ਸ਼ਮਸ਼ਾਨਘਾਟ ਵਿਚ ਖੇਡਣ ਨੂੰ ਮਜਬੂਰ ਨੌਜਵਾਨ

Last Updated: Jan 13 2018 13:34

ਪੰਜਾਬ ਵਿੱਚ ਸਰਕਾਰਾਂ ਬੇਸ਼ੱਕ ਖੇਡ ਮੇਲੇ ਅਤੇ ਕਬੱਡੀ ਵਿਸ਼ਵ ਕੱਪ ਜਿਹੇ ਸ਼ਲਾਘਾ ਯੋਗ ਕੰਮ ਕਰਨ ਦੇ ਬਾਅਦ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਕਈ ਦਾਅਵੇ ਕਰਦੀ ਆ ਰਹੀ ਹੈ ਪਰ ਇਸ ਗੱਲ ਦਾ ਧਿਆਨ ਰਹੇ ਕਿ ਕੱਲੇ ਖੇਡ ਮੇਲਿਆਂ ਅਤੇ ਕਬੱਡੀ ਵਿਸ਼ਵ ਕੱਪ ਜਿਹੇ ਕੰਮ ਨਾਲ ਪੇਂਡੂ ਖੇਤਰ ਵਿਖੇ ਨੌਜਵਾਨਾਂ ਨੂੰ ਪ੍ਰੋਤਸਾਹਨ ਨਹੀਂ ਮਿਲ ਪਾ ਰਿਹਾ। ਕਿਉਂਕਿ ਇਸ ਦੇ ਲਈ ਪੇਂਡੂ ਖੇਤਰ ਵਿਖੇ ਖੇਡਾਂ ਦੀ ਸੁਵਿਧਾਵਾਂ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ ਇਸ ਦੇ ਲਈ ਉਚਿੱਤ ਪ੍ਰਬੰਧ ਕਰਨ ਦੇ ਖੋਖਲੇ ਦਾਅਵੇ ਕੀਤੇ ਜਾਂਦੇ ਹਨ। ਅਜੇ ਤੱਕ ਪੇਂਡੂ ਇਲਾਕਿਆਂ ਦੇ ਖੇਡ ਸਟੇਡੀਅਮ, ਖੇਡ ਸਮਗਰੀ ਅਤੇ ਖੇਡ ਕੋਚ ਤੋਂ ਵਾਂਝੇ ਹਨ। ਖੇਡ ਸਟੇਡੀਅਮ ਨਾ ਹੋਣ ਕਾਰਨ ਨੌਜਵਾਨਾਂ ਨੂੰ ਸਰਕਾਰੀ ਸਕੂਲ ਜਾਂ ਫਿਰ ਸ਼ਮਸ਼ਾਨ ਘਾਟ ਜਿਹੀਆਂ ਥਾਵਾਂ 'ਤੇ ਖੇਡਣਾ ਪੈਂਦਾ ਹੈ ਜੋ ਕਿ ਪੰਜਾਬ ਸਰਕਾਰ ਲਈ ਸ਼ਰਮਨਾਕ ਗੱਲ ਹੈ।

ਗੱਲ ਜੇਕਰ ਪਠਾਨਕੋਟ ਦੇ ਹਲਕਾ ਭੋਆ ਦੀ ਕੀਤੀ ਜਾਵੇ ਤਾਂ ਹਲਕਾ ਪੂਰਨ ਰੂਪ ਤੋਂ ਭਾਰਤ ਪਾਕਿਸਤਾਨ ਦੀ ਸਰਹੱਦ ਨਾਲ ਸਟਿਆ ਹੋਇਆ ਹੈ। ਉੱਥੇ ਹੀ ਪਿਛਲੀ ਅਕਾਲੀ ਭਾਜਪਾ ਸਰਕਾਰ ਵੱਲੋਂ ਕਿਹਾ ਗਿਆ ਸੀ ਕਿ ਹਰ ਬਲਾਕ ਵਿੱਚ ਇੱਕ ਖੇਡ ਸਟੇਡੀਅਮ ਦੀ ਉਸਾਰੀ ਕੀਤੀ ਜਾਵੇਗੀ। ਪਰ 10 ਸਾਲ ਬਾਅਦ ਵੀ ਅਕਾਲੀ-ਭਾਜਪਾ ਸਰਕਾਰ ਵੱਲੋਂ ਕਿਸੇ ਵੀ ਬਲਾਕ ਵਿੱਚ ਇੱਕ ਵੀ ਸਟੇਡੀਅਮ ਨਹੀਂ ਬਣਵਾਇਆ ਗਿਆ। ਆਲਮ ਇਹ ਹੈ ਕਿ ਸਕੂਲਾਂ ਵਿੱਚ ਲੱਗੇ ਬਾਸਕਟਬਾਲ ਨੈੱਟ, ਜਿਮਨੇਜਿਅਮ ਹਾਲ ਆਦਿ ਖਸਤਾ ਹਾਲ ਹੋ ਚੁੱਕੇ ਹਨ। ਨੌਜਵਾਨ ਪੀੜੀ ਨੂੰ ਸਕੂਲਾਂ ਵਿੱਚ ਵੀ ਖੇਡਾਂ ਦੇ ਪ੍ਰਤਿ ਕੋਈ ਵੀ ਟਰੇਨਿੰਗ ਨਹੀਂ ਮਿਲ ਪਾ ਰਹੀ ਹੈ। ਇਹੋ ਕਾਰਨ ਹੈ ਕਿ ਉਚਿੱਤ ਪ੍ਰੋਤਸਾਹਨ ਨਾ ਮਿਲਣ ਦੇ ਕਾਰਨ ਨੌਜਵਾਨਾਂ ਦਾ ਹੁਨਰ ਇੱਥੇ ਹੀ ਦਮ ਤੋੜ ਦਿੰਦਾ ਹੈ। ਇਨ੍ਹਾਂ ਨੂੰ ਅੱਗੇ ਜ਼ਿਲ੍ਹਾ ਪੱਧਰੀ ਅਤੇ ਰਾਸ਼ਟਰ ਪੱਧਰੀ ਖੇਡਾਂ ਵਿੱਚ ਪੁੱਜਣ ਦਾ ਮੌਕਾ ਨਹੀਂ ਮਿਲਦਾ। 

ਇਸ ਦੀ ਜਿੰਦੀ ਜਾਗਦੀ ਮਿਸਾਲ ਸਰਹੱਦੀ ਕਸਬਾ ਖੋਜਗੀਚੱਕ ਨਿਵਾਸੀ ਮੀਨਾਕਸ਼ੀ ਹੈ, ਜਿਸ ਨੇ ਸਾਲ 2006 ਵਿੱਚ ਅਠਵੀਂ ਜਮਾਤ ਦੇ ਦੌਰਾਨ ਸੂਬਾ ਪੱਧਰੀ ਸਕੂਲੀ ਖੇਡ ਮੁਕਾਬਲਿਆਂ ਦੀ ਰਿਲੇ ਦੋੜ ਵਿੱਚ ਗੋਲਡ ਮੈਡਲ ਹਾਸਲ ਕੀਤਾ ਸੀ ਪਰ ਅੱਗੇ ਪ੍ਰਸ਼ਾਸਨ ਤੇ ਸਰਕਾਰ ਵੱਲੋਂ ਪ੍ਰੋਤਸਾਹਨ ਅਤੇ ਸਹਿਯੋਗ ਨਾ ਮਿਲਣ ਨਾਲ ਇਹ ਖਿਡਾਰੀ ਆਪਣੇ ਨੂੰ ਠਗਿਆ ਮਹਿਸੂਸ ਕਰਦੀ ਹੈ। ਇਸੇ ਤਰਾਂ ਪਿੰਡ ਅਨਿਆਲ ਵਾਸੀ ਸਪਨਾ ਦੇਵੀ ਵੀ ਸਰਕਾਰੀ ਅਣਦੇਖੀ ਦਾ ਸ਼ਿਕਾਰ ਬਨੀ, ਜਿਸ ਨੇ ਸਾਲ 2009 ਵਿੱਚ ਹਾਈ ਸਕੂਲ ਪੱਧਰੀ ਖੇਡਾਂ ਵਿੱਚ ਕਬੱਡੀ ਟੀਮ ਦੇ ਨਾਲ ਜਿੱਤ ਹਾਸਲ ਕਰ ਭਾਰਤ ਦੀ ਰਾਸ਼ਟਰੀ ਪੱਧਰੀ ਕਬੱਡੀ ਟੀਮ ਵਿੱਚ ਜੁੜਨ ਦਾ ਮਾਨ ਹਾਸਿਲ ਕੀਤਾ ਸੀ।

