜਕ 'ਤੇ ਲੰਘਣ ਵਾਲੇ ਲੋਕਾਂ ਨਾਲ ਹਾਦਸੇ ਹੋ ਰਹੇ ਹਨ। ਪਿਛਲੇ ਕੁਝ ਦਿਨਾਂ ਤੋਂ ਬੱਸ ਸਟੈਂਡ ਦੀ ਸਾਹਮਣੇ ਸੜਕ 'ਤੇ ਸੀਵਰੇਜ ਵਾਲਾ ਢੱਕਣ ਟੁੱਟ ਚੁੱਕਾ ਹੈ। ਇੱਥੋਂ ਰੋਜ਼ਾਨਾ ਕਈ ਵਾਹਨ ਲੰਘਦੇ ਹਨ। ਢੱਕਣ ਟੁੱਟਾ ਹੋਣ ਕਾਰਨ ਕਈ ਲੋਕ ਇੱਥੋਂ ਡਿਗ ਕੇ ਫੱਟੜ ਹੋ ਰਹੇ ਹਨ। ਪਰ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਇਸ 'ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।

ਕੇ ਭਾਰਤੀ ਫੋਰੇਕਸ ਦੇ ਮੈਨੇਜਿੰਗ ਡਾਇਰੈਕਟਰ ਮਦਨ ਲਾਲ ਚਾਵਲਾ ਨੇ ਦੱਸਿਆ ਕਿ ਉਨ੍ਹਾਂ ਦੇ ਦਫ਼ਤਰ ਸਾਹਮਣੇ ਬਣੀ ਇਸ ਸੜਕ ਦੇ ਸੀਵਰੇਜ ਦਾ ਢੱਕਣ ਟੁੱਟਣ ਨਾਲ ਇੱਥੋਂ ਕਈ ਲੋਕ ਜ਼ਖਮੀ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਬਾਰੇ ਨਗਰ ਕੌਂਸਲ ਵਿੱਚ ਸ਼ਿਕਾਇਤ ਕੀਤੀ ਸੀ ਜਿਸ ਦੌਰਾਨ ਕੌਂਸਲ ਦੇ ਕਰਮਚਾਰੀ ਮੌਕੇ 'ਤੇ ਆਏ ਅਤੇ ਇਹ ਕਹਿ ਕੇ ਪੱਲਾ ਝਾੜ ਦਿੱਤਾ ਕਿ ਇਹ ਪੀ.ਡਬਲ ਯੂ.ਡੀ ਦੇ ਅਧੀਨ ਹੈ ਉਨ੍ਹਾਂ ਦੇ ਅਧੀਨ ਨਹੀਂ ਆਉਂਦੀ। ਇਸ ਸਬੰਧੀ ਜਦੋਂ ਪੀ.ਡਬਲ ਯੂ.ਡੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਵੀ ਮੌਕੇ 'ਤੇ ਆ ਕੇ ਇਹ ਕਹਿ ਕੇ ਪੱਲਾ ਝਾੜ ਲਿਆ ਕਿ ਇਹ ਨਗਰ ਕੌਂਸਲ ਦੀ ਹੱਦ ਵਿੱਚ ਹੈ। ਅਸੀਂ ਇਸ ਨੂੰ ਠੀਕ ਨਹੀਂ ਕਰ ਸਕਦੇ। ਆਲੇ-ਦੁਆਲੇ ਦੇ ਦੁਕਾਨਦਾਰ ਪਵਨ, ਜੋਗਿੰਦਰ, ਰਾਮ ਮੂਰਤੀ, ਸੁਰਿੰਦਰ ਕੁਮਾਰ, ਵਿਜੇ ਕੁਮਾਰ, ਵਿਕਾਸ ਧਰਮਪਾਲ, ਕ੍ਰਿਸ਼ਨਾ ਆਦਿ ਨੇ ਦੱਸਿਆ ਕਿ ਸੀਵਰੇਜ ਦਾ ਢੱਕਣ ਟੁੱਟਣ ਨਾਲ ਦਿਨ ਵੇਲੇ ਤਾਂ ਹਾਦਸੇ ਹੁੰਦੇ ਹੀ ਹਨ ਪਰ ਰਾਤ ਨੂੰ ਵੀ ਕਈ ਦੋ ਪਹੀਆ ਵਾਹਨ ਚਾਲਕ ਇੱਥੇ ਹਾਦਸੇ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇੱਥੇ ਸਟਰੀਟ ਲਾਈਟ ਵੀ ਨਹੀਂ ਹੈ। ਜਿਸ ਕਾਰਨ ਰਾਹਗੀਰਾਂ ਨੂੰ ਸੀਵਰੇਜ ਦਾ ਟੁੱਟਾ ਢੱਕਣ ਨਹੀਂ ਦਿਖਦਾ। ਇਸ ਸਬੰਧੀ ਮਦਨ ਲਾਲ ਚਾਵਲਾ ਨੇ ਸਬੰਧਿਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਇਸ ਨੂੰ ਜਲਦ ਠੀਕ ਕਰਵਾਇਆ ਜਾਵੇ ਤਾਂ ਕਿ ਕੋਈ ਹਾਦਸਾ ਨਾ ਵਾਪਰੇ।