ਲੱਗਦੈ, ਸਿੱਧੂ ਨਹੀਂ ਸੰਭਾਲਣਗੇ ਬਿਜਲੀ ਮੰਤਰਾਲਾ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jun 12 2019 19:23
Reading time: 1 min, 28 secs

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਮੰਤਰੀ ਮੰਡਲ ਵਿੱਚ ਜਿਹੜਾ ਰੱਦੋ ਬਦਲ ਕੀਤਾ ਹੈ, ਉਹ ਕੀ ਸੋਚ ਕੇ ਕੀਤਾ ਹੈ? ਉਸਤੇ ਤਾਂ ਬਿਹਤਰ ਚਾਨਣਾ ਖ਼ੁਦ ਕੈਪਟਨ ਅਮਰਿੰਦਰ ਸਿੰਘ ਹੀ ਪਾ ਸਕਦੇ ਹਨ, ਪਰ ਸਿਆਸੀ ਹਲਕਿਆਂ ਵਿੱਚ ਇਹ ਗੱਲ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਇਹ ਸਭ ਕੁਝ ਨਵਜੋਤ ਸਿੰਘ ਸਿੱਧੂ ਨੂੰ ਉਨ੍ਹਾਂ ਦੇ ਪੁਰਾਣੇ ਤੇ ਅਹਿਮ ਮੰਤਰਾਲੇ ਤੋਂ ਵੱਖ ਕਰਨ ਲਈ ਹੀ ਕੀਤਾ ਗਿਆ ਹੈ।

ਸਭ ਜਾਣਦੇ ਹਨ ਕਿ ਸਿੱਧੂ ਕੋਲੋਂ ਸਥਾਨਕ ਸਰਕਾਰਾਂ ਬਾਰੇ ਮੰਤਰਾਲਾ ਖੋਹ ਕੇ ਉਨ੍ਹਾਂ ਨੂੰ ਬਿਜਲੀ ਮੰਤਰਾਲਾ ਦੇ ਦਿੱਤਾ ਗਿਆ ਹੈ, ਪਰ ਬਾਵਜੂਦ ਇਸਦੇ ਉਨ੍ਹਾਂ ਨੇ ਹਾਲ ਦੀ ਘੜੀ ਆਪਣੇ ਨਵੇਂ ਮੰਤਰਾਲੇ ਦਾ ਚਾਰਜ ਨਹੀਂ ਸੰਭਾਲਿਆ ਹੈ। ਕਾਰਨ ਕੋਈ ਹੋਰ ਵੀ ਹੋ ਸਕਦਾ ਹੈ ਪਰ, ਸਿਆਸੀ ਹਲਕੇ ਘੁਸਰ ਮੁਸਰ ਕਰ ਰਹੇ ਹਨ ਕਿ ਸਿੱਧੂ ਆਪਣਾ ਨਵਾਂ ਮੰਤਰੀ ਮੰਡਲ ਐਨੀ ਅਸਾਨੀ ਨਾਲ ਨਹੀਂ ਸੰਭਾਲਣਗੇ, ਸ਼ਾਇਦ ਉਹ ਆਪਣੇ ਪੁਰਾਣੇ ਆਹੁਦੇ ਤੇ ਹੀ ਬਿਰਾਜਮਾਨ ਰਹਿਣਾ ਚਾਹੁੰਦੇ ਹਨ।

ਦੋਸਤੋਂ, ਸਚਾਈ ਕੀ ਹੈ ਉਹ ਆਉਣ ਵਾਲੇ ਦਿਨਾਂ ਵਿੱਚ ਸਾਹਮਣੇ ਆ ਹੀ ਜਾਣੀ ਹੈ, ਪਰ ਮਹਿਸੂਸ ਇਹ ਕੀਤਾ ਜਾ ਰਿਹਾ ਹੈ ਕਿ ਜਿਸ ਦਿਨ ਦਾ ਸਿੱਧੂ, ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨਾਲ ਮੁਲਾਕਾਤ ਕਰਕੇ ਆਏ ਹਨ, ਉਹ ਕੈਪਟਨ ਦੀ ਫ਼ੋਟੋ ਵੇਖ ਵੇਖ ਕੇ ਬੁੱਲੀਆਂ ਵਿੱਚ ਹੀ ਮੁਸਕਰਾਈ ਜਾ ਰਹੇ ਹਨ। ਯਕੀਨ ਨਾਲ ਨਹੀਂ ਕਿਹਾ ਜਾ ਸਕਦਾ ਕਿ ਸਿੱਧੂ ਨੂੰ ਆਪਣੇ ਮੰਤਰੀ ਮੰਡਲ ਵਿੱਚ ਤਬਦੀਲੀ ਹੋ ਜਾਣ ਦੀ ਆਸ ਨਹੀਂ ਹੋਵੇਗੀ।

ਸੂਤਰ ਦੱਸਦੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਨੇ 15 ਜੂਨ ਨੂੰ ਦਿੱਲੀ ਜਾਣਾ ਹੈ, ਰਾਹੁਲ ਗਾਂਧੀ ਨੂੰ ਮਿਲਣ ਲਈ। ਹੋ ਸਕਦੈ ਕਿ ਸਿੱਧੂ ਦੀ ਮੁਸਕਰਾਹਟ ਦਾ ਰਾਜ ਵੀ ਕੈਪਟਨ ਤੇ ਰਾਹੁਲ ਗਾਂਧੀ ਦੀ ਹੋਣ ਵਾਲੀ ਮੁਲਾਕਾਤ ਹੀ ਹੋਵੇ। ਸਿਆਸੀ ਮਾਹਰ ਇਹੀ ਅੰਦਾਜ਼ੇ ਲਗਾ ਰਹੇ ਹਨ ਕਿ ਹੋ ਸਕਦੈ ਕਿ ਨਵਜੋਤ ਸਿੰਘ ਸਿੱਧੂ, ਕੈਪਟਨ ਦੀ ਪੰਜਾਬ ਵਾਪਸੀ ਦੇ ਬਾਅਦ ਹੀ ਨਵਾਂ ਮੰਤਰਾਲਾ ਸੰਭਾਲਣ, ਉਹ ਮੰਤਰਾਲਾ ਬਿਜਲੀ ਮੰਤਰਾਲਾ ਹੀ ਹੋਵੇਗਾ, ਯਕੀਨ ਨਾਲ ਨਹੀਂ ਕਿਹਾ ਜਾ ਸਕਦਾ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।