ਸਾਂਸਦ ਵਿਨੋਦ ਖੰਨਾ ਵੱਲੋਂ ਵੀ ਸਾਲ 2008 ਵਿੱਚ ਭੋਆ ਹਲਕਾ ਦੇ ਹਰ ਪਿੰਡ ਵਿੱਚ ਨੌਜਵਾਨਾਂ ਦੀ ਫਿਟਨੈੱਸ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਹੈਲਥ ਕਲੱਬ ਦੀ ਇਮਾਰਤ ਅਤੇ ਹੈਲਥ ਕਲੱਬ ਦੇ ਸਮਾਨ ਦੇ ਲਈ 2 ਲੱਖ ਰੁਪਏ ਦੀ ਗਰਾਂਟ ਯੋਜਨਾ ਸ਼ੁਰੂ ਕੀਤੀ ਗਈ ਸੀ ਪਰ ਜ਼ਿਕਰਯੋਗ ਹੈ ਕਿ ਜਿਸ ਪਿੰਡ ਵਿੱਚ ਵੀ ਇਹ ਕਲੱਬ ਫ਼ੰਡ ਦੀ ਕਮੀ ਦੇ ਕਾਰਨ ਹੋਲੀ ਹੋਲੀ ਖ਼ਤਮ ਹੋ ਗਏ। ਸਰਹੱਦੀ ਇਲਾਕੇ ਵਿੱਚ ਸਥਾਪਿਤ ਹਾਇਰ ਸੈਕੰਡਰੀ ਸਕੂਲਾਂ ਵਿੱਚ ਸਰਕਾਰ ਵੱਲੋਂ ਬਾਸਕਟਬਾਲ ਗਰਾਊਂਡ, ਬੈਡਮਿੰਟਨ ਮੈਦਾਨ ਆਦਿ ਦਾ ਪ੍ਰਬੰਧ ਤਾਂ ਕੀਤਾ ਗਿਆ ਪਰ ਇਨ੍ਹਾਂ ਸਕੂਲਾਂ ਵਿੱਚ ਖੇਡਾਂ ਦਾ ਸਾਮਾਨ ਖੇਡ ਕੋਚ ਆਦਿ ਦੀ ਵਿਵਸਥਾ ਨਾ ਹੋਣ ਕਾਰਨ ਧੂਲ ਚੱਟ ਰਿਹਾ ਹੈ। ਨੌਜਵਾਨਾਂ ਦਾ ਕਹਿਣਾ ਹੈ ਕਿ ਸਰਹੱਦੀ ਇਲਾਕੇ ਨੂੰ ਹਮੇਸ਼ਾ ਅਣਗੌਲਿਆ ਕੀਤਾ ਗਿਆ ਹੈ। ਕੋਈ ਵੀ ਸਰਕਾਰ ਆਉਣ ਉੱਪਰ ਇਸ ਇਲਾਕੇ ਵਿੱਚ ਕੋਈ ਵੀ ਖੇਡ ਸੁਵਿਧਾ ਉਪਲਬਧ ਨਹੀਂ ਕਰਵਾਈ ਜਾਂਦੀ ਜਿਸ ਕਾਰਨ ਸਰਹੱਦੀ ਇਲਾਕੇ ਦੇ ਨੌਜਵਾਨ ਵਧੀਆ ਖਿਡਾਰੀ ਹੋਣ ਦੇ ਬਾਵਜੂਦ ਵੀ ਚੰਗੀ ਸਿੱਖਿਆ ਨਾ ਮਿਲਣ ਕਾਰਨ ਅੱਗੇ ਨਹੀਂ ਵੱਧ ਪਾਉਂਦੇ

ਇਸ ਸੰਬੰਧ ਵਿੱਚ ਹਲਕੇ ਦੇ ਵਿਧਾਇਕ ਜੋਗਿੰਦਰ ਪਾਲ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਅਧੂਰੇ ਛੱਡੇ ਗਏ ਸਟੇਡੀਅਮਾਂ ਦਾ ਕੰਮ ਕਾਂਗਰਸ ਸਰਕਾਰ ਜਲਦ ਹੀ ਪੂਰਾ ਕਰਵਾਏਗੀ। ਸਰਹੱਦੀ ਕਸਬਾ ਬਮਿਆਲ ਵਿੱਚ ਜਲਦ ਹੀ ਇੱਕ ਖੇਡ ਸਟੇਡੀਅਮ ਬਣਾਉਣ ਦੀ ਯੋਜਨਾ ਤਿਆਰ ਕੀਤੀ ਗਈ ਹੈ ਅਤੇ ਸਟੇਡੀਅਮ ਤਿਆਰ ਕਰਵਾ ਨੌਜਵਾਨਾਂ ਦੇ ਸੁਪਨਿਆਂ ਨੂੰ ਸਾਕਾਰ ਕੀਤਾ ਜਾਵੇਗਾ।