ਸਵਾ ਸੌ ਫੁੱਟ ਤੇ ਨਾ ਫ਼ਤਿਹਵੀਰ ਮਿਲਿਆ ਨਾ ਪਾਣੀ ਮਿਲਿਆ, ਖ਼ਤਰੇ ਦੀ ਘੰਟੀ ਹੈ ਇਹ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jun 12 2019 18:00
Reading time: 1 min, 52 secs

ਸੰਗਰੂਰ ਦੇ ਪਿੰਡ ਭਗਵਾਨਪੁਰਾ ਵਿੱਚ ਦੋ ਸਾਲ ਦੇ ਬੱਚੇ ਫ਼ਤਿਹਵੀਰ ਦੀ ਬੋਰਵੈਲ ਵਿੱਚ ਡਿੱਗਣ ਨਾਲ ਹੋਈ ਦੁਖਦਾਈ ਮੌਤ ਨੇ ਉਸ ਦੇ ਬਚਾਅ ਅਪ੍ਰੇਸ਼ਨ ਦੇ ਨਾਲ ਨਾਲ ਪੰਜਾਬ ਦੇ ਵਾਤਾਵਰਨ ਤੇ ਵੀ ਕਈ ਸਵਾਲ ਖੜੇ ਕਰ ਦਿੱਤੇ ਹਨ। ਇਹ ਬੱਚਾ ਜਿਸ ਬੋਰਵੈਲ ਵਿੱਚ ਡਿੱਗਿਆ ਸੀ ਜਾਣਕਾਰੀ ਅਨੁਸਾਰ ਉਹ 1992 ਤੋਂ ਬੰਦ ਪਿਆ ਸੀ ਅਤੇ ਉਸ ਸਮੇਂ ਇਸ ਦਾ ਫ਼ਿਲਟਰ ਕਰੀਬ 125 ਫੁੱਟ ਤੇ ਸੀ ਮਤਲਬ ਕੇ ਉਸ ਸਮੇਂ 125 ਫੁੱਟ ਤੇ ਸਾਫ਼ ਪਾਣੀ ਸੀ। ਪਰ ਹੁਣ ਫ਼ਤਿਹਵੀਰ ਨੂੰ ਬਚਾਉਣ ਦੇ ਲਈ ਇਸ ਬੋਰ ਦੇ ਬਰਾਬਰ ਤੇ ਕਰੀਬ 130 ਫੁੱਟ ਡੂੰਘਾ ਬੋਰ ਪੱਟ ਦਿੱਤਾ ਗਿਆ ਅਤੇ ਇਸ ਡੂੰਘਾਈ ਤੇ ਜਾ ਕੇ ਪਾਣੀ ਨਹੀਂ ਮਿਲਿਆ ਜਿਸ ਦਾ ਮਤਲਬ ਹੈ ਕੇ ਸਾਡੇ ਕੋਲ ਧਰਤੀ ਹੇਠਲੇ ਪਾਣੀ ਦੀ ਕਮੀ ਹੋ ਚੁੱਕੀ ਹੈ। ਇੱਕ ਰਿਪੋਰਟ ਮੁਤਾਬਿਕ ਪੰਜਾਬ ਦੇ ਵਿੱਚ ਕਰੀਬ 75 ਫ਼ੀਸਦੀ ਖੇਤੀ ਧਰਤੀ ਹੇਠਲੇ ਪਾਣੀ ਤੇ ਨਿਰਭਰ ਹੈ ਅਤੇ ਝੋਨੇ ਦੀ ਫ਼ਸਲ ਦੇ ਮੌਕੇ ਇਹ ਪਾਣੀ ਹਰ ਦਿਨ ਕਰੋੜ ਲੀਟਰ ਬਾਹਰ ਕੱਢਿਆ ਜਾਂਦਾ ਹੈ। ਮਾਲਵਾ ਦੇ ਕਈ ਇਲਾਕੇ ਅਜਿਹੇ ਹਨ ਜਿੱਥੇ ਕੇ ਲੋਕਾਂ ਨੇ ਖੇਤਾਂ ਦੇ ਵਿੱਚ ਧੜਾਧੜ 400 ਫੁੱਟ 500 ਫੁੱਟ ਅਤੇ ਕਈ ਥਾਵਾਂ ਤੇ 1000 ਫੁੱਟ ਤੱਕ ਡੂੰਘੇ ਬੋਰ ਕਰ ਰੱਖੇ ਹਨ।

