ਦੂਰ ਗਿਆਂ ਦੀਆਂ ਪੀੜਾਂ

Last Updated: May 18 2019 16:19
Reading time: 2 mins, 28 secs

22 ਕੁ ਵਰ੍ਹੇ ਪਹਿਲਾਂ ਦੀ ਗੱਲ ਏ, ਜਦੋਂ ਮੇਰਾ ਭਰਾ ਪਹਿਲੀ ਵਾਰ ਵਤਨੋਂ ਦੂਰ ਗਿਆ ਸੀ, ਭੋਰਾ ਵੀ ਰੋਣਾ ਨੀ ਸੀ ਆਇਆ, ਵੀਰਾ ਬਹੁਤੇ ਸਮੇਂ ਸਾਡੇ ਕੋਲ ਪਿੰਡ ਹੀ ਰਹਿੰਦਾ ਸੀ, ਮੇਰੀ ਭੈਣ (ਮਾਸੀ ਦੀ ਧੀ) ਲੁਧਿਆਣੇ ਹੋਸਟਲ ਚ ਰਹਿੰਦੀ ਸੀ, ਤਾਂ ਮਾਸੀ ਨੇ ਵੀਰੇ ਨੂੰ ਚਿੱਠੀ ਮੇਰੇ ਤੋਂ ਹੀ ਲਿਖਵਾਇਆ ਕਰਨੀ।

ਮੈਂ ਚਿੱਠੀ ਲਿਖਿਆ ਕਰਨੀ, ਸਾਰੇ ਟੱਬਰ ਦਾ ਹਾਲ ਲਿਖ, ਪਿੱਛੇ ਚਾਰ ਕੁ ਸਤਰਾਂ ਆਪਣੀਆਂ ਲਿਖਿਆ ਕਰਨੀਆਂ, ਕਿਉਂਕਿ ਸਾਰੇ ਉਹੀ ਗੱਲ ਲਿਖਵਾਉਂਦੇ ਜਿਹਦੇ ਨਾਲ ਵੀਰ ਨੂੰ ਦੁੱਖ ਨਾ ਹੋਵੇ ਕੋਈ, ਪਰ ਦੇਖਦੀ ਹੁੰਦੀ ਸਾਂ ਕਿ ਮੇਰੀ ਮਾਸੀ ਦੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਹੁੰਦੀਆਂ ਸੈਣ, ਪਰ ਉਹ ਕਹਿੰਦੀ ਕੁਝ ਨਾ। 

ਫਿਰ ਵੀਰੇ ਵੱਲੋਂ ਚਿੱਠੀ ਆਉਣੀ ਉਹ ਵੀ ਮੈਂ ਹੀ ਪੜ੍ਹਿਆ ਕਰਨੀ, ਫਿਰ ਸਾਰਿਆਂ ਨੂੰ ਸੁਣਾਉਣੀ। ਭਾਬੀ ਇੰਗਲੈਂਡ ਦੀ ਜੰਮਪਲ ੳ ਅ ਤੋਂ ਉੱਕਾ ਕੋਰੀ, ਉਹਨੇ ਚਾਰ ਕੁ ਸਤਰਾਂ ਅੰਗਰੇਜ਼ੀ ਦੀਆਂ ਲਿਖਿਆ ਕਰਨੀਆਂ ਫਿਰ ਆਪਾਂ ਉਹਦਾ ਪੰਜਾਬੀ ਤਰਜਮਾ ਕਰਿਆ ਕਰਨਾ।

ਫਿਰ ਵੀਰੇ ਨੇ ਆਉਣਾ ਮਹੀਨੇ ਕੁ ਲਈ ਤਾਂ ਵਿਆਹ ਵਰਗੇ ਚਾਅ ਚੜ੍ਹਨੇ, ਮਾਸੜ ਜੀ ਬਹੁਤ ਪਹਿਲਾਂ ਇਸ ਦੁਨੀਆ ਤੋਂ ਰੁਖ਼ਸਤ ਹੋ ਗਏ ਸੈਣ ਤਾਂ ਕਰਕੇ ਵੀਰੇ ਦੀਆਂ ਬਹੁਤੀਆਂ ਗੱਲਾਂ ਮੇਰੀ ਡੈਡੀ ਨਾਲ ਹੀ ਸਾਂਝੀਆਂ ਹੁੰਦੀਆਂ। 

ਘਰੇ ਕਿ ਚਾਰ ਘਰਾਂ ਤੇ ਰਿਸ਼ਤੇਦਾਰਾਂ ਨੂੰ ਪਹਿਲਾਂ ਹੀ ਪਤਾ ਲੱਗ ਜਾਣਾ ਵੀ ਫਲਾਣੇ ਦਿਨ ਜੱਸੇ ਨੇ ਆ ਜਾਣਾ। ਜਦੋਂ ਤੁਰ ਜਾਣਾ ਉਹਨੇ ਤਾਂ ਉਹੀ ਚਿੱਠੀਆਂ ਦੀਆਂ ਪੀੜਾਂ।

ਮੇਰੇ ਨਾਨਾ ਜੀ ਨੇ ਆਉਣਾ ਤਾਂ ਮਾਸੀ ਆਖਣਾ "ਬਾਪੂ ਜੀ ਨੂੰ ਵੀਰ ਦੀ ਚਿੱਠੀ ਪੜ੍ਹਕੇ ਸੁਣਾ। 

ਗੱਲ ਕੀ ਇੱਕੋ ਚਿੱਠੀ ਪੜ੍ਹ ਸਾਰਿਆਂ ਨੇ ਕਈ-ਕਈ ਵਾਰ ਰੋ ਲੈਣਾ।

ਮੈਂ ਸੋਚਦੀ ਰਹਿੰਦੀ ਸਾਂ ਵੀ ਕੁਝ "ਗੱਲਾਂ ਤਾਂ ਵੀਰੇ ਕੋਲ ਵੀ ਹੋਣਗੀਆਂ ਪੀੜਾਂ ਵਰਗੀਆਂ, ਪਰ ਉਹ ਵੀ ਨੀ ਲਿਖਦਾ ਹੋਣਾ।

ਹੁਣ ਵੀਰਾ ਜਨਵਰੀ ਚ ਫਿਰ ਆਇਆ, ਜਦੋਂ ਤੁਰਨ ਲੱਗਿਆ ਤਾਂ ਮੇਰੀਆਂ ਅੱਖਾਂ ਭਰੀਆਂ ਪਹਿਲੀ ਵਾਰ, ਦੋ ਤਿੰਨ ਵਾਰ ਮੈਨੂੰ ਕਿਹਾ "ਤੂੰ ਤਾਂ ਬਥੇਰਾ ਕੰਮ ਕਰਦੀ 
ਏ ਸਦਾ, ਅਰਾਮ ਕਰ ਲੈ। 

ਮੈਂ ਸੋਚਦੀ ਸਾਂ ਕਿ ਕਦੇ ਪਹਿਲਾਂ ਨੀ ਸੀ ਕਿਹਾ ਇੰਝ ਵੀਰੇ ਨੇ ਮੈਨੂੰ।

ਜਦੋਂ ਵੀਰੇ ਨੇ ਹੱਸਣਾ ਤਾਂ ਮੈਨੂੰ ਬਹੁਤ ਹੀ ਸੋਹਣਾ ਲੱਗਣਾ, ਹੁਣ ਪਤਾ ਨਹੀਂ ਕਿਉਂ ਮੈਂ ਫ਼ੋਟੋਆਂ ਚ ਵੀ ਪੀੜ ਜਿਹੀ ਦੇਖ ਲੈਂਦੀ ਹਾਂ ਉਹਦੇ ਚਿਹਰੇ ਤੇ। ਵੀਰਾ ਤੇ ਮੇਰਾ ਆਪਣਾ ਦੋਵਾਂ ਦਾ ਮੁਹਾਂਦਰਾ ਜਵਾਂ ਮੇਰੇ ਨਾਨਾ ਜੀ ਵਰਗਾ ਏ, ਮੈਂ ਸੋਚਦੀ ਹਾਂ ਪੇਕਿਓਂ ਸਭ ਕੁਝ ਮੁਕਾ ਚੁੱਕੀਆਂ ਮੇਰੀਆਂ ਮਾਸੀਆਂ ਤੇ ਮਾਂ ਨੂੰ ਕਿੰਨੀ ਪੀੜ ਦਿੰਦੇ ਹੋਣਗੇ ਇਹ ਰਲਦੇ ਮੁਹਾਂਦਰੇ ਆਪਣੇ ਪਿਓ ਵਰਗੇ।

ਮਾਸੀ ਨੇ ਜਦੋਂ ਖੋਏ ਦੀਆਂ ਪਿੰਨੀਆਂ ਬਣਾਉਣੀਆਂ ਤਾਂ ਵੀਰੇ ਨੇ ਦਿਨ ਚ ਕਈ-ਕਈ ਲਪੇਟ ਦੇਣੀਆਂ, ਤੇ ਸਾਰਿਆਂ ਨੂੰ ਪਤਾ ਲੱਗਣਾ ਵੀ ਪਿੰਨੀਆਂ ਵਾਲੇ ਭਾਂਡੇ ਦਾ ਥੱਲਾ ਕਿਹਨੇ ਦਿਸਣ ਲਾ ਦਿੱਤਾ। ਸਾਡੇ ਪਿੰਡ ਇੱਕ ਮੁੰਡਾ ਹੁੰਦਾ ਸੀ, ਸੰਤ ਉਹਦਾ ਨਾਂਅ ਸੀ। ਸਾਰਾ ਦਿਨ ਵੀਰੇ ਨੇ ਉਸਦੇ ਨਾਲ ਹੀ ਰਹਿਣਾ। 

ਵੀਰਾ ਜਦੋਂ ਪਹਿਲੀ ਵਾਰ ਇੰਗਲੈਂਡ ਤੋਂ ਆਇਆ ਤਾਂ ਮੈਨੂੰ ਕਹਿੰਦਾ "ਹਾਂ ਵੀ ਪੁੱਤ ਦੱਸ floor ਕਿਹਨੂੰ ਕਹਿੰਦੇ ਨੇ ?

ਮੇਰਾ ਹਾਸਾ ਨਾ ਰੁਕੇ, ਕਹਿੰਦਾ "ਆਉਂਦਾ ਨੀ ਉਂਝ ਆਖ ਹੱਸਣ ਦੀ ਕੀ ਲੋੜ ਏ ?

ਮੈਂ ਕਿਹਾ "ਤੂੰ ਬਾਹਰੋਂ ਆਹੀ ਸਿੱਖ ਕੇ ਆਇਆਂ ?

ਮੁੜ੍ਹਕੇ ਵੀਰੇ ਨੇ ਨੀ ਕੁਝ ਪੁੱਛਿਆ ਮੈਨੂੰ।

ਭਰਾ ਤਾਂ ਭਰਾ ਹੀ ਰਹਿੰਦੇ ਨੇ, ਉਹ ਜਿੰਨਾ ਗੋਦੀ ਚੁੱਕ ਖਿਡਾਇਆ, ਮੋਹ ਦੀਆਂ ਗਲਵੱਕੜੀਆਂ ਜਿੰਨਾ ਨੂੰ ਘੁੱਟ-ਘੁੱਟ ਪਾਈਆਂ, ਬੇਸ਼ੱਕ ਦੂਰ ਨੇ, ਤੁਹਾਡੇ ਦੁੱਖ-ਸੁੱਖ ਨੂੰ ਵੰਡਣ ਜੋਗੇ ਵੀ ਨਾ ਹੋਣ, ਪਰ ਫਿਰ ਵੀ ਲੱਗਦਾ ਵੀ ਮੇਰੇ ਸਾਰੇ ਭਰਾ ਇੱਕ ਵਿਹੜੇ ਚ ਮੁੜ੍ਹਕੇ ਬੈਠਣ ਤੇ ਮਾਂਵਾਂ ਦੀ ਮਿੱਠੀਆਂ ਝਿੜਕਾਂ ਸੁਣ-ਸੁਣ ਨਿਕਲੇ ਉਹ ਚੋਰੀ ਦੇ ਹਾਸੇ ਮੁੜ ਤੋਂ ਸੁਣ ਲਵਾਂ ਮੈਂ।