ਕਹਾਣੀ ਦਾ ਨਾਂਅ: ਮੈਂ

Last Updated: May 30 2019 15:56
Reading time: 0 mins, 57 secs

"ਅੰਮੀ ਮੈਂ ਸ਼ਕਲੋਂ ਸੋਹਣੀ ਨਹੀਂ ਸਾਂ, ਉਹ ਤਮਾਮ ਦਿਨ ਇਹੋ ਸ਼ਿਕਵੇ ਕਰਦਾ ਰਿਹਾ, ਮੇਰੀਆਂ ਅੱਖਾਂ ਤੋਂ ਲੈ ਕੇ ਹਰ ਨਕਸ਼ 'ਚ ਕਮੀਆਂ ਲੱਭੀਆਂ ਉਹਨੇ, ਉੱਚੀ ਹੱਸਦੀ, ਤਾਂ ਜ਼ਹਿਰ ਵਰਗੀ ਲੱਗਦੀ ਸਾਂ ਉਹਨੂੰ, ਕਦੀ-ਕਦੀ ਕੋਈ ਪੁਰਾਣੀ ਕਿਤਾਬ ਕੱਢ ਪੜਨ ਬੈਠਦੀ ਤਾਂ ਕਹਿੰਦਾ ਕੁੜੀਆਂ ਨੂੰ ਪੜਾ ਕੇ ਸਿਰੇ ਚੜ੍ਹਾ ਲੈਂਦੈ ਨੇ ਲੋਕੀ।" 

ਤੈਨੂੰ ਯਾਦ ਹੀ ਹੋਣਾ, ਇਹਦੇ ਮਾਪੇ ਆਏ ਸੀ ਮੈਨੂੰ ਵੇਖਣ, ਕਹਿੰਦੇ, "ਡਿਗਰੀਆਂ ਦਾ ਝੋਲਾ ਤੁਹਾਡੀ ਧੀ ਦੇ ਨਕਸ਼ਾਂ ਤੇ ਮੁਹਾਂਦਰੇ ਨੂੰ ਹੋਰ ਵੀ ਨਿਖਾਰਦਾ ਏ, ਸਾਨੂੰ ਧੀ ਚਾਹੀਦੀ ਏ ਸਾਡੇ ਘਰ ਲਈ।" ਪਰ ਕਾਸ਼ ਅੰਮੀ ਉਹ ਆਪਣੇ ਲਈ ਧੀ ਨਾ ਲੱਭਦੇ ਪੁੱਤਰ ਲਈ ਉਹਦੀ ਘਰਦੀ ਲੱਭਦੇ। ਉਹਦੀ ਰੂਹ ਦੇ ਹਾਣਦੀ। ਪਰ ਮੈਨੂੰ ਲੱਗਦਾ ਉਹ ਨਕਸ਼ਾਂ ਦਾ ਸੋਹਣਾ ਰੂਹ ਦੀ ਸਾਥਣ ਨਹੀਂ, ਗੋਰੀ ਦੁੱਧ ਵਰਗੀ ਦੇਹੀ ਲੱਭਦਾ ਸੀ। ਮੁਆਫ਼ ਕਰੀ ਮੈਂ ਉਹ ਨਹੀਂ ਸਾਂ।

ਅੰਮੀ ਤੂੰ ਮੇਰੀ ਰੂਹ ਨੂੰ ਸੁਆਰਦੀ ਰਹੀ, ਕਾਸ਼ ਕਦੇ ਦੱਸਿਆ ਹੁੰਦਾ ਧੀਆਂ ਦੀ ਦੇਹੀ ਦਾ ਮੁੱਲ ਜ਼ਿਆਦਾ ਪੈਂਦਾ। ਧੀ ਦਾ ਆਖਰੀ "ਖ਼ਤ" ਪੜ ਕੇ ਉਹਦੀ ਨਜ਼ਰ ਉਸ ਪੱਖੇ ਵੱਲ ਚਲੀ ਗਈ ਜਿਸਨੇ ਉਹਦੀ ਧੀ ਨੂੰ...। ਉਹ ਸੋਚ ਰਹੀ ਸੀ, ਉਹਨੇ ਤੇਰਾ ਰਤਾ ਮੁੱਲ ਨਾ ਪਾਇਆ, ਮੈਂ ਤਮਾਮ ਉਮਰ ਨਹੀਂ ਭੁੱਲ ਸਕਣਾ, ਪਰ ਤੇਰੀ ਰੂਹ ਨੂੰ ਸਾਰੀ ਉਮਰ ਲਾ ਕੇ ਸੰਵਾਰਿਆ ਸੀ ਮੈਂ ਉਹਦਾ ਮੁੱਲ ਕਿਸ ਤੋਂ ਮੰਗਾਂ? ਕੁਝ ਹਾਦਸਿਆਂ ਲਈ ਜ਼ਿਆਦਾ ਸ਼ਬਦ ਵੀ ਨਹੀਂ ਲੱਭਦੇ।