ਟਿਊਬਵੈੱਲ ਕੁਨੈਕਸ਼ਨਾਂ ਦੇ ਵਿੱਚ ਹੋਏ ਇਸ ਧੜਾਧੜ ਵਾਧੇ ਦਾ ਮੁੱਖ ਕਾਰਨ ਕਿਸਾਨਾਂ ਨੂੰ ਮਿਲਦੀ ਮੁਫ਼ਤ ਬਿਜਲੀ ਨੂੰ ਦੱਸਿਆ ਜਾਂਦਾ ਹੈ। ਸੂਬੇ ਦੇ ਵਿੱਚ 1997 ਵਿੱਚ ਮਹਿਜ਼ ਕੁਝ ਮਹੀਨਿਆਂ ਦੇ ਲਈ ਮੁੱਖ ਮੰਤਰੀ ਬਣੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਮੁਫ਼ਤ ਬਿਜਲੀ ਦਾ ਐਸਾ ਐਲਾਨ ਕੀਤਾ ਕਿ ਸਾਡੇ ਲੋਕਾਂ ਨੇ ਨਰਮੇ ਵਾਲਿਆਂ ਰੇਤਲੀਆਂ ਜ਼ਮੀਨਾਂ ਨੂੰ ਵੀ ਧਰਤੀ ਹੇਠਲਾ ਪਾਣੀ ਕੱਢ ਕੱਢ ਝੋਨੇ ਦੀ ਬਿਜਾਈ ਯੋਗ ਬਣਾ ਦਿੱਤਾ ਅਤੇ ਇਹ ਵਰਤਾਰਾ ਹੁਣ ਵੀ ਜਾਰੀ ਹੈ। ਮਾਹਿਰਾਂ ਦੀ ਰਿਪੋਰਟ ਦੇ ਅਨੁਸਾਰ ਪੰਜਾਬ ਵਿੱਚ ਇਹੀ ਕੁਝ ਜਾਰੀ ਰਿਹਾ ਤਾਂ 2041 ਤੱਕ ਇੱਥੇ ਧਰਤੀ ਹੇਠਲਾ ਪਾਣੀ ਸਿੰਚਾਈ ਲਈ ਤਾਂ ਕੀ ਬਲਕਿ ਪੀਣ ਲਈ ਵੀ ਨਹੀਂ ਬਚੇਗਾ। ਦੂਜੇ ਪਾਸੇ ਸਾਡੀਆਂ ਸਰਕਾਰਾਂ ਦੇ ਵੱਲੋਂ ਕਿਸਾਨਾਂ ਨੂੰ ਮੁਫ਼ਤ ਬਿਜਲੀ ਪਾਣੀ ਦੀਆਂ ਸਹੂਲਤਾਂ ਦੇ ਕੇ ਝੋਨੇ ਦੀ ਫ਼ਸਲ ਦੇ ਚੱਕਰ ਵਾਲੀ ਦਲਦਲ ਵਿੱਚ ਹੋਰ ਡੂੰਘਾ ਭੇਜਿਆ ਜਾ ਰਿਹਾ ਹੈ ਜਦਕਿ ਸਰਕਾਰ ਨੂੰ ਚਾਹੀਦਾ ਹੈ ਕੇ ਝੋਨੇ ਦੀ ਫ਼ਸਲ ਦਾ ਕੋਈ ਢੁਕਵਾਂ ਬਦਲ ਲੱਭ ਕੇ ਕਿਸਾਨੀ ਅਤੇ ਪਾਣੀ ਨੂੰ ਬਚਾਇਆ ਜਾਵੇ। ਨਹੀਂ ਤਾਂ ਉਹ ਦਿਨ ਦੂਰ ਨਹੀਂ ਕੇ ਬੋਰਵੇੱਲਾਂ ਵਿੱਚੋਂ 500 ਫੁੱਟ ਤੇ ਜਾ ਕੇ ਵੀ ਪਾਣੀ ਨਹੀਂ ਲੱਭਣਾ ਅਤੇ ਫਿਰ ਪੰਜ ਦਰਿਆਵਾਂ ਵਾਲੇ ਪੰਜਾਬ ਦਾ ਉਜਾੜਾ ਹੋਣ ਤੋਂ ਕੋਈ ਨਹੀਂ ਰੋਕ ਸਕੇਗਾ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।