ਇੱਕ ਖ਼ਤ ਸਿਆਸਤਦਾਨਾਂ ਦੇ ਨਾਂਅ

Last Updated: Jun 15 2019 18:25
Reading time: 2 mins, 48 secs

ਮੇਰਾ ਇਹ ਇੱਕ ਖ਼ਤ ਏ, ਪਤਾ ਨਹੀਂ ਕਿਸਦੇ ਨਾਂਅ? ਸ਼ਾਇਦ ਸਿਆਸਤ ਦਾਨਾਂ ਦੇ ਨਾਂਅ ਜਾਂ ਉਨ੍ਹਾਂ ਨੂੰ ਚੁਣਨ ਵਾਲੇ ਸੌ ਕਰੋੜ ਭਾਰਤੀਆਂ ਦੇ ਨਾਂਅ। ਮੈਂ ਬਹੁਤ ਕੋਸ਼ਿਸ਼ ਕਰਦੀ ਹਾਂ ਕਿ ਬਲਾਤਕਾਰ ਜਿਹੇ ਮੁੱਦੇ ਤੇ ਮੈਂ ਜ਼ਿਆਦਾ ਸੋਚਾਂ ਜਾਂ ਫਿਰ ਲਿਖਾਂ ਨਾ, ਕਿਉਂਕਿ ਇਹੋ ਜਿਹੀਆਂ ਘਟਨਾਵਾਂ ਨੂੰ ਸੁਣਨਾ ਜਾਂ ਫਿਰ ਉਨ੍ਹਾਂ ਤੇ ਲਿਖਣਾ ਇੱਕ ਸੰਵੇਦਨਸ਼ੀਲ ਬੰਦੇ ਨੂੰ ਕਈ ਦਿਨਾਂ ਤੱਕ ਅਸਹਿਜ ਕਰ ਦਿੰਦਾ ਏ।

ਮੇਰੀ ਦਾਦੀ ਆਖਿਆ ਕਰਦੀ ਸੀ, "ਕਿ ਔਰਤ ਦਾ ਤਾਂ ਸਿਵਾ ਵੀ ਸੁੰਨਾ ਨਹੀਂ ਛੱਡਣਾ ਚਾਹੀਦਾ, ਅਰਥ ਮੈਂ ਜਾਣਦੀ ਹਾਂ, ਮੁਲਕ ਕੰਜਕਾਂ ਪੂਜਦਾ ਏ, ਔਰਤ ਨੂੰ ਦੇਵੀ ਕਹਿਕੇ ਸਾਰੀ ਦੁਨੀਆ ਵਿੱਚ ਪਵਿੱਤਰ ਹੋਣ ਦਾ ਢੌਂਗ ਰਚਦਾ ਏ, ਗਊ ਨੂੰ ਮਾਤਾ, ਸੱਪ ਨੂੰ ਦੇਵਤਾ, ਪਾਣੀ ਅੱਗ, ਹਵਾ, ਦਰਖ਼ਤ ਕਿੰਨੇ ਹੀ ਜਾਨਵਰਾਂ ਨੂੰ ਪੂਜਣ ਯੋਗ ਮੰਨਦਾ ਏ, ਤੇ ਉਸੇ ਮੁਲਕ 'ਚ ਕੁੱਝ ਕੁ ਦਿਨਾਂ ਦੀ ਬੱਚੀ ਤੋਂ ਲੈ ਕੇ ਬਿਰਧ ਉਮਰ ਦੀ ਔਰਤ ਨਾਲ ਬਲਾਤਕਾਰਾਂ ਦੀ ਗਿਣਤੀ ਦੁਨੀਆ ਦੇ ਹਾਸ਼ੀਏ ਤੇ ਸਭ ਤੋਂ ਜ਼ਿਆਦਾ ਹੋਣੀ, ਮੈਂ ਇਸ ਨੂੰ ਤੁਹਾਡੀ ਡਿੱਗ ਚੁੱਕੀ, ਗਰਕ ਚੁੱਕੀ ਤੇ ਹੈਵਾਨੀਅਤ ਨਾਲ ਭਰੀ ਉਸ ਕਿਹੜੀ ਪ੍ਰਾਪਤੀ ਚ ਗਿਣਾਂ ਕਿ ਤੁਹਾਨੂੰ ਸ਼ਰਮ ਮਹਿਸੂਸ ਹੋਵੇ?

ਸੰਸਦ ਚ ਸੰਘ ਪਾੜ-ਪਾੜ ਕੇ ਵਿਰੋਧੀਆਂ ਦੇ ਕੰਨਾਂ ਦੇ ਪਰਦੇ ਫਾੜਨ ਵਾਲੇ, ਇਹੋ ਜਿਹੇ ਘਿਨੌਣੇ ਜੁਰਮਾਂ ਤੇ ਸਿਆਸਤ ਨਾ ਕਰਨ ਇਹ ਕੋਈ ਵੱਡੀ ਗੱਲ ਨਹੀਂ, ਪਰ ਕਾਸ਼ ਕਦੀ ਤੁਸੀਂ ਕਿਸੇ ਇੱਕ ਮਾਂ, ਇੱਕ ਪਿਤਾ ਦਾ ਜਾਂ ਇੱਕ ਧੀ ਦਾ ਦਰਦ ਸਮਝ ਜਾਓ ਤਾਂ ਮੁਜ਼ੱਫਰਪੁਰ ਜਿਹੇ ਕਾਂਡ ਇੰਝ ਸਾਡੇ ਮੂੰਹਾਂ ਤੇ ਚਪੇੜ ਵਾਂਗ ਨਾ ਹੁੰਦੇ।

ਮਾਪਿਆਂ ਤੋਂ ਵਿਹੂਣੀਆਂ ਧੀਆਂ ਸਰਕਾਰਾਂ ਦੀ ਸ਼ਰਨ ਚ ਜਾਂਦੀਆਂ ਨੇ, ਤੇ ਸਰਕਾਰਾਂ ਦੇ ਚਹੇਤੇ ਉਨ੍ਹਾਂ ਦਾ ਬਲਾਤਕਾਰ ਕਰਦੇ ਨੇ ਉੱਚੀਆਂ ਪਹੁੰਚਾਂ ਕਰਕੇ। ਇੱਕ ਹੈਵਾਨ ਵੱਲੋਂ 34 ਬੱਚੀਆਂ ਦਾ ਬਲਾਤਕਾਰ ਇਤਿਹਾਸ ਚ ਇੱਕ ਕਾਲਖ ਤਰਾਂ ਰਹੇਗਾ ਜਿਸਨੂੰ ਤੁਸੀਂ ਕਦੀ ਧੋਅ ਨਹੀਂ ਸਕਦੇ । 

ਅਫ਼ਸੋਸ ਨਿਆਂ ਕਰਨ ਵਾਲੇ ਤੁਹਾਡੇ ਚਹੇਤਿਆਂ ਦਾ ਰਸੂਖ਼ ਦੇਖਦੇ ਨੇ ਕਾਸ਼ ਕਿਰਦਾਰ ਵੇਖਣ ਦੀ ਹਿੰਮਤ ਕਰ ਲੈਣ ਤਾਂ ਹੋਰ ਬ੍ਰਿਜੇਸ਼ ਕੁਮਾਰ ਜਿਸਮ ਦੀ ਭੁੱਖ ਚ ਅੰਨ੍ਹੇ ਹਵਸੀ ਇਸ ਤਰਾਂ ਦੀ ਹਿੰਮਤ ਨਾ ਕਰਦੇ।

ਪੂਰੀ ਦੁਨੀਆ ਚ ਘੁੰਮ ਕੇ ਆਪਣੀਆਂ ਪ੍ਰਾਪਤੀਆਂ ਸੁਣਾਉਣ ਦੀ ਬਜਾਏ ਮੁਲਕ ਦੀ ਅਸਲੀਅਤ ਤੇ ਝਾਤ ਮਾਰਨੀ ਜ਼ਿਆਦਾ ਜ਼ਰੂਰੀ ਏ, ਇਹ ਦੱਸੋ, ਗੁਡੀਆ, ਦਾਮਿਨੀ, ਆਸਿਫਾ ਤਾਂ ਸਾਡੇ ਮੁਲਕ ਦੀਆਂ ਧੀਆਂ ਸਨ ਤੇ ਮੁਜ਼ੱਫਰਪੁਰ ਵਰਗੇ ਕਾਂਡ ਸਾਡੀਆਂ ਧੀਆਂ ਨਾਲ ਹੀ ਹੋ ਰਹੇ ਨੇ ਤੇ ਸਾਡੀ ਢਿੱਲੀ ਰਾਜਨੀਤਕ ਵਿਵਸਥਾ ਸਾਡੀ ਪ੍ਰਸ਼ਾਸਨਿਕ ਵਿਵਸਥਾ ਦਾ ਸਾਹ ਇਸ ਤਰਾਂ ਘੁੱਟਕੇ ਰੱਖਦੀ ਏ ਕਿ ਨਿਆਂ ਦੀ ਉਮੀਦ ਨਾ-ਮਾਤਰ ਹੋਣ ਨਾਲ ਅਪਰਾਧੀਆਂ ਦੇ ਹੌਂਸਲੇ ਬੁਲੰਦ ਕਰਨ ਚ ਕਿੰਨਾ ਵੱਡਾ ਹੱਥ ਏ ਰਾਜਨੀਤੀ ਦਾ।

ਅਸੀਂ ਸੌ ਕਰੋੜ ਭਾਰਤੀ ਕੀ ਚੁਣਦੇ ਹਾਂ, ਅਨਪੜ੍ਹ, ਲਾਲਚੀ, ਕੁਰਸੀ ਦੇ ਭੁੱਖੇ ਸਿਆਸਤਦਾਨ ਜਿਨ੍ਹਾਂ ਨੂੰ ਮੁਲਕ ਦੀ ਬੇਟੀ ਨਾਲੋਂ ਇੱਕ ਗਾਂ ਲਈ ਜ਼ਿਆਦਾ ਕਰੜੇ ਕਾਨੂੰਨ ਦੀ ਜ਼ਰੂਰਤ ਮਹਿਸੂਸ ਹੋਈ, ਮੈਨੂੰ ਲੱਗਦਾ ਕਿ ਵਤਨ ਦੀ ਹਰ ਧੀ ਨੂੰ ਜਲਣ ਹੋ ਰਹੀ ਹੋਣੀ ਏ ਗਊ ਮਾਤਾ ਨਾਲ, ਘੱਟੋ ਘੱਟ ਸੜਕਾਂ ਤੇ ਜਾਂਦੀ, ਉਨ੍ਹਾਂ ਲਲਚਾਈਆਂ ਨਜ਼ਰਾਂ, ਕੱਪੜਿਆਂ ਚੋਂ ਵੀ ਔਰਤ ਦੇ ਜਿਸਮ ਨੂੰ ਟਟੋਲਦੀਆਂ ਨਜ਼ਰਾਂ, ਮਾਸੂਮ ਬੱਚੀਆਂ ਚੋਂ ਵੀ ਔਰਤ ਦੇ ਸਰੀਰ ਨੂੰ ਨੋਚ ਲੈਣ ਵਾਲੀ ਭੁੱਖ ਵਾਲੀ ਸੋਚ ਦਾ ਸਾਹਮਣਾ ਉਸ ਨੂੰ ਨਹੀਂ ਕਰਨਾ ਪੈਂਦਾ।

ਅਸੀਂ ਘਰਾਂ, ਬਜ਼ਾਰਾਂ, ਦਫ਼ਤਰਾਂ ਤੋਂ ਲੈ ਕੇ ਸਕੂਲਾਂ ਵਿੱਚ ਆਪਣੀ ਇਸ ਕਾਇਆ ਨੂੰ ਬਚਾਉਣ ਦੇ ਫ਼ਿਕਰਾਂ ਚ ਸਾਡੇ ਤੇ ਲਾਈ ਜਾਂਦੀ ਹਰ ਸਮਾਜਿਕ ਪਾਬੰਦੀ ਨੂੰ ਸਿਰ ਝੁਕਾ ਕੇ ਪ੍ਰਵਾਨ ਕਰਨ ਲਈ ਮਜਬੂਰ ਹਾਂ ਪਰ ਤੁਹਾਡੀ ਫ਼ਿਤਰਤ ਫਿਰ ਵੀ ਦਿਨ ਬ ਦਿਨ ਔਰਤ ਦੇ ਜਿਸਮ ਨੂੰ ਨੋਚ ਲੈਣ ਦੀ ਫ਼ਿਤਰਤ ਨੂੰ ਮਰਦਾਨਗੀ ਸਮਝੀ ਜਾਂਦੀ ਏ ।

ਕਿੰਨੇ ਬਲਾਤਕਾਰੀ ਬਾਬੇ ਜੋ ਸਰਕਾਰਾਂ ਦੀ ਵੋਟ ਬੈਂਕ ਬਣ ਸਰਕਾਰਾਂ ਦੀ ਸ਼ੈਅ ਤੇ ਹੀ ਇਸ ਘਿਨਾਉਣੇ ਜੁਰਮ ਚ ਜੇਲ੍ਹ ਦੀ ਹਵਾ ਖਾ ਰਹੇ ਨੇ ਜਿਨ੍ਹਾਂ ਨੂੰ ਸਿਆਸਤਦਾਨ ਤਾਰੀਫ਼ਾਂ ਦੇ ਪੁਲ ਬੰਨ ਬੰਨ ਸ਼ਹਿ ਦਿੰਦੇ ਨੇ।

ਇਸ ਸਮੇਂ ਸਭ ਤੋਂ ਵੱਡੀ ਲੋੜ ਏ, ਆਪਣੀਆਂ ਧੀਆਂ ਦੀ ਰੱਖਿਆ ਆਪ ਕਰਨ ਦੀ, ਦੁਨੀਆ ਦੀ ਸੈਰ ਤੇ ਗਇਆਂ ਦਾ ਕੋਈ ਲੇਖਾ ਨਹੀਂ ਕਦੋਂ ਘਰ ਪੈਰ ਪੈਣਾ।