ਸਿਹਤ ਵਿਭਾਗ ਵੱਲੋਂ ਲਗਾਇਆ ਗਿਆ ਸਿਹਤ ਮੇਲਾ

Sukhjinder Kumar
Last Updated: Jan 12 2018 19:36

ਸਿਹਤ ਵਿਭਾਗ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਆਮ ਲੋਕਾਂ ਨੂੰ ਵਧੀਆ ਅਤੇ ਸਸਤੀਆਂ ਸਿਹਤ ਸੇਵਾਵਾਂ ਦੇਣ ਦੇ ਸੰਕਲਪ ਅਤੇ ਲੋਕਾਂ ਨੂੰ ਵੱਖ-ਵੱਖ ਬਿਮਾਰੀਆਂ ਪ੍ਰਤੀ ਜਾਗਰੂਕ ਤੇ ਬਚਾਓ ਕਰਨ ਸਬੰਧੀ ਅੱਜ ਸਿਹਤ ਵਿਭਾਗ ਪਠਾਨਕੋਟ ਵੱਲੋਂ ਜ਼ਿਲ੍ਹਾ ਪੱਧਰੀ ਸਿਹਤ ਮੇਲੇ ਦਾ ਸਿਵਲ ਹਸਪਤਾਲ ਪਠਾਨਕੋਟ ਵਿਖੇ ਆਯੋਜਨ ਕੀਤਾ ਗਿਆ। ਇਸ ਮੇਲੇ ਵਿੱਚ ਮਾਨਯੋਗ ਵਿਧਾਇਕ ਪਠਾਨਕੋਟ ਅਮਿੱਤ ਵਿੱਜ, ਵਿਧਾਇਕ ਭੋਆ ਜੋਗਿੰਦਰ ਪਾਲ ਅਤੇ ਕਾਂਗਰਸ ਦੇ ਮੋਹਤਵਰ ਪਤਵੰਤੇ ਅਮਿੱਤ ਮੰਟੂ ਵਿਸ਼ੇਸ਼ ਤੌਰ 'ਤੇ ਪਹੁੰਚੇ।

ਮੇਲੇ ਨੂੰ ਸੰਬੋਧਨ ਕਰਦਿਆਂ ਅਮਿੱਤ ਵਿਜ ਨੇ ਕਿਹਾ ਕਿ ਸਿਹਤ ਮੇਲੇ ਜ਼ਰੂਰਤਮੰਦ ਲੋਕਾਂ ਲਈ ਚਾਨਣ ਮੁਨਾਰੇ ਦਾ ਕੰਮ ਕਰਦੇ ਹਨ ਅਤੇ ਇਹ ਸਿਹਤ ਵਿਭਾਗ ਪਠਾਨਕੋਟ ਵੱਲੋਂ ਚੁੱਕਿਆ ਗਿਆ ਸ਼ਲਾਘਾਯੋਗ ਕਦਮ ਹੈ। ਕਿਉਂਕਿ ਇਸ ਤਰਾਂ ਦੇ ਸਿਹਤ ਮੇਲਿਆਂ ਤੇ ਇੱਕ ਹੀ ਥਾਂ 'ਤੇ ਸਿਹਤ ਨਾਲ ਸਬੰਧਿਤ ਬਿਮਾਰੀਆਂ ਦਾ ਚੈੱਕਅਪ, ਟੈੱਸਟ ਅਤੇ ਦਵਾਈਆਂ ਮੁਫ਼ਤ ਉਪਲਬਧ ਕਰਵਾਈਆਂ ਜਾਂਦੀਆਂ ਹਨ। ਇਸ ਦੇ ਨਾਲ ਹੀ ਲੋਕਾਂ ਨੂੰ ਬਿਮਾਰੀਆਂ ਅਤੇ ਇਨ੍ਹਾਂ ਤੋਂ ਬਚਾਓ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ। ਇਸ ਮੌਕੇ ਸੰਬੋਧਨ ਕਰਦਿਆਂ ਸਿਵਲ ਸਰਜਨ ਪਠਾਨਕੋਟ ਡਾ. ਨਰੇਸ਼ ਕਾਂਸਰਾ ਨੇ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਵੱਖ-ਵੱਖ ਸਿਹਤ ਸਹੂਲਤਾਂ ਬਾਰੇ ਵਿਸਤਾਰ ਪੂਰਵਕ ਦੱਸਿਆ। 

ਮੇਲੇ ਦੌਰਾਨ ਜ਼ਿਲ੍ਹੇ ਦੀਆਂ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਵਾਲੀਆਂ ਸਿਹਤ ਸੰਸਥਾਵਾਂ ਦੇ ਵਰਕਰਾਂ ਨੂੰ ਅਤੇ ਸਿਹਤ ਖੇਤਰ ਵਿੱਚ ਵਧੀਆ ਕੰਮ ਕਰਨ ਵਾਲੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਤੋਂ ਇਲਾਵਾ ਆਏ ਹੋਏ ਲੋਕਾਂ ਵਾਸਤੇ ਸਭਿਆਚਾਰਕ ਅਤੇ ਰੰਗਾਰੰਗ ਪ੍ਰੋਗਰਾਮ, ਸਕਿੱਟ ਆਦਿ ਵੀ ਪੇਸ਼ ਕੀਤਾ ਗਿਆ।