ਸੁਣਵਾਈ ਨਾ ਹੋਣ ਕਰਕੇ ਆਵਾਜ਼ ਬੰਦ ਰੱਖਣੀ ਹੀ ਸਮਝਦੇ ਹਨ ਭਲਾਈ !!!

Last Updated: Jun 12 2019 16:51
Reading time: 3 mins, 13 secs

ਪਿਛਲੇ ਸਮਿਆਂ ਵਿੱਚ ਜਦੋਂ ਰਾਜਿਆਂ-ਮਹਾਰਾਜਿਆਂ ਦਾ ਰਾਜ ਹੋਇਆ ਕਰਦਾ ਸੀ ਤਾਂ ਜ਼ਿਆਦਾਤਰ ਰਾਜੇ-ਮਹਾਰਾਜੇ ਆਪਣੇ ਖ਼ਾਸਮਖ਼ਾਸ ਦਰਬਾਰੀਆਂ ਦੀ ਹੀ ਸੁਣਦੇ ਸਨ ਤੇ ਉਨ੍ਹਾਂ ਨਾਲ ਹੀ ਸਲਾਹ ਮਸ਼ਵਰਾ ਕਰਦੇ ਸਨ। ਭਾਵੇਂ ਕਿ ਉਸ ਵੇਲੇ ਵੀ ਰਾਜਿਆਂ-ਮਹਾਰਾਜਿਆਂ ਦੇ ਦਰਬਾਰ ਵਿੱਚ ਦਰਬਾਰੀਆਂ ਦੀ ਵੱਡੀ ਫ਼ੌਜ ਹੋਇਆ ਕਰਦੀ ਸੀ ਪਰ ਦੋ-ਚਾਰਾਂ ਨੂੰ ਛੱਡ ਕੇ ਬਾਕੀ ਸਿਰਫ਼ ਖਾਨਾਪੂਰਤੀ ਵਾਸਤੇ ਹੀ ਹੋਇਆ ਕਰਦੇ ਸਨ ਤੇ ਅਜਿਹੇ ਦਰਬਾਰੀਆਂ ਦੀ ਉਸ ਸਮੇਂ ਦੇ ਪ੍ਰਸ਼ਾਸਨਿਕ ਅਧਿਕਾਰੀ ਵੀ ਪ੍ਰਵਾਹ ਨਹੀਂ ਸਨ ਕਰਦੇ। ਰਾਜਿਆਂ-ਮਹਾਰਾਜਿਆਂ ਦਾ ਯੁੱਗ ਤਾਂ ਭਾਵੇਂ ਬੀਤ ਗਿਆ ਹੈ ਤੇ ਅਜੋਕੇ ਸਮੇਂ ਵਿੱਚ ਜਿੱਥੇ ਕਿਹਾ ਜਾ ਰਿਹਾ ਹੈ ਕਿ ਲੋਕਤੰਤਰ ਦਾ ਰਾਜ ਹੈ ਜਿਸ ਵਿੱਚ ਲੋਕਾਂ ਵੱਲੋਂ ਚੁਣੇ ਹੋਏ ਨੁਮਾਇੰਦਿਆਂ ਦਾ ਮੰਤਰੀ ਮੰਡਲ ਬਣਦਾ ਹੈ ਤੇ ਇੱਕ ਪ੍ਰਮੁੱਖ ਮੰਤਰੀ ਬਣਾਇਆ ਜਾਂਦਾ ਹੈ ਜਿਸ ਨੂੰ ਰਾਜ ਸਰਕਾਰਾਂ ਵਿੱਚ ਮੁੱਖ ਮੰਤਰੀ ਤੇ ਕੇਂਦਰ ਸਰਕਾਰ ਵਿੱਚ ਪ੍ਰਧਾਨ ਮੰਤਰੀ ਕਿਹਾ ਜਾਂਦਾ ਹੈ। ਇਸ ਵੇਲੇ ਵੀ ਜੇਕਰ ਅਜੋਕੇ ਰਾਜ ਪ੍ਰਬੰਧਾਂ ਤੇ ਝਾਤ ਮਾਰੀਏ ਤਾਂ ਭਾਵੇਂ ਲੋਕਤਾਂਤਰਿਕ ਪ੍ਰਣਾਲੀ ਨਾਲ ਬਣਿਆਂ ਰਾਜ ਪ੍ਰਬੰਧ ਕਿਹਾ ਜਾ ਰਿਹਾ ਹੈ ਪਰ ਇਸ ਵੇਲੇ ਵੀ ਮੌਜੂਦਾ ਪ੍ਰਮੁੱਖ ਮੰਤਰੀ ਵੱਲੋਂ ਆਪਣੇ ਚੰਦ ਕੁ ਖ਼ਾਸਮਖ਼ਾਸ ਦਰਬਾਰੀਆਂ ਦੀ ਹੀ ਸੁਣਵਾਈ ਕੀਤੀ ਜਾਂਦੀ ਹੈ ਤੇ ਉਨ੍ਹਾਂ ਨਾਲ ਹੀ ਸਲਾਹ ਮਸ਼ਵਰਾ ਕਰਕੇ ਰਾਜ ਪ੍ਰਬੰਧ ਚਲਾਇਆ ਜਾ ਰਿਹਾ ਹੈ।

ਜਾਣਕਾਰੀ ਮੁਤਾਬਿਕ ਪ੍ਰਸ਼ਾਸਨਿਕ ਅਧਿਕਾਰੀ ਵੀ ਸਿੱਧੇ ਪ੍ਰਮੁੱਖ ਮੰਤਰੀ ਦੇ ਸੰਪਰਕ ਵਿੱਚ ਰਹਿੰਦੇ ਹਨ ਤੇ ਜੋ ਹੋਰ ਦਰਬਾਰੀਆਂ ਦੀ ਵੀ ਪ੍ਰਵਾਹ ਨਹੀਂ ਕਰ ਰਹੇ। ਜਾਣਕਾਰੀ ਮਿਲੀ ਹੈ ਕਿ ਇਸ ਵੇਲੇ ਪੰਜਾਬ ਵਿੱਚ ਮੁੜ ਰਜਵਾੜਾਸ਼ਾਹੀ ਨੀਤੀਆਂ ਪ੍ਰਦਾਨ ਹੋਈਆਂ ਪਈਆਂ ਹਨ ਤੇ ਮੀਡੀਆ ਵਿੱਚ ਪਿਛਲੇ ਦਿਨਾਂ ਤੋਂ ਆ ਰਹੀਆਂ ਖ਼ਬਰਾਂ ਮੁਤਾਬਿਕ ਇਸ ਵੇਲੇ ਵੀ ਕਈ ਦਰਬਾਰੀ ਅਜਿਹੇ ਹਨ ਜਿਨ੍ਹਾਂ ਦੀ ਪ੍ਰਸ਼ਾਸਨਿਕ ਅਧਿਕਾਰੀ ਪ੍ਰਵਾਹ ਨਹੀਂ ਕਰ ਰਹੇ ਤੇ ਉਹ ਆਪਣਾ ਰੌਣਾ ਜਨਤਕ ਤੌਰ ਤੇ ਵੀ ਮੀਡੀਆ ਵਿੱਚ ਸੁਣਾ ਚੁੱਕੇ ਹਨ ਪਰ ਕੋਈ ਅਸਰ ਨਹੀਂ ਹੈ। ਜਾਣਕਾਰੀ ਮੁਤਾਬਿਕ ਇਸ ਵੇਲੇ ਚੰਦ ਕੁ ਵਜ਼ੀਰਾਂ ਅਤੇ ਹੋਰ ਆਪਣੇ ਖਾਸਮਖਾਸਾਂ ਤੋਂ ਇਲਾਵਾ ਕਿਸੇ ਦੀ ਸੁਣਵਾਈ ਭੌਰਾ ਜਿੰਨੀ ਵੀ ਨਹੀਂ ਹੋ ਰਹੀ ਦੱਸੀ ਜਾ ਰਹੀ। ਲੋਕਾਂ ਵੱਲੋਂ ਚੁਣੇ ਇੱਕ ਹਲਕੇ ਦੇ ਨੁਮਾਇੰਦੇ ਨੇ ਗੱਲਬਾਤ ਕਰਦਿਆਂ ਜਿੱਥੇ ਆਪਣਾ ਕਾਫੀ ਢਿੱਡ ਫਰੋਲਿਆ ਉੱਥੇ ਮੌਜੂਦਾ ਸਰਕਾਰ ਦੇ ਕੰਮ ਕਰਨ ਦੇ ਢੰਗ ਤਰੀਕਿਆਂ ਤੇ ਵੀ ਕਿੰਤੂ-ਪਰੰਤੂ ਕਰਦਿਆਂ ਇੱਥੋਂ ਤੱਕ ਕਹਿ ਦਿੱਤਾ ਕਿ ਸਰਕਾਰ ਵਿੱਚ ਸਾਡੀ ਸੁਣਵਾਈ ਨਹੀਂ ਹੋ ਰਹੀ, ਪਾਰਟੀ ਵਰਕਰਾਂ ਦੀ ਕੋਈ ਪੁੱਛ ਪ੍ਰਤੀਤ ਨਹੀਂ ਹੈ, ਸਾਨੂੰ ਵਿਧਾਇਕਾਂ ਨੂੰ ਕੋਈ ਨਹੀਂ ਮਿਲਦਾ, ਆਮ ਜਨਤਾ ਨੂੰ ਮਿਲਣ ਦੀ ਤਾਂ ਗੱਲ ਦੁਰ ਦੀ ਹੈ। ਉਸ ਵਿਧਾਇਕ ਨੇ ਬੜੇ ਹੀ ਤਰਸਯੋਗ ਸਥਿਤੀ ਵਿੱਚ ਆਪਣੀ ਵਿਥਿਆ ਸੁਣਾਉਂਦਿਆਂ ਕਿਹਾ ਕਿ ਕੋਈ ਹੱਜ ਨਹੀਂ ਹੈ, ਕਈ-ਕਈ ਦਿਨਾਂ ਤੱਕ ਤਾਂ ਸਾਡੇ ਨਾਲ ਮੁੱਖ ਮੰਤਰੀ ਸਾਬ ਦੀ ਮੁਲਾਕਾਤ ਨਹੀਂ ਹੁੰਦੀ ਤੇ ਨਾ ਹੀ ਸਾਨੂੰ ਮਿਲਣ ਦਾ ਟਾਈਮ ਮਿਲਦਾ ਹੈ ਜੋ ਕਿ ਨਹੀਂ ਹੋਣਾ ਚਾਹੀਦਾ।

ਉਸ ਵਿਧਾਇਕ ਨੇ ਕਿਹਾ ਕਿ ਚਾਹੀਦਾ ਤਾਂ ਇਹ ਹੈ ਕਿ ਹਰ ਵਿਧਾਇਕ ਨੂੰ ਘੱਟੋ ਘੱਟ ਇੱਕ ਹਫ਼ਤੇ ਵਿੱਚ ਇੱਕ ਵਾਰ ਤਾਂ ਮੁੱਖ ਮੰਤਰੀ ਸਾਹਿਬ ਨੂੰ ਮਿਲਣਾ ਚਾਹੀਦਾ ਹੈ ਤੇ ਹਲਕੇ ਦੀਆਂ ਮੁਸ਼ਕਿਲਾਂ ਸਬੰਧੀ ਪੁੱਛਣਾ ਚਾਹੀਦਾ ਹੈ ਤੇ ਹੱਲ ਕੱਢਣਾ ਚਾਹੀਦਾ ਹੈ ਪਰ ਅਫ਼ਸੋਸ ਸਾਡੀ ਕੋਈ ਸੁਣਦਾ ਗਿਣਦਾ ਹੀ ਨਹੀਂ ਹੈ। ਲੋਕੀ ਸਮਝਦੇ ਹਨ ਕਿ ਸਾਡੀ ਸਰਕਾਰ ਅਤੇ ਚੰਡੀਗੜ੍ਹ ਵਿੱਚ ਬਹੁਤ ਜ਼ਿਆਦਾ ਚੱਲਦੀ ਹੈ ਪਰ ਸਾਨੂੰ ਹੀ ਪਤਾ ਹੈ ਕਿ 'ਕੀ ਭਾਅ ਵਿਕ ਰਹੀ ਹੈ', ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਹੀ ਚੱਲਦਾ ਰਿਹਾ ਤਾਂ ਲੋਕਾਂ ਵਿੱਚ ਜਾਣਾ ਮੁਸ਼ਕਿਲ ਹੋ ਜਾਵੇਗਾ ਕਿਉਂਕਿ ਪ੍ਰਸ਼ਾਸਨਿਕ ਅਧਿਕਾਰੀ ਵਿਧਾਇਕ ਹੋਣ ਦੇ ਨਾਤੇ ਤਾਂ ਸੁਣਵਾਈ ਨਹੀਂ ਕਰਦੇ ਆਪਣੇ ਨਿਜੀ ਸਬੰਧਾਂ ਕਰਕੇ ਥੋੜ੍ਹਾ ਬਹੁਤਾ ਕੰਮਕਾਰ ਕਰੀ ਜਾਂਦੇ ਹਨ ਤਾਂ ਜੋ ਲੋਕਾਂ ਵਿੱਚ ਭਰਮ ਭਾਅ ਬਣਿਆ ਰਹਿ ਸਕੇ। ਉਨ੍ਹਾਂ ਦੱਸਿਆ ਕਿ ਜੇਕਰ ਪਾਰਟੀ ਹਾਈਕਮਾਨ ਕੋਲ ਵੀ ਫ਼ਰਿਆਦ ਕੀਤੀ ਜਾਵੇ ਤਾਂ ਵੀ ਸੁਣਵਾਈ ਨਹੀਂ ਹੁੰਦੀ ਜਿਸ ਕਰਕੇ ਮਜਬੂਰੀ ਵੱਸ ਮੂੰਹ ਬੰਦ ਹੀ ਰੱਖਣਾ ਪੈਂਦਾ ਹੈ ਤੇ ਦੜ ਵੱਟ ਜ਼ਮਾਨਾ ਕੱਟ ਭਲੇ ਦਿਨ ਆਵਣਗੇ ਤੇ ਅਖਾਣ ਨੂੰ ਜ਼ਿੰਦਗੀ ਵਿੱਚ ਅਪਲਾਈ ਕਰਕੇ ਬੈਠੇ ਹੋਏ ਹਾਂ। ਅਜਿਹੇ ਵਿੱਚ ਜੇਕਰ ਇੱਕ ਵਿਧਾਇਕ ਜਾਂ ਮੰਤਰੀ ਦੀ ਪੁੱਛ ਪ੍ਰਤੀਤ ਨਹੀਂ ਹੋ ਰਹੀ ਹੈ ਤਾਂ ਆਮ ਜਨਤਾ ਦਾ ਤਾਂ ਰੱਬ ਰਾਖਾ ਹੈ। ਜ਼ਿਕਰਯੋਗ ਹੈ ਕਿ ਜਦੋਂ ਦੀ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਨੇ ਸੱਤਾ ਸੰਭਾਲੀ ਹੈ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਣੇ ਹਨ ਅਜਿਹਾ ਕੁਝ ਆਮ ਹੀ ਕਾਂਗਰਸੀ ਵਰਕਰਾਂ, ਵਿਧਾਇਕਾਂ, ਮੰਤਰੀਆਂ ਆਦਿ ਵੱਲੋਂ ਸੁਣਨ ਨੂੰ ਮਿਲਦਾ ਰਹਿੰਦਾ ਹੈ ਪਰ ਇਸ ਦੇ ਬਾਵਜੂਦ ਵੀ ਕਾਰਜਸ਼ੈਲੀ ਵਿੱਚ ਕੋਈ ਜ਼ਿਆਦਾ ਬਦਲਾਅ ਦਿਖਾਈ ਨਹੀਂ ਦੇ ਰਿਹਾ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।