ਸ਼ਾਟ ਸਰਕਿਟ ਕਾਰਨ ਲੱਗੀ ਅੱਗ ਨਾਲ ਘਰੇਲੂ ਸਮਾਨ ਹੋਇਆ ਸੁਆਹ

Last Updated: Feb 13 2018 14:24

ਬਿਜਲੀ ਦਾ ਸ਼ਾਟ ਸਰਕਿਟ ਹੋਣ ਕਰਕੇ ਸ਼ਹਿਰ ਦੇ ਪੁਰਾਣੇ ਬਜ਼ਾਰ ਸਥਿਤ ਮੁਹੱਲਾ ਉੱਚਾ ਵੇਹੜਾ ਇਲਾਕੇ 'ਚ ਬੀਤੀ ਸ਼ਾਮ ਇੱਕ ਮਕਾਨ ਦੀ ਰਸੋਈ 'ਚ ਅੱਗ ਲੱਗ ਗਈ, ਜਿਸ ਕਾਰਨ ਘਰੇਲੂ ਸਮਾਨ ਸੜ ਕੇ ਸੁਆਹ ਹੋ ਗਿਆ। ਜਦਕਿ ਰਸੋਈ ਅੰਦਰ ਪਏ ਗੈਸ ਸਿਲੰਡਰ ਨੂੰ ਅੱਗ ਲੱਗਣ ਤੋਂ ਹੋਏ ਬਚਾਅ ਦੇ ਚੱਲਦੇ ਵੱਡਾ ਹਾਦਸਾ ਹੋਣੋਂ ਟਲ ਗਿਆ। ਹਾਲਾਂਕਿ, ਅੱਗ ਲੱਗਣ ਦੀ ਘਟਨਾ 'ਚ ਰਸੋਈ ਵਿੱਚ ਪਿਆ ਫਰਿਜ, ਫਰਨੀਚਰ ਅਤੇ ਹੋਰ ਸਮਾਨ ਸੜ ਗਿਆ। ਮਕਾਨ ਮਾਲਕ ਵੱਲੋਂ ਰੌਲਾ ਪਾਏ ਜਾਣ 'ਤੇ ਇਕੱਠੇ ਹੋਏ ਮੁਹੱਲੇ ਦੇ ਲੋਕਾਂ ਨੇ ਸਮਾਂ ਰਹਿੰਦੇ ਅੱਗ 'ਤੇ ਕਾਬੂ ਪਾ ਲਿਆ। ਮਿਲੀ ਜਾਣਕਾਰੀ ਦੇ ਮੁਤਾਬਿਕ ਮੁਹੱਲਾ ਉੱਚਾ ਵੇਹੜਾ ਇਲਾਕੇ ਦੇ ਰਹਿਣ ਵਾਲੇ ਮਨੋਜ ਘਈ ਬੀਤੇ ਦਿਨ ਬਾਅਦ ਦੁਪਹਿਰ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਆਪਣੇ ਘਰ 'ਚ ਹੀ ਮੌਜੂਦ ਸੀ। ਬਿਜਲੀ ਦੇ ਸ਼ਾਟ ਸਰਕਿਟ ਹੋਣ ਕਾਰਨ ਰਸੋਈ 'ਚ ਬਿਜਲੀ ਦੀਆਂ ਤਾਰਾਂ ਨੂੰ ਅੱਗ ਲੱਗ ਗਈ। ਜਿਸਨੇ ਬਾਕੀ ਸਮਾਨ ਅਤੇ ਫਰਨੀਚਰ ਫਿਟਿੰਗ ਨੂੰ ਆਪਣੀ ਲਪੇਟ 'ਚ ਲੈ ਲਿਆ।

ਮਕਾਨ ਮਾਲਕ ਮਨੋਜ ਘਈ ਦਾ ਕਹਿਣਾ ਹੈ ਕਿ ਬਿਜਲੀ ਦੀ ਵੋਲਟੇਜ ਘੱਟ-ਵੱਧ ਆਉਣ ਕਰਕੇ ਤਾਰਾਂ 'ਚ ਸ਼ਾਟ ਸਰਕਿਟ ਹੋ ਗਿਆ, ਜਿਸ ਕਰਕੇ ਅੱਗ ਲੱਗੀ ਹੈ। ਅੱਗ ਲੱਗਣ ਦੇ ਬਾਅਦ ਰਸੋਈ 'ਚ ਪਿਆ ਫਰਿਜ, ਕੱਪਬੋਰਡ, ਘਰੇਲੂ ਸਮਾਨ, ਫਰਨੀਚਰ, ਡਿਨਰ ਸੈੱਟ ਆਦਿ ਸਮਾਨ ਸੜਕੇ ਖਾਕ ਹੋ ਗਿਆ। ਗਨੀਮਤ ਇਹ ਰਹੀ ਕਿ ਰਸੋਈ 'ਚ ਪਿਆ ਗੈਸ ਸਿਲੰਡਰ ਅੱਗ ਦੀ ਲਪੇਟ 'ਚ ਆਉਣ ਤੋਂ ਬਚਾਅ ਹੋ ਗਿਆ, ਜੇਕਰ ਸਿਲੰਡਰ ਨੂੰ ਅੱਗ ਲੱਗ ਜਾਂਦੀ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਉਨ੍ਹਾਂ ਨੇ ਅੱਗੇ ਦੱਸਿਆ ਕਿ ਰਸੋਈ ਚੋਂ ਧੂੰਆਂ ਨਿਕਲਦਾ ਦੇਖਕੇ ਜਦੋਂ ਉਸਨੇ ਅੰਦਰ ਜਾ ਕੇ ਦੇਖਿਆ ਤਾਂ ਰਸੋਈ 'ਚ ਅੱਗ ਲੱਗੀ ਹੋਈ ਸੀ। ਇਸਦੇ ਬਾਅਦ ਉਨ੍ਹਾਂ ਨੇ ਰੌਲਾ ਪਾਇਆ ਅਤੇ ਮੁਹੱਲੇ ਦੇ ਲੋਕ ਇਕੱਠੇ ਹੋ ਗਏ। ਜਿਸਦੇ ਬਾਅਦ ਲੋਕਾਂ ਨੇ ਰੇਤਾ ਅਤੇ ਪਾਣੀ ਪਾ ਕੇ ਲੱਗੀ ਹੋਈ ਅੱਗ ਨੂੰ ਬੁਝਾਇਆ। ਅੱਗ ਲੱਗਣ ਦੀ ਇਸ ਘਟਨਾ ਦੌਰਾਨ ਉਸਦਾ ਕਰੀਬ ਸਵਾ ਲੱਖ ਕੁਪਏ ਦਾ ਆਰਥਿਕ ਨੁਕਸਾਨ ਹੋ ਗਿਆ ਹੈ।