"ਤੁਹਾਡੀ ਅਸਲ ਜਾਇਦਾਦ ਖ਼ਤਰੇ 'ਚ ਏ" (ਭਾਗ 2)

Last Updated: May 25 2019 16:03
Reading time: 3 mins, 35 secs

ਇੱਕ ਖੇਡ ਅਧਿਕਾਰੀ ਨੇ ਕਿਸੇ ਮੁਕਾਬਲੇ 'ਚ ਖੇਡ ਰਹੇ ਆਪਣੇ ਬੱਚੇ ਨੂੰ ਮਹਿਜ਼ ਇੱਕ ਪੁਆਇੰਟ ਤੇ ਹਾਰਦਿਆਂ ਵੇਖ ਕੇ ਵੀ ਜਿਤਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਉਹ ਆਪਣੇ ਬੱਚੇ ਦੇ ਅੱਗੇ ਇੱਕ ਚੰਗੀ ਉਦਾਹਰਨ ਬਣਨਾ ਚਾਹੁੰਦਾ ਸੀ। ਉਸ ਫੈਸਲੇ ਦੇ ਸਤਿਕਾਰ 'ਚ ਪੁੱਤਰ ਵੱਲੋਂ ਪਾਈ ਗਲਵੱਕੜੀ ਹਰ ਮੈਡਲ ਤੋਂ ਉੱਪਰ ਸੀ ਉਸ ਪਿਤਾ ਲਈ, ਜਿੱਥੇ ਹਾਰੇ ਪੁੱਤਰ ਨੂੰ ਇਮਾਨਦਾਰੀ ਦੀ ਸਿੱਖਿਆ ਦੇ ਉਹ ਦੁਨੀਆ ਹਰ ਸ਼ੈਅ ਨੂੰ ਜਿੱਤ ਗਿਆ ਸੀ ਅੱਜ। ਪਿਛਲੇ ਭਾਗ 'ਚ ਮੈਂ ਲਿਖਿਆ ਸੀ ਕਿ ਕਿੰਝ ਬੇਰੰਗ ਚਿਹਰਿਆਂ ਵਾਲੇ ਨਿਆਣੇ ਤੇ ਮਾਪਿਆਂ ਦੁਆਰਾ ਪਹਿਲੀ ਕਤਾਰ ਦੀ ਹੋੜ ਤੇ ਅਧਿਆਪਕਾਂ ਤੇ ਵਧ ਰਿਹਾ ਬੇਲੋੜੇ ਸਵਾਲਾਂ ਦਾ ਬੋਝ ਮਾਸੂਮੀਅਤ ਤੇ ਕਿੰਨਾ ਵੱਡਾ ਅੱਤਿਆਚਾਰ ਏ। ਹੁਣ ਗੱਲ ਦੂਜੀ ਤੁਹਾਡੇ 'ਚੋਂ ਕਿੰਨੇ ਕੁ ਮਾਪੇ ਨੇ ਜੋ ਇਹ ਸੋਚਦੇ ਜਾਂ ਕਿਸੇ ਅਧਿਆਪਕ ਨਾਲ ਇਹ ਗੱਲਬਾਤ ਕਰਦੇ ਨੇ ਕਿ "ਸਾਡੇ ਨਿਆਣੇ ਚੰਗੇ ਇਨਸਾਨ ਬਣਨ ਦੀ ਕਤਾਰ 'ਚ ਕਿੱਥੇ ਕੁ ਖਲੋਤੇ ਨੇ? ਪਹਿਲੀ ਕਤਾਰ ਦਾ ਵਿਦਿਆਰਥੀ, ਪਹਿਲੀ ਕਤਾਰ ਦਾ ਡਾਂਸਰ, ਗਾਇਕ, ਅਦਾਕਾਰ, ਖਿਡਾਰੀ ਜ਼ਰੂਰੀ ਨਹੀਂ ਪਹਿਲੀ ਕਤਾਰ ਦਾ ਇਨਸਾਨ ਬਣੇ। ਬਹੁਤ ਮਹਿੰਗੇ ਸਕੂਲਾਂ 'ਚ ਪੜ੍ਹਨ ਵਾਲੇ ਉਨ੍ਹਾਂ ਬਹੁਤ ਬੱਚਿਆਂ ਨੂੰ ਮੈਂ ਨੇੜਿਓਂ ਜਾਣਦੀ ਹਾਂ ਜੋ ਗੁਣਾਂ ਪੱਖੋਂ ਜੇ ਗੱਲ ਕਰਾਂ ਤਾਂ ਸੌ ਵਾਰ ਸੋਚਣ ਤੇ ਵੀ ਖਾਲੀ ਜਾਪਦੇ ਨੇ। ਜੇ ਤੁਹਾਡੇ ਨਿਆਣੇ 'ਚ ਘਰ ਆਏ ਮਹਿਮਾਨ ਨੂੰ ਬਲਾਉਣ ਦਾ ਚੱਜ ਨਾ ਹੋਵੇ, ਦੁੱਖ ਤੇ ਸੁੱਖ 'ਚ ਤੁਹਾਨੂੰ ਪੁੱਛਣ ਦੀ ਅਕਲ ਹੀ ਨਾ ਹੋਵੇ, ਤਾਂ ਯਕੀਨ ਕਰਿਓ ਤੁਸੀਂ ਸਿਰਫ ਤੇ ਸਿਰਫ ਮਸ਼ੀਨ ਨੂੰ ਸਹੀ ਤਰੀਕੇ ਨਾਲ ਚਲਾਉਣ ਦੇ ਖਰਚੇ ਉਠਾ ਰਹੇ ਹੋ ਇੱਕ ਨਿਆਣੇ ਦੀ ਪਰਵਰਿਸ਼ ਨਹੀਂ ਕਰ ਰਹੇ।

ਕੁੱਝ ਦਿਨ ਪਹਿਲਾਂ ਕਿਸੇ ਨੂੰ ਮਿਲਣ ਦਾ ਮੌਕਾ ਮਿਲਿਆ, ਚੌਦਾਂ ਵਰ੍ਹਿਆਂ ਦਾ ਪੁੱਤਰ ਹਥਿਆਰਾਂ ਦੀਆਂ ਤਸਵੀਰਾਂ ਫੋਨ 'ਚ ਰੱਖਦਾ ਏ, ਜ਼ਿਹਨ 'ਚ ਇਹ ਚੀਜ਼ਾਂ ਚਿੰਤਾ ਬੀਜ ਰਹੀਆਂ ਹਨ। ਇੱਕ ਪਿਤਾ ਸੋਚਾਂ 'ਚ ਏ ਕਿ ਇਸਦਾ ਹੱਲ ਕੀ ਏ? ਕੀ ਕਦੀ ਵਧੀਆ ਸਕੂਲਾਂ 'ਚ ਦਾਖਲਾ ਕਰਾਉਣ ਵੇਲੇ ਤੁਸੀਂ ਪੁੱਛਿਆ ਏ ਕਿ ਸਵੀਮਿੰਗ, ਘੋੜਸਵਾਰੀ, ਖੇਡਾਂ ਤੇ ਪੜ੍ਹਾਈ ਤੋਂ ਇਲਾਵਾ ਉਹ ਕਿੰਨਾ ਸਮਾਂ ਏ ਜੋ ਤੁਹਾਡੇ ਸਕੂਲ ਵੱਲੋਂ ਸਾਡੇ ਬੱਚਿਆਂ 'ਚ ਚੰਗੇ ਗੁਣ ਭਰਨ ਤੇ ਦਿੱਤਾ ਜਾਂਦਾ ਏ? ਪੜ੍ਹਾਈ ਜ਼ਰੂਰੀ ਏ ਪਰ ਸਿਰਫ ਪੜ੍ਹਾਈ ਹੀ ਜ਼ਰੂਰੀ ਨਹੀਂ। ਉਸਦੇ ਆਲੇ ਦੁਆਲੇ ਹੋਰ ਵੀ ਬਹੁਤ ਕੁੱਝ ਏ ਜੋ ਤੁਹਾਡੇ ਦਾਇਰੇ ਤੋਂ ਬਾਹਰ ਏ। ਜਦੋਂ ਤੁਸੀਂ ਘਰ 'ਚ ਆਪਣੇ ਬੱਚੇ ਨਾਲ ਹਰ ਵਿਸ਼ੇ ਤੇ ਗੱਲ ਕਰਦੇ ਹੋ, ਉਸਨੂੰ ਚੰਗੀ ਤੇ ਬੁਰੀ ਗੱਲ ਦਾ ਅਰਥ ਦੱਸਦੇ ਹੋ ਤਾਂ ਯਕੀਨਨ ਬੱਚੇ ਨੂੰ ਅਜਿਹੇ ਬਹੁਤ ਸਾਰੇ ਸਵਾਲਾਂ ਦੇ ਅਰਥ ਸਮਝ ਆ ਜਾਂਦੇ ਨੇ ਜਿਨ੍ਹਾਂ ਪ੍ਰਤੀ ਉਸਦਾ ਨਜ਼ਰੀਆ ਉਹਨੂੰ ਖੁਦ ਪਤਾ ਨਹੀਂ ਹੁੰਦਾ।

ਉਨ੍ਹਾਂ ਤੋਂ ਹੱਥੀਂ ਥੋੜ੍ਹੇ ਥੋੜ੍ਹੇ ਕੰਮ ਕਰਾਇਆ ਕਰੋ, ਛੋਟੀਆਂ ਛੋਟੀਆਂ ਜ਼ਿੰਮੇਵਾਰੀਆਂ ਮੋਢਿਆਂ ਤੇ ਹੋਣ ਤਾਂ ਨੇਕ ਦਿਲੀ ਤੇ ਜ਼ਿੰਮੇਵਾਰੀ ਦੀ ਭਾਵਨਾ ਆਉਂਦੀ ਏ, ਇਹ ਨਹੀਂ ਵੀ ਰਾਜਾ ਬੇਟਾ ਤਾਂ ਚਾਂਦੀ ਦਾ ਚਮਚ ਲੈ ਕੇ ਪੈਦਾ ਹੋਇਆ। ਉਨ੍ਹਾਂ ਦੇ ਨਿੱਜੀ ਕੰਮ ਉਨ੍ਹਾਂ ਨੂੰ ਖੁਦ ਕਰਨ ਦਿਓ। ਧੀ ਹੋਵੇ ਜਾਂ ਪੁੱਤਰ ਜੋ ਕੰਮ ਇੱਕ ਕਰ ਸਕਦਾ ਏ ਉਹ ਦੂਸਰੇ ਨੂੰ ਸਿਖਾਓ। ਇੱਕ ਚੰਗੇ ਅਫ਼ਸਰ ਦੀਆਂ ਧੀਆਂ ਨੇ ਉਨ੍ਹਾਂ ਨੂੰ ਪਾਲਦੇ ਨੌਕਰ ਹੱਥੋਂ ਉਨ੍ਹਾਂ ਦੇ ਹੋ ਰਹੇ ਸ਼ੋਸ਼ਣ ਦਾ ਖੁਲਾਸਾ ਉਸ ਸਮੇਂ ਕੀਤਾ ਜਦੋਂ ਖੁਦ ਉਨ੍ਹਾਂ ਨੂੰ ਇਸ ਦੀ ਸਮਝ ਆਈ, ਉਨ੍ਹਾਂ ਦੇ ਮਾਪਿਆਂ ਦੀ ਅਣਗਹਿਲੀ ਕਦੀ ਸਮਝ ਨਹੀਂ ਸਕੀ ਕਿ ਉਨ੍ਹਾਂ ਦੀਆਂ ਧੀਆਂ ਨਾਲ ਕੀ ਹੋ ਸਕਦਾ ਸੀ। ਇਹ ੳਹੋ ਜਿਹੇ ਮਾਪੇ ਹੁੰਦੇ ਨੇ ਜੋ ਬੱਚੇ ਦੀ ਹੈਸੀਅਤ ਚੰਗੇ ਵਿਦਿਆਰਥੀ ਵਾਲੀ ਕਤਾਰ ਤੋਂ ਹੀ ਨਾਪਦੇ ਨੇ, ਚੰਗਾ ਸਕੂਲ, ਚੰਗਾ ਖਾਣਾ, ਚੰਗੇ ਕੱਪੜੇ, ਚੰਗਾ ਘਰ ਨਿਆਣਿਆਂ ਨੂੰ ਚੰਗਾ ਬਚਪਨ ਨਹੀਂ ਦੇ ਸਕਦਾ। ਕਾਰਾਂ, ਕੋਠੀਆਂ, ਜ਼ਮੀਨਾਂ ਤੁਹਾਡੀ ਜਾਇਦਾਦ ਨਹੀਂ ਜਿਸ ਤੇ ਵਰਤਮਾਨ ਖਰਚ ਰਹੇ ਹੋ, ਇਹ ਤੁਹਾਡੀ ਜਾਇਦਾਦ ਏ ਜੋ ਅੱਜ ਮੋਬਾਈਲਾਂ, ਕਿਤਾਬਾਂ ਦੇ ਢੇਰਾਂ, ਇੰਟਰਨੈੱਟ ਦੇ ਝੋਲ, ਤੇ ਆਉਣ ਵਾਲੇ ਸਮੇਂ 'ਚ ਨਸ਼ਿਆਂ 'ਚ ਉਲਝ ਜਾਏਗੀ। 

ਇੱਕ ਅਫ਼ਸਰ ਨੇ ਇੱਕ ਮੁਕਾਬਲੇ ਨੂੰ ਇਸ ਚੱਕਰ 'ਚ ਚਾਰ ਵਾਰ ਸਿਫਾਰਸ਼ਾਂ ਦੇ ਸਿਰ ਤੇ ਦੁਬਾਰਾ ਕਰਾਇਆ ਕਿਉਂਕਿ ਉਹ ਆਪਣੇ ਬੱਚੇ ਦੀ ਹਾਰ ਬਰਦਾਸ਼ਤ ਨਹੀਂ ਕਰ ਪਾ ਰਿਹਾ ਸੀ, ਅੱਗੋਂ ਸੋਚੋ ਇਹੋ ਜਿਹੀ ਸ਼ਹਿ 'ਚ ਪਲਿਆ ਨਿਆਣਾ ਭਵਿੱਖ 'ਚ ਕਿਹੋ ਜਿਹਾ ਬਣੇਗਾ। ਬਹੁਤੀਆਂ ਸਹੂਲਤਾਂ ਦੇਣ ਦੇ ਚੱਕਰ 'ਚ ਮਿਹਨਤ ਦੇ ਅਰਥ ਭੁਲਾ ਦਿਓਂਗੇ ਬੱਚਿਆਂ ਨੂੰ। ਜਿੰਨਾ ਤਪਣਗੇ ਉਨ੍ਹਾਂ ਨਿੱਖਰਿਆ ਭਵਿੱਖ ਹੋਵੇਗਾ। ਬਿਜਲੀ ਦੀ ਦੁਕਾਨ ਤੇ ਕੰਮ ਕਰਦੇ ਇੱਕ ਬਜ਼ੁਰਗ ਨੂੰ ਵੇਖ ਇੱਕ ਨਿੱਕੀ ਜਿਹੀ ਕੁੜੀ ਜਦੋਂ ਆਪਣੀ ਮਾਂ ਨੂੰ ਆਖਦੀ ਏ ਕਿ, "ਇਹ ਬਾਬਾ ਬਜ਼ੁਰਗ ਏ, ਇਹਦੇ ਨਾਲ ਮੈਂ ਕੰਮ ਕਰਾ ਦਿਆਂ ? ਜੇਬ 'ਚ ਪਾਈ ਇਕਲੌਤੀ ਚਾਕਲੇਟ ਵੀ ਕੱਢਕੇ ਜਦੋਂ ਬੱਚਾ ਕਿਸੇ ਗਰੀਬ ਬੱਚੇ ਵੱਲ ਵਧਾਏ ਤਾਂ ਫਖਰ ਹੁੰਦਾ ਏ ਕਿ ਉਨ੍ਹਾਂ ਨੇ ਸਹੀ ਰਾਹਾਂ ਤੇ ਕਦਮ ਵਧਾ ਲਏ ਨੇ ਹੁਣ ਸਿਰਫ ਜ਼ਰੂਰਤ ਉਨ੍ਹਾਂ ਨੂੰ ਸਹੀ ਘੜਨ ਦੀ ਏ। ਯਾਦ ਰੱਖੋ ਇਨਸਾਨ 'ਚੋਂ ਇਨਸਾਨੀਅਤ ਦੀ ਮਹਿਕ ਆਉਣੀ ਚਾਹੀਦੀ ਏ ਬੋਅ ਨਹੀਂ। ਭਾਵਨਾਵਾਂ ਨਾਲ ਭਰੇ ਇਨਸਾਨ ਬਣਾਓ। ਬਿਨਾਂ ਭਾਵਨਾਵਾਂ ਦੀਆਂ ਮਸ਼ੀਨਾਂ ਨਹੀਂ। ਸਿਰਫ ਮੈਂ ਉੱਤਮ ਵਾਲੇ ਭਰਮ ਨਾਲ ਭਰਿਆਂ ਦਾ ਨਤੀਜਾ ਬਹੁਤ ਭਿਆਨਕ ਹੋਏਗਾ, ਰੱਬ ਨਾ ਕਰੇ ਤੁਹਾਡੇ ਨਿਆਣੇ ਉਸ ਵਿੱਚ ਹੋਣ।