ਲੋਕਸਭਾ ਚੋਣਾਂ ਦੇ ਆਖ਼ਰੀ ਗੇੜ ਲਈ ਸੂਬੇ ਵਿੱਚ ਚੋਣ ਪ੍ਰਚਾਰ ਚਰਮ-ਸੀਮਾ 'ਤੇ ਪਹੁੰਚਿਆ

Last Updated: May 16 2019 15:01
Reading time: 2 mins, 55 secs

ਲੋਕਸਭਾ ਚੋਣਾਂ ਦੇ ਆਖ਼ਰੀ ਗੇੜ ਤਹਿਤ ਪੰਜਾਬ 'ਚ 19 ਮਈ ਐਤਵਾਰ ਨੂੰ ਹੋਣ ਜਾ ਰਹੇ ਮਹਾਂ ਚੋਣ ਦੰਗਲ ਵਿੱਚ ਵੱਧ ਤੋਂ ਵੱਧ ਸੀਟਾਂ 'ਤੇ ਜਿੱਤ ਦਰਜ਼ ਕਰਨ ਲਈ ਭਾਵੇਂ ਸੱਤਾਧਾਰੀ ਕਾਂਗਰਸ ਅਤੇ ਅਕਾਲੀ-ਭਾਜਪਾ ਵਰਗੀਆਂ ਰਿਵਾਇਤੀ ਪਾਰਟੀਆਂ ਤੋਂ ਇਲਾਵਾ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਟਕਸਾਲੀ ਅਤੇ ਪੰਜਾਬ ਡੈਮੋਕ੍ਰੇਟਿਕ ਦੇ ਉਮੀਦਵਾਰਾਂ ਵੱਲੋਂ ਵੀ ਜ਼ੋਰਾਂ-ਸ਼ੋਰਾਂ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ, ਪਰ ਇਸ ਮਹਾਂ ਚੁਣਾਵੀ ਦੰਗਲ ਵਿੱਚ ਸੱਤਾਧਾਰੀ ਕਾਂਗਰਸ ਅਤੇ ਅਕਾਲੀ-ਭਾਜਪਾ ਵਰਗੀਆਂ ਰਿਵਾਇਤੀ ਰਾਜਨੀਤਿਕ ਪਾਰਟੀਆਂ ਦੇ ਜ਼ੋਰਦਾਰ ਸ਼ੋਰਗੁੱਲ ਵਿੱਚ ਸੂਬੇ ਦੇ ਚੋਣ ਮੈਦਾਨ ਵਿੱਚ ਨਿੱਤਰਨ ਵਾਲੀਆਂ ਬਾਕੀ ਸਿਆਸੀ ਪਾਰਟੀਆਂ ਦੀ ਮੌਜੂਦਗੀ ਨਾਂ-ਮਾਤਰ ਵਰਗੀ ਲੱਗ ਰਹੀ ਹੈ। ਭਾਵੇਂ 2014 ਦੀਆਂ ਲੋਕਸਭਾ ਚੋਣਾਂ ਵਿੱਚ ਦੇਸ਼ ਦੇ ਸਿਆਸੀ ਧਰਾਤਲ 'ਤੇ ਵਿੱਚ ਨਵੀਂ ਉੱਭਰੀ 'ਆਮ ਆਦਮੀ ਪਾਰਟੀ' ਨੇ ਪੰਜਾਬ ਦੇ ਚਾਰ ਲੋਕਸਭਾ ਹਲਕਿਆਂ ਤੋਂ ਜਿੱਤ ਦਰਜ਼ ਕਰਕੇ ਦੇਸ਼ ਦੀ ਸਭ ਤੋਂ ਪੁਰਾਣੀ ਕਾਂਗਰਸ ਪਾਰਟੀ ਨੂੰ ਪਛਾੜ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ, ਪਰ ਮੌਜੂਦਾ ਸਮੇਂ ਖੇਰੂੰ-ਖੇਰੂੰ ਹੋ ਚੁੱਕੀ ਇਸ ਪਾਰਟੀ ਦਾ ਸੂਬੇ ਵਿੱਚ ਕੋਈ ਖ਼ਾਸ ਅਧਾਰ ਨਹੀਂ ਰਹਿ ਗਿਆ, ਜਿਸ ਦੇ ਚੱਲਦਿਆਂ ਇਨ੍ਹਾਂ ਲੋਕਸਭਾ ਚੋਣਾਂ ਵਿੱਚ 'ਆਮ ਆਦਮੀ ਪਾਰਟੀ' ਤੋਂ ਪਹਿਲਾਂ ਦੀ ਤਰ੍ਹਾਂ ਕਿਸੇ ਖ਼ਾਸ ਕ੍ਰਿਸ਼ਮੇ ਦੀ ਆਸ ਨਹੀਂ ਕੀਤੀ ਜਾ ਸਕਦੀ।

ਇਸ ਤੋਂ ਇਲਾਵਾ ਪੰਜਾਬ ਵਿਧਾਨਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਹੇ ਸੁਖਪਾਲ ਸਿੰਘ ਖਹਿਰਾ ਵੱਲੋਂ ਆਪ ਤੋਂ ਵੱਖ ਹੋ ਕੇ ਸੰਗਠਿਤ ਕੀਤੀ ਗਈ 'ਪੰਜਾਬੀ ਏਕਤਾ ਪਾਰਟੀ' ਅਤੇ ਲੁਧਿਆਣਾ ਤੋਂ ਉਨ੍ਹਾਂ ਦੇ ਸਹਿਯੋਗੀ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਦੀ 'ਲੋਕ ਇਨਸਾਫ਼ ਪਾਰਟੀ' ਦੀ ਸ਼ਮੂਲੀਅਤ ਵਾਲੇ 'ਪੰਜਾਬ ਡੈਮੋਕ੍ਰੇਟਿਕ ਐਲਾਇੰਸ' ਦੇ ਉਮੀਦਵਾਰਾਂ ਵੱਲੋਂ ਵੀ ਵਧੀਆ ਕਾਰਗੁਜ਼ਾਰੀ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਸੂਬੇ ਦੇ ਮੌਜੂਦਾ ਸਿਆਸੀ ਸਮੀਕਰਨ ਇਸੇ ਗੱਲ ਦੀ ਪ੍ਰੋੜ੍ਹਤਾ ਕਰ ਰਹੇ ਹਨ, ਕਿ ਲੋਕਸਭਾ ਚੋਣਾਂ ਦੇ ਇਸ ਮਹਾਂ-ਦੰਗਲ ਵਿੱਚ ਮੁੱਖ ਮੁਕਾਬਲਾ ਸੱਤਾਧਾਰੀ ਕਾਂਗਰਸ ਅਤੇ ਅਕਾਲੀ-ਭਾਜਪਾ ਵਰਗੀਆਂ ਸਥਾਪਿਤ ਪਾਰਟੀਆਂ ਦਰਮਿਆਨ ਹੀ ਹੋਣ ਜਾ ਰਿਹਾ ਹੈ।
 
ਜਿਕਰਯੋਗ ਹੈ ਕਿ ਦੇਸ਼ ਦੀਆਂ ਆਮ ਚੋਣਾਂ ਦੇ ਇਸ ਆਖ਼ਰੀ ਗੇੜ ਵਿੱਚ ਵੀ ਹੁਣ ਸਿਰਫ ਦੋ ਕੁ ਦਿਨ ਦਾ ਸਮਾਂ ਬਾਕੀ ਰਹਿ ਗਿਆ ਹੈ, ਅਤੇ ਆਖ਼ਰੀ ਗੇੜ ਦੀਆਂ ਇਨ੍ਹਾਂ ਲੋਕਸਭਾ ਚੋਣਾਂ ਦੇ ਪ੍ਰਚਾਰ ਦੇ ਥੰਮਣ ਵਿੱਚ ਵੀ ਗਿਣਤੀ-ਮਿਣਤੀ ਦਾ ਸਮਾਂ ਰਹਿ ਜਾਣ ਕਰਕੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਦਿੱਗਜ਼ ਆਗੂ ਵੀ ਆਪਣੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਪੂਰੇ ਜ਼ੋਰਾਂ-ਸ਼ੋਰਾਂ ਨਾਲ ਜੁੱਟ ਗਏ ਹਨ। ਪੰਜਾਬ ਵਿੱਚ ਦੋਵੇਂ ਪ੍ਰਮੁੱਖ ਮੁਕਾਬਲੇਬਾਜ਼ ਸਿਆਸੀ ਧਿਰਾਂ ਕਾਂਗਰਸ ਅਤੇ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰਾਂ ਦੇ ਮਦਦ ਵਿੱਚ ਆਖ਼ਰੀ ਹੱਲਾ ਮਾਰਨ ਲਈ ਦੋਹਾਂ ਹੀ ਪਾਰਟੀਆਂ ਦੇ ਦਿੱਗਜ਼ ਆਗੂਆਂ ਵੱਲੋਂ ਵੀ ਸੂਬੇ ਦੇ ਵੱਖ-ਵੱਖ ਹਲਕਿਆਂ ਵਿੱਚ ਸਿਆਸੀ ਰੈਲੀਆਂ ਅਤੇ ਰੋਡ-ਸ਼ੋਅ ਕੀਤੇ ਜਾ ਰਹੇ ਹਨ। ਇਉਂ ਪ੍ਰਤੀਤ ਹੋ ਰਿਹਾ ਹੈ ਕਿ ਦੇਸ਼ ਦੀ ਕੇਂਦਰੀ ਸੱਤਾ 'ਤੇ ਕਾਬਜ਼ ਹੋਣ ਲਈ ਭਾਜਪਾ ਅਤੇ ਕਾਂਗਰਸ ਪਾਰਟੀ ਦਰਮਿਆਨ 'ਸਿਰ ਧੜ੍ਹ ਦੀ ਬਾਜ਼ੀ' ਲੱਗੀ ਹੋਈ ਹੈ, ਜਿਸ ਦੇ ਚੱਲਦਿਆਂ ਇੱਕ ਪਾਸੇ ਜਿੱਥੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਅਤੇ ਉਨ੍ਹਾਂ ਦੀ ਭੈਣ ਪ੍ਰਿਅੰਕਾ ਗਾਂਧੀ ਨੇ ਵੀ ਪਾਰਟੀ ਦੇ ਉਮੀਦਵਾਰਾਂ ਦੀ ਚੋਣ ਮੁਹਿੰਮ ਨੂੰ ਸਿਖ਼ਰਾਂ 'ਤੇ ਪਹੁੰਚਾਉਣ ਲਈ ਪੰਜਾਬ ਵੱਲ ਦਾ ਰੁੱਖ ਕੀਤਾ ਹੋਇਆ ਹੈ, ਉੱਥੇ ਅਕਾਲੀ-ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰਾਂ ਦੀ ਚੋਣ ਮੁਹਿੰਮ ਨੂੰ ਆਖ਼ਰੀ ਹੁਲਾਰਾ ਮਾਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ, ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵਰਗੇ ਵੱਡੇ ਨੇਤਾਵਾਂ ਤੋਂ ਇਲਾਵਾ ਪ੍ਰਸਿੱਧ ਫ਼ਿਲਮ ਸਟਾਰ ਧਰਮਿੰਦਰ ਅਤੇ ਉਨ੍ਹਾਂ ਦੀ ਪਤਨੀ ਅਭਿਨੇਤਰੀ ਹੇਮਾ ਮਾਲਿਨੀ ਵੀ ਪੰਜਾਬ ਤੋਂ ਚੋਣ ਲੜ੍ਹ ਰਹੇ ਪਾਰਟੀ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਉਚੇਚੇ ਤੌਰ 'ਤੇ ਪਹੁੰਚੇ ਹੋਏ ਹਨ। ਲੋਕਸਭਾ ਚੋਣਾਂ ਦੇ ਇਸ ਮਹਾਂ-ਦੰਗਲ ਵਿੱਚ ਵੱਧ ਤੋਂ ਵੱਧ ਸੀਟਾਂ ਜਿੱਤਣ ਦੀ ਦੌੜ ਵਿੱਚ ਲੱਗੀਆਂ ਸਾਰੀਆਂ ਹੀ ਸਿਆਸੀ ਪਾਰਟੀਆਂ ਵੱਲੋਂ ਆਪਣੀ ਜਿੱਤ ਨੂੰ ਯਕੀਨੀ ਬਣਾਉਣ ਲਈ ਤਾਂ ਭਾਵੇਂ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਅਤੇ ਵੋਟਰਾਂ ਨੂੰ ਆਪਣੇ ਹੱਕ ਵਿੱਚ ਕਰਨ ਲਈ ਕਈ ਤਰ੍ਹਾਂ ਦੇ ਪਾਪੜ ਵੇਲੇ ਜਾ ਰਹੇ ਹਨ, ਪਰ ਲੋਕਾਂ ਨੇ ਦੇਸ਼ ਦੀ ਵਾਗਡੋਰ ਕਿਸ ਦੇ ਹੱਥ ਵਿੱਚ ਦੇਣ ਦਾ ਮਨ ਬਣਾਇਆ ਹੋਇਆ ਹੈ, ਇਸ ਦਾ ਪਤਾ ਤਾਂ 23 ਮਈ ਨੂੰ ਹੀ ਲੱਗੇਗਾ।