ਲੋਹੜੀ ਦਾ ਤਿਉਹਾਰ, ਦੁਕਾਨਾਂ ਵਿੱਚ ਮੰਦਾ

Last Updated: Jan 12 2018 21:16

ਲੋਹੜੀ ਦਾ ਤਿਉਹਾਰ ਪੰਜਾਬ ਵਿੱਚ ਬੜੀ ਧੂਮ ਧਾਮ ਨਾਲ ਮਨਾਇਆ ਜਾਣ ਵਾਲਾ ਇੱਕ ਤਿਉਹਾਰ ਹੈ। ਜੋ ਆਮ ਲੋਕਾਂ ਲਈ ਖ਼ੁਸ਼ੀਆਂ ਖੇੜੇ ਲੈ ਕੇ ਆਉਂਦਾ ਹੈ ਅਤੇ ਲੋਕ ਵੀ ਇਸ ਨੂੰ ਬੜੇ ਜੋਸ਼ੋ ਖਰੋਸ਼ ਨਾਲ ਮਨਾਉਂਦੇ ਹਨ। ਪਰ ਕੇਂਦਰ ਸਰਕਾਰ ਦੇ ਦਿੱਤੇ ਗਏ ਚੰਗੇ ਦਿਨ ਆਉਣ ਦੇ ਭਰੋਸੇ ਤੋਂ ਆਮ ਲੋਕਾਂ ਦਾ ਭਰੋਸਾ ਉੱਠ ਗਿਆ ਲੱਗਦਾ ਹੈ। ਜਿਸ ਦਾ ਸਪਸ਼ਟ ਉਦਾਹਰਨ ਬਜ਼ਾਰਾਂ ਵਿੱਚ ਤਿਉਹਾਰਾਂ ਦੇ ਦਿਨਾਂ ਵਿੱਚ ਗਹਿਮਾ ਗਹਿਮੀ ਦੀ ਬਜਾਏ ਉੱਜੜਿਆਪਨ ਨਜ਼ਰ ਆਉਂਦਾ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਨੋਟਬੰਦੀ ਅਤੇ ਜੀ.ਐਸ.ਟੀ ਨੇ ਤਾਂ ਉਨ੍ਹਾਂ ਦੇ ਕੰਮ ਕਾਰ ਨੂੰ ਹੀ ਬੰਦ ਕੀਤੇ ਜਾਣ ਦੇ ਕਿਨਾਰੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਭਾਜਪਾ ਸਰਕਾਰ ਦੇ ਸਤਾ 'ਚ ਆਉਣ ਤੋਂ ਪਹਿਲਾਂ ਤਿਉਹਾਰਾਂ ਦੇ ਦਿਨ ਤੋਂ ਕੁੱਝ ਦਿਨ ਪਹਿਲਾਂ ਹੀ ਦੁਕਾਨਦਾਰਾਂ ਵੱਲੋਂ ਮੂੰਗਫਲੀ, ਗੱਚਕ 'ਤੇ ਰਿਉੜੀਆਂ ਸਟਾਕ ਕਰ ਲਈਆਂ ਜਾਂਦੀਆਂ ਸਨ ਪਰ ਇਸ ਬਾਰ ਲੋਹੜੀ ਦੇ ਤਿਉਹਾਰ ਤੋਂ ਇੱਕ ਦਿਨ ਪਹਿਲਾਂ ਤੱਕ ਦੁਕਾਨਦਾਰਾਂ ਦੀ ਦੁਕਾਨਦਾਰੀ ਫਿੱਕੀ ਜਾਪਦੀ ਹੈ।

ਸਥਾਨਕ ਦਾਣਾ ਮੰਡੀ, ਮੇਨ ਬਜ਼ਾਰ, ਠੰਡੀ ਸੜਕ, ਘੰਟਾ ਘਰ ਚੌਕ, ਬਲਵੀਰ ਬਸਤੀ, ਬਾਜ਼ੀਗਰ ਬਸਤੀ, ਡੋਗਰ ਬਸਤੀ 'ਤੇ ਕੰਮੇਆਣਾ ਚੌਕ ਦੇ ਆਸ-ਪਾਸ ਮੂੰਗਫਲੀ ਸੰਬੰਧਿਤ ਖਾਣ ਪੀਣ ਵਾਲੀਆਂ ਵਸਤੂਆਂ ਵੇਚ ਰਹੇ ਦੁਕਾਨਦਾਰਾਂ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਬਾਕੀ ਤਿਉਹਾਰਾਂ ਵਾਂਗ ਇਸ ਬਾਰ ਲੋਹੜੀ ਦਾ ਤਿਉਹਾਰ ਵੀ ਫਿੱਕਾ ਹੀ ਰਿਹਾ, ਕਿਉਂਕਿ ਪਹਿਲੇ ਤਿਉਹਾਰ ਨੋਟਬੰਦੀ ਤੇ ਜੀ.ਐਸ.ਟੀ ਨੇ ਠੰਢੇ ਬਸਤੇ 'ਚ ਪਾ ਦਿੱਤੇ ਤੇ ਲੋਹੜੀ ਦੇ ਤਿਉਹਾਰ ਤੋਂ ਮਹਿੰਗਾਈ ਦੇ ਝੰਬੇ ਲੋਕਾਂ ਨੇ ਪਾਸਾ ਵੱਟ ਲਿਆ। ਜਿਸ ਕਰਕੇ ਲੋਹੜੀ ਦਾ ਤਿਉਹਾਰ ਪਹਿਲਾ ਮੁਕਾਬਲੇ ਕਾਫ਼ੀ ਫਿੱਕਾ ਰਿਹਾ ਹੈ। ਵੱਧ ਰਹੀ ਮਹਿੰਗਾਈ ਕਾਰਨ ਲੋਕਾਂ ਨੇ ਖ਼ਰਚੇ ਸੀਮਤ ਕਰ ਲਏ ਹਨ। ਜਿਸ ਕਰਕੇ ਲਗਭਗ ਸਾਰੇ ਤਿਉਹਾਰਾਂ ਤੋਂ ਲੋਕ ਕੰਨੀ ਕਤਰਾਉਣ ਲੱਗ ਪਏ ਹਨ।