ਵੱਡੀਆਂ ਕਾਰਾਂ ਛੋਟੇ ਦਿਲ....

Last Updated: Jun 08 2019 15:38
Reading time: 2 mins, 48 secs

ਮੈਂ ਕਈ ਵਾਰ ਸੋਚਿਆ ਕਿ ਇਹ ਗੱਲਾਂ ਲਿਖਾਂ, ਪਰ ਘਟਨਾਵਾਂ ਪੁਰਾਣੀਆਂ ਹੋ ਜਾਂਦੀਆਂ ਤਾਂ ਫਿਰ ਆਖ ਦਿੰਦੀ ਹਾਂ ਕਦੀ ਫਿਰ ਸਹੀ।

ਅਕਸਰ ਵੇਖੀਦੈ ਸੜਕਾਂ 'ਤੇ ਹੁਣ ਹਾਦਸੇ ਆਮ ਹੀ ਹੋ ਗਏ ਨੇਂ, ਜਿੰਨਾ  ਲੋਕਾਂ ਨੇਂ ਦੋ ਪਹੀਆ 'ਤੇ ਚੌਂਹ ਪਈਆਂ ਦਾ ਖਿਲਾਰਾ ਪਾਇਆ ਉਸ ਹਿਸਾਬ ਨਾਲ ਇਹ ਹੋਣਾ ਵੱਡੀ ਗੱਲ ਨਹੀਂ ਹੈ । 
ਆਪਣੀ ਆਪਣੀ ਲੋੜ, ਸ਼ੌਕ ਤੇ ਟੌਹਰ ਦਾ ਸਬੱਬ ਏ ਸਾਰਾ, ਪਿੱਛੇ ਜਿਹੇ ਅੱਖੀਂ ਵੇਖੇ ਦੋ ਹਾਦਸਿਆਂ ਮਨ ਜਿਹਾ ਦੁਖਾਇਆ, ਮੈਨੂੰ ਪਤਾ ਵੀ ਮੇਰੇ ਲਿਖਣ ਨਾਲ ਤੁਹਾਨੂੰ ਖ਼ਾਸ ਫ਼ਰਕ ਨਹੀਂ ਪੈਣਾ ਪਰ ਚੱਲੋ  ਕੋਈ ਤਾਂ ਪੜਕੇ ਕੁੱਝ ਸੋਚੂ।

ਇੱਕ ਦਿਨ ਥਾਪਰ ਯੂਨੀਵਰਸਿਟੀ ਦੇ ਸਾਹਮਣੇ ਇੱਕ ਵੱਡੀ ਕਾਰ 'ਚ ( ਮਹਿੰਗੀ ਨਾਂ ਨੀਂ ਲਿਖਦੀ )  ਟਵੇਰਾ ਦਾ ਮਾਮੂਲੀ ਜਿਹਾ ਐਕਸੀਡੈਂਟ ਹੋਇਆ, ਵੱਡੀ ਕਾਰ ਦੇ ਬੰਪਰ 'ਚ ਹਲਕਾ ਜਿਹਾ ਸਕਰੈਚ ਆਇਆ, ਉਹ ਵੀ ਟਵੇਰਾ 'ਚ ਪਿੱਛਿਓਂ ਹੀ ਮਾਮੂਲੀ ਜਿਹੀ ਟਕਰਾਈ, ਵੱਡੀ ਗੱਡੀ ਵਾਲਾ ਉੱਤਰ ਕੇ ਪਾਰਾ ਉਤਾਂਹ ਚੜਾਂ ਕੇ ਗਾਲੋ ਗਾਲੀ ਹੋਣ ਲੱਗ ਪਿਆ, ਕਹਿੰਦਾ
" ਤੂੰ ਗ਼ਲਤ ਬਰੇਕਾਂ ਲਾਈਆਂ"।

ਉਹ ਵਿਚਾਰਾ ਟਵੇਰਾ ਵਾਲਾ ਸਵਾਰੀਆਂ ਲਿਜਾ ਰਿਹਾ ਸੀ ਕਿਸੇ ਗਮੀਂ ਦੇ ਸਮਾਗਮ 'ਤੇ, ਬੀਬੀਆਂ ਦੇ ਸਿਰ ਤੇ ਲਏ ਸਫ਼ੇਦ ਦੁਪੱਟੇ ਇਸ ਗੱਲ ਦੀ ਗਵਾਹੀ ਭਰ ਰਹੇ ਸਨ ।
ਉੱਥੇ ਭੀੜ ਜਮਾ ਹੋ ਗਈ, ਜਾਮ  ਲੱਗ ਗਿਆ, ਪੁਲਿਸ ਥਾਣਾ ਬਿਲਕੁਲ ਨਾਲ ਏ, ਉਹ ਉਨ੍ਹਾਂ ਨੂੰ ਉਹਦੇ ਨਾਲ ਪਾਸੇ ਲੈ ਗਏ । ਗੱਲ ਕੀ ਕੁੱਝ ਲੈ ਕੇ ਹੀ ਨਿਬੇੜਾ ਕੀਤਾ ਹੋਣਾ ਗਰਮ ਮਿਜਾਜ਼ੀ ਨੇਂ ।

ਇਸ ਤਰਾਂ ਹੀ ਇੱਕ ਘੋੜਾ ਗੱਡੀ ਵੱਜ ਗਈ ਸੀ ਇੱਕ ਕਾਰ 'ਚ, ਉਸ ਬੰਦੇ ਨੇਂ ਵੀ ਮਾਮੂਲੀ ਨੁਕਸਾਨ 'ਤੇ ਉਸ ਵਿਚਾਰੇ ਗ਼ਰੀਬ ਦੇ ਕਈ ਚਪੇੜਾਂ ਮਾਰ ਦਿੱਤੀਆਂ ।

ਹੁਣ ਗੱਲ ਇਹ ਹੈ ਵੀ ਮੈਂ ਇਹ ਨਹੀਂ ਕਹਿੰਦੀ ਕਿ ਆਪਣੇ ਨੁਕਸਾਨ ਕਰਵਾਈ ਜਾਓ, ਪਰ ਕਿਸੇ ਸਾਹਮਣੇ ਵਾਲੇ ਦੀ ਹੈਸੀਅਤ ਵੀ ਵੇਖ ਲਿਆ ਕਰੋ ਭਾਈ, ਹਾਂ ਕਿਸੇ ਨਸ਼ਾ ਕੀਤਾ ਏ ਜਾਂ ਸੱਚ 'ਚ ਹੀ ਗ਼ਲਤੀ ਏ ਤਾਂ ਨਸੀਹਤ ਲਈ ਉਹਨੂੰ ਸਬਕ ਜ਼ਰੂਰ ਦਿਓ, ਪਰ ਜੇ ਇੰਨੀਆਂ ਮਹਿੰਗੀਆਂ ਗੱਡੀਆਂ ਲੈ ਕੇ ਸੜਕਾਂ 'ਤੇ ਨਿਕਲਦੇ ਹੋ ਤਾਂ ਜ਼ਮੀਰਾਂ ਵੀ ਵੱਡੀਆਂ ਲੈ ਕੇ ਨਿੱਕਲਿਆ ਕਰੋ । ਇੰਨੀਆਂ ਮਹਿੰਗੀਆਂ ਕਾਰਾਂ ਵਾਲੀ ਜੇਬ ਇੰਨਾ ਕੁ ਤਾਂ ਝੱਲਦੀ ਹੀ ਹੋਣੀ ਏ, ਬਾਕੀ ਭਾਈ ਇੰਸ਼ੋਰੈਂਸ ਪਾਲਿਸੀ ਵੀ ਪਹਿਲਾਂ ਹੀ ਹੁੰਦੀ ਏ ਕਾਰਾਂ ਦੀ । ਦੂਜਾ ਗੱਡੀਆਂ ਸੜਕਾਂ 'ਤੇ ਲੈ ਕੇ ਨਿਕਲਦੇ ਹੋ ਤਾਂ ਇਹ ਗੱਲ ਵੀ ਸੋਚ ਕੇ ਨਿੱਕਲਿਆ ਕਰੋ ਕਿ ਹਾਦਸੇ ਵੀ ਹੋ ਸਕਦੇ ਨੇਂ ਤੇ ਇੰਨਾ ਨਾਲ ਮਾਮੂਲੀ ਘਾਟੇ ਵਾਧੇ ਹੁੰਦੇ ਹੀ ਰਹਿਣੇ ਨੇਂ । ਮਰਨ ਵਾਲੇ ਨਾਂ ਹੋ ਜਾਇਆ ਕਰੋ ।
   
ਬਰੈਂਡਡ ਕੱਪੜੇ ਪਾਉਂਦੇ ਹੋ, ਮਹਿੰਗੇ-ਮਹਿੰਗੇ, ਦਸ-ਦਸ ਹਜ਼ਾਰ ਦੀਆਂ ਸ਼ਰਟਾਂ ਪੈਂਟਾਂ, ਉਹ ਘਸਦੇ ਪਾੜਦੇ ਨੇਂ ਭਾਈ, ਉਹਦਾ ਗ਼ੁੱਸਾ ਫਿਰ ਕਿਸ 'ਤੇ ਲਾਉਂਦੇ ਹੋ ? 
ਮਹਿੰਗਿਆਂ ਹੋਟਲਾਂ 'ਚ ਖ਼ਾਕੇ ਖਾਣੇ ਅੱਧਾ ਵਿੱਚ ਛੱਡਣ ਨੂੰ ਸ਼ਾਨ ਸਮਝਣ ਵਾਲੇ, ਵੱਡੇ ਰਿਸ਼ਤੇਦਾਰਾਂ ਦੇ ਘਰ ਦਿਖਾਵੇ ਲਈ ਵੱਧ ਤੋਂ ਵੱਧ ਲਿਜਾਣ ਵਾਲੇ ਅਸੀਂ ਜ਼ਮੀਰਾਂ ਵੱਲੋਂ ਇੰਨੇ ਗ਼ਰੀਬ ਕਿਉਂ ਹਾਂ ? 

ਬਰੈਂਡਡ ਕੱਪੜਿਆਂ 'ਤੇ ਪੱਕੇ ਕੀਮਤ ਦੇ ਟੈਗ ਹੁੰਦੇ ਨੇਂ, ਉੱਥੇ ਕਾਰਡ ਸਕਰੈਚ ਕਰਦਿਆਂ ਦਿਲ ਨੀਂ ਹੌਲਦਾ, ਕਾਰ 'ਤੇ ਪਏ ਸਕਰੈਚ ਮਿੰਟ 'ਚ ਤੁਹਾਡੀ ਸਾਰੀ ਜ਼ਮੀਰ ਮਾਰ ਦਿੰਦਾ ਏ ।
ਦੁਨੀਆ 'ਤੇ ਸਦਾ ਨੀਂ ਰਹਿਣਾ, ਪਰ ਹਾਂ ਲੋਕਾਂ ਦੇ ਦਿਲਾਂ 'ਚ ਸਦਾ ਲਈ ਵੱਸਦੇ ਰਹਿ ਸਕਦੇ ਹੋ । 
   
ਜੇ ਹੋ ਸਕਦਾ, ਕਿਸੇ ਦੀ ਜ਼ਿੰਦਗੀ ਸੰਵਾਰਨ ਦੀ ਸੋਚਿਆ ਕਰੋ, ਜੇ ਉਸ ਮਾਲਕ ਨੇ ਜੇਬ ਰਤਾ ਝੱਲਦੀ ਦਿੱਤੀ ਏ ਤਾਂ ਕਿਸੇ ਵੱਲ ਹੱਥ ਵਧਾ ਲਿਆ ਕਰੋ, ਤੁਸੀਂ ਕਿਸਮਤ ਵਾਲੇ ਹੋ ਰੱਬ ਨੇਂ ਦਿੱਤਾ ਪਰ ਜੇ ਇਹੋ ਲੱਛਣ ਰਹੇ ਤਾਂ ਇਹ ਜ਼ਿਆਦਾ ਦੇਰ ਨਸੀਬ ਨਹੀਂ ਹੋਣਾ, ਉਂਝ ਹੀ ਨਾਂ ਬਦ-ਦੁਆਵਾਂ ਲੈਂਦੇ ਤੁਰੇ ਫਿਰੋ।
   
ਕਦੀ ਆਪਣੇ ਤੋਂ ਵੱਡੀ ਹੈਸੀਅਤ ਵਾਲਾ ਟੱਕਰ ਗਿਆ ਤਾਂ ਹਿਸਾਬ ਦੇਣਾ ਡਾਢਾ ਔਖਾ ਹੋ ਜਾਂਦਾ ਏ ਇਸ ਲਈ ਜਿੰਦੜੀ ਨੂੰ ਅਮੀਰ ਰੱਖ ਦਿਲਾਂ ਦੇ ਸ਼ਹਿਨਸ਼ਾਹ ਬਣਨਾ ਸਿੱਖੋ, ਤਾਂ ਜੋ ਇੱਕ ਵਾਰ ਮਿਲ ਲਵੇ, ਆਖੇ ਤਾਂ ਸਹੀ "ਇੱਕ ਦਰਵੇਸ਼ ਮਿਲਿਆ ਸੀ ਇੱਕ ਦਿਨ